ਨਵੀਂ ਦਿੱਲੀ – ਦੇਸ਼ ਵਿੱਚ ਜੇ ਸੱਭ ਤੋਂ ਸਸਤਾ ਅਤੇ ਉਚ ਕਵਾਲਿਟੀ ਦਾ ਭੋਜਨ ਖਾਣਾ ਹੋਵੇ ਤਾਂ ਉਹ ਹੈ ਦਿੱਲੀ ਵਿੱਚ ਸੰਸਦ ਦੀ ਕੈਨਟੀਨ। ਇੱਥੇ ਬਾਜ਼ਾਰ ਭਾਵ ਤੋਂ ਦਸ ਗੁਣਾਂ ਸਸਤੇ ਰੇਟ ਤੇ ਸਵਾਦਿਸ਼ਟ ਪਕਵਾਨ ਮਿਲਦੇ ਹਨ ਅਤੇ ਇਸ ਦੀ ਵਜ੍ਹਾ ਹੈ, ਕੈਨਟੀਨ ਨੂੰ ਮਿਲ ਰਹੀ ਸਬਸਿੱਡੀ।
ਇੱਕ ਆਰਟੀਆਈ ਵਿੱਚ ਇਸ ਦਾ ਖੁਲਾਸਾ ਹੋਇਆ ਹੈ ਕਿ ਪਿੱਛਲੇ ਪੰਜ ਸਾਲਾਂ ਵਿੱਚ ਸੰਸਦ ਮੈਂਬਰਾਂ ਦੀ ਥਾਲੀ ਤੇ 60 ਕਰੋੜ ਦੀ ਸਬਸਿੱਡੀ ਦਿੱਤੀ ਜਾ ਚੁੱਕੀ ਹੈ। ਸੰਸਦ ਦੀ ਕੈਨਟੀਨ ਵਿੱਚ ਖਾਣ-ਪੀਣ ਤੇ ਇੱਕ ਸਾਲ ਵਿੱਚ 14 ਕਰੋੜ ਰੁਪੈ ਤੋਂ ਵੀ ਵੱਧ ਦੀ ਸਬਸਿੱਡੀ ਦਿੱਤੀ ਜਾ ਰਹੀ ਹੈ। ਜਨਤਾ ਦੇ ਪੈਸੇ ਤੋਂ ਉਚੀਆਂ ਤਨਖਾਹਾਂ, ਭੱਤੇ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਫਿਸ਼ ਫਰਾਈ ਅਤੇ ਚਿਪਸ 25 ਰੁਪੈ ਵਿੱਚ, ਮਟਨ ਕਟਲੇਟ 18 ਰੁਪੈ, ਸਬਜ਼ੀਆਂ 5 ਰੁਪੈ ਵਿੱਚ, ਮਸਾਲਾ ਡੋਸਾ 6 ਰੁਪੈ ਵਿੱਚ ਅਤੇ ਮਟਨ ਕਰੀ 20 ਰੁਪੈ ਵਿੱਚ ਮਿਲਦੇ ਹਨ।
ਇਨ੍ਹਾਂ ਦੀਆਂ ਕੀਮਤਾਂ ਵਿੱਚ ਕਰਮਵਾਰ 63 ਫੀਸਦੀ, 65 ਫੀਸਦੀ, 83 ਫੀਸਦੀ, 75 ਫੀਸਦੀ ਅਤੇ 67 ਫੀਸਦੀ ਦੀ ਸਬਸਿੱਡੀ ਹੈ। 2010 ਤੋਂ ਲੈ ਕੇ 2015 ਦੇ ਮੇਨਯੂ ਦੀ ਦਰ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਇਸ ਕੈਨਟੀਨ ਵਿੱਚ ਕੋਈ ਵੀ ਅਜਿਹਾ ਪਕਵਾਨ ਨਹੀਂ ਹੈ ਜੋ ਸਹੀ ਲਾਗਤ ਤੇ ਪਰੋਸਿਆ ਜਾਂਦਾ ਹੋਵੇ।