ਨਵੀਂ ਦਿੱਲੀ:- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਗੁਰੁੂ ਤੇਗ ਬਹਾਦਰ ਇੰਸਟੀਚਿਯੂਟ ਆਫ ਟੈਕਨੋਲਜੀ ਦੇ ਚੇਅਰਮੈਨ ਵਜੋਂ ਅੱਜ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਚੇਅਰਮੈਨ ਅਤੇ ਮੈਨੇਜਰ ਵੱਜੋਂ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਰਨਲ ਜਸਪ੍ਰੀਤ ਸਿੰਘ ਵਿੱਕੀ ਮਾਨ ਨੂੰ ਅਹੁਦਾ ਸੰਭਲਵਾਇਆ। ਹਿੱਤ ਨੂੰ ਟਕਸਾਲੀ ਆਗੂ ਦੱਸਦੇ ਹੋਏ ਬਾਦਲ ਨੇ ਪਾਰਟੀ ਵਾਸਤੇ ਹਿੱਤ ਵੱਲੋਂ ਵਫਾਦਾਰੀ ਨਾਲ ਕੀਤੇ ਗਏ ਕਾਰਜਾਂ ਤੇ ਵੀ ਰੋਸਨੀ ਪਾਈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ‘ਚ ਕੀਤੇ ਜਾ ਰਹੇ ਉਸਾਰੂ ਕਾਰਜਾਂ ਦੀ ਵੀ ਬਾਦਲ ਨੇ ਸ਼ਲਾਘਾ ਕੀਤੀ।
ਦਿੱਲੀ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ ਕੀਤੀ ਜਾ ਰਹੀ ਕਾਨੂੰਨੀ ਅਤੇ ਰਣਨਿਤਕ ਚਾਰਾਜੋਹੀ ਨੂੰ ਕੌਮ ਦੀ ਲੜਾਈ ਦਾ ਪ੍ਰਤੀਕ ਦੱਸਦੇ ਹੋਏ ਬਾਦਲ ਨੇ ਕਮੇਟੀ ਦੇ ਵਿਦਿਅਕ ਅਦਾਰਿਆਂ ‘ਚ ਸਿੱਖਿਆ ਦੇ ਮਿਆਰ ਦੇ ਨਵੇਂ ਸ਼ਿਖਰਾਂ ਨੂੰ ਛੋਹਨ ਦਾ ਵੀ ਹਵਾਲਾ ਦਿੱਤਾ। ਜੀ.ਕੇ. ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ ਵੱਲੋਂ ਬਾਦਲ ਨੂੰ ਫੂੱਲਾ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ ਗਿਆ। ਸਿਰਸਾ ਨੇ ਮੌਕੇ ‘ਤੇ ਮੌਜੂਦ ਸਮੂਹ ਮੈਂਬਰਾਂ ਦੀ ਮਿਲਨੀ ਬਾਦਲ ਨਾਲ ਕਰਵਾਈ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਅਤੇ ਅਦਾਰੇ ਦੀ ਡਾਇਰੈਕਟਰ ਰੋਮਿੰਦਰ ਕੌਰ ਰੰਧਾਵਾ ਵੱਲੋਂ ਬਾਦਲ ਨੂੰ ਇਸ ਮੌਕੇ ਯਾਦਗਾਰੀ ਚਿਨ੍ਹ ਵੀ ਭੇਂਟ ਕੀਤਾ ਗਿਆ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ, ਹਰਦੇਵ ਸਿੰਘ ਧਨੋਆ, ਜਤਿੰਦਰਪਾਲ ਸਿੰਘ ਗੋਲਡੀ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਮੀਤਾ, ਰਵੇਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਮਠਾਰੂ ਮੌਜੂਦ ਸਨ।