ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਅਕਾਲ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਕਮੇਟੀ ਦੀ ਹੋਈ ਮੀਟਿੰਗ ਦਾ ਕੜਾ ਨੋਟਿਸ ਲੈਂਦਿਆ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਰ.ਐਸ.ਐਸ. ਦੇ ਕੋਲ ਗਹਿਣੇ ਰੱਖ ਦਿੱਤਾ ਹੈ ਅਤੇ ਚੁਣੇ ਹੋਏ ਦੱਖਣੀ ਸਿੱਖਾਂ ਨੂੰ ਪੂਰੀ ਤਰ੍ਹਾਂ ਅੱਖੋ ਪਰੋਖੇ ਕਰਕੇ ਉਹਨਾਂ ਵਿਅਕਤੀਆ ਨੂੰ ਕਮੇਟੀ ਵਿੱਚ ਉੱਚੀਆ ਆਹੁਦੇਦਾਰੀਆਂ ਦੇ ਕੇ ਨਿਵਾਜਿਆ ਹੈ ਜਿਹੜੇ ਆਰ.ਐਸ. ਐਸ. ਦੀ ਡੱਫਲੀ ਵਜਾਉਣ ਦੇ ਪੂਰੀ ਤਰ੍ਹਾਂ ਸਮੱਰਥ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਤਖਤ ਸ੍ਰੀ ਹਜੂਰ ਸਾਹਿਬ ਸਿੱਖਾਂ ਦਾ ਚੌਥਾ ਵੱਡਾ ਤਖਤ ਹੈ ਜਿਸ ਦੀ ਸਹਿਮਤੀ ਨਾਲ ਹੀ ਪੰਥਕ ਫੈਸਲੇ ਲਏ ਜਾਂਦੇ ਹਨ ਪਰ ਜਿਸ ਤਰੀਕੇ ਨਾਲ ਬਾਦਲ ਨੇ ਤਾਰਾ ਸਿੰਘ ਨੂੰ ਕਮੇਟੀ ਦਾ ਪ੍ਰਧਾਨ ਤਸਲੀਮ ਕਰਕੇ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਪੂਰੀ ਤਰ੍ਹਾਂ ਆਰ.ਐਸ.ਐਸ. ਦੀ ਝੋਲੀ ਵਿੱਚ ਪਾ ਦਿੱਤਾ ਹੈ ਉਸ ਨਾਲ ਉਸ ਤਖਤ ਤੋ ਹੁਣ ਪੰਥਕ ਫੈਸਲੇ ਲਏ ਜਾਣ ਦੀ ਧਾਰਨਾ ਖਤਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਅਨੁਸਾਰ ਚੁਣੇ ਹੋਏ ਮੈਂਬਰਾਂ ਨੂੰ ਕਮੇਟੀ ਵਿੱਚ ਆਹੁਦੇਦਾਰੀਆ ਦੇਣ ਦੀ ਬਜਾਏ ਉਹਨਾਂ ਨਾਮਜਦ ਮੈਂਬਰਾਂ ਨੂੰ ਆਹੁਦੇਦਾਰੀਆ ਦਿੱਤੀਆ ਗਈਆ ਹਨ ਜਿਹੜੇ ਆਰ।ਐਸ।ਐਸ ਨੇ ਭੇਜੇ ਹਨ ਤੇ ਇਹਨਾਂ ਵਿਅਕਤੀਆ ਨੂੰ ਗੁਰਮਤਿ ਤੇ ਪੰਥਕ ਮਰਿਆਦਾ ਦਾ ਕੋਈ ਗਿਆਨ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਮੀਟਿੰਗ ਵਿੱਚ ਸ਼ਮੂਲੀਅਤ ਨਾ ਕਰਕੇ ਤਾਰਾ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦਾ ਆਪਣਾ ਰੋਸ ਪ੍ਰਗਟ ਕੀਤਾ ਹੈ ਪਰ ਬਾਕੀ ਤਿੰਨ ਬਾਦਲ ਦਲ ਦੇ ਮੈਂਬਰਾਂ ਨੇ ਸ਼ਮੂਲੀਅਤ ਕਰਕੇ ਤਾਰਾ ਸਿੰਘ ਦੀ ਪ੍ਰਧਾਨਗੀ ਤੇ ਮੋਹਰ ਲਗਾ ਦਿੱਤੀ ਹੈ ਅਤੇ ਇਹ ਸਭ ਕੁਝ ਬਾਦਲ ਦੇ ਇਸ਼ਾਰਿਆ ‘ਤੇ ਹੀ ਹੋਇਆ ਹੈ। ਉਹਨਾਂ ਕਿਹਾ ਕਿ ਮੱਕੜ ਇਸ ਵੇਲੇ ਬਾਦਲ ਦੀ ਅੱਖ ਵਿੱਚ ਪੂਰੀ ਤਰ੍ਹਾਂ ਰੜਕ ਰਿਹਾ ਹੈ ਕਿਉਂਕਿ ਉਸ ਨੇ ਅਨੰਦਪੁਰ ਸਾਹਿਬ ਵਿਖੇ ਵੀ ਮਨਾਏ ਗਏ ਸਥਾਪਨਾ ਦਿਵਸ ਦੇ ਮੌਕੇ ਲਗਾਈ ਗਈ ਸਟੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤੇ ਜਾਣ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਬਾਦਲਾਂ ਨੂੰ ਕਹਿ ਦਿੱਤਾ ਸੀ ਕਿ ਜੇਕਰ ਗੁਰੂ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਤਾਂ ਉਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗਾ ਜਿਸ ਕਰਕੇ ਬਾਦਲਾਂ ਦੀ ਪ੍ਰਕਾਸ਼ ਕਰਨ ਦੀ ਮਜਬੂਰੀ ਬਣ ਗਈ ਸੀ।
ਉਹਨਾਂ ਕਿਹਾ ਕਿ ਬਾਦਲਾਂ ਨੇ ਪਟਨਾ ਸਾਹਿਬ ਕਮੇਟੀ ਤੇ ਵੀ ਤਖਤ ਸਾਹਿਬ ਦਾ ਜਥੇਦਾਰ ਉਸ ਵਿਅਕਤੀ ਨੂੰ ਮੁੜ ਥਾਪ ਦਿੱਤਾ ਹੈ ਜਿਹੜਾ ਆਰ.ਐਸ.ਐਸ. ਦੀਆ ਸਟੇਜਾਂ ਤੇ ਜਾ ਕੇ ਟਿੱਕੇ ਵੀ ਲਗਵਾਉਦਾ ਹੈ ਤੇ ਪੰਥਕ ਏਜੰਡੇ ਦੀ ਬਜਾਏ ਆਰ.ਐਸ.ਐਸ. ਦੇ ਏਜੰਡੇ ਦੀ ਪੁਸ਼ਤਪਨਾਹੀ ਵੀ ਕਰਦਾ ਹੈ। ਉਹਨਾਂ ਕਿਹਾ ਕਿ ਜਿਸ ਵਿਅਕਤੀ ਤੇ ਭ੍ਰਿਸ਼ਟਾਚਾਰ ਤੇ ਚਰਿੱਤਰਹੀਣਤਾ ਦੇ ਦੋਸ਼ ਲੱਗੇ ਹੋਣ ਉਸ ਵਿਅਕਤੀ ਨੂੰ ਤਖਤ ਸਾਹਿਬ ਦਾ ਜਥੇਦਾਰ ਥਾਪਣਾ ਸਪੱਸ਼ਟ ਕਰਦਾ ਹੈ ਕਿ ਬਾਦਲਾਂ ਨੇ ਇਹ ਨਿਯੁਕਤੀ ਵੀ ਆਰ।ਐਸ।ਐਸ ਦੇ ਇਸ਼ਾਰਿਆਂ ਤੇ ਉਸ ਦੀ ਖੁਸ਼ਨੰਦੀ ਹਾਸਲ ਕਰਨ ਲਈ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ਰੋਮਣੀ ਕਮੇਟੀ ਸਮੇਤ ਸਾਰੀਆਂ ਪ੍ਰਬੰਧਕ ਕਮੇਟੀਆਂ ਆਰ.ਐਸ.ਐਸ. ਦੇ ਅਧੀਨ ਹੋਣਗੀਆ ਤੇ ਤਾਰਾ ਸਿੰਘ ਵਰਗੇ ਮੂਰਤੀ ਪੂਜਕ ਤਖਤ ਸਾਹਿਬਾਨ ਦੇ ਜਥੇਦਾਰ ਹੋਣਗੇ।