ਇੰਗਲੈਂਡ ਦੀ ਸਹਿਜਾਦੀ ਡਾਇਨਾਂ ਦੇ ਜੀਵਨ ਦੇ ਅਧਾਰ ਤੇ ਉੱਥੋਂ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਵੱਲੋ ਲਿਖੀ ਬੇਬਾਕ ਵੱਡ ਅਕਾਰੀ ਕਿਤਾਬ ਅੱਗ ਦੀ ਲਾਟ ਛਪੀ ਹੈ ਜਿਸਨੂੰ ਪੜਦਿਆਂ ਹੋਇਆਂ ਪਾਠਕ ਵਿਦੇਸੀ ਰਾਜਿਆ ਮਹਾਰਾਜਿਆਂ ਦੇ ਜੀਵਨ ਚਰਿੱਤਰ ਦੇ ਚੰਗੇ ਮਾੜੇ ਪਹਿਲੂਆਂ ਅਤੇ ਸਭਿਆਚਾਰ ਦੀ ਪੂਰੀ ਯਾਤਰਾ ਕਰ ਲੈਂਦਾ ਹੈ। ਇਹ ਨਾਵਲ ਦੇ ਰੂਪ ਵਿੱਚ ਵੱਖੋ ਵੱਖਰੇ ਬੱਤੀ ਸਿਰਲੇਖਾਂ ਅਧੀਨ ਲਿਖੇ ਹੋਏ ਲੇਖਾਂ ਦਾ ਸੰਗਰਹਿ ਹੈ। ਸਹਿਜਾਦੀ ਡਾਇਨਾਂ ਦੇ ਪਿਆਰ ਚੱਕਰਾਂ ਵਿੱਚ ਪਏ ਹੋਏ ਚਰਚਿਤ ਰਹੇ ਅਸਲੀ ਪਰੇਮੀ ਮੇਜਰ ਜੇਮਜ ਹਿਊਵਟ ਵਾਲੇ ਪਾਤਰ ਦੇ ਮੁੱਖ ਤੋਂ ਹੀ ਲੇਖਕ ਨੇ ਸਭ ਕੁੱਝ ਬੁਲਵਾਇਆਂ ਹੈ ਜਿਸ ਨਾਲ ਲੇਖਕ ਇਸਨੂੰ ਇਤਿਹਾਸਕ ਸੱਚਾਈ ਦੇ ਨੇੜੇ ਲੈਕੇ ਜਾਣ ਦੀ ਕੋਸਿਸ ਕਰਦਾ ਹੈ। ਦੂਰ ਦੇਸ ਆਮ ਪੰਜਾਬੀਆਂ ਦੀ ਪਹੁੰਚ ਤੋਂ ਬਾਹਰ ਅਮੀਰ . ਅੰਗਰੇਜ ਲੋਕਾਂ ਦੇ ਸਭਿਆਚਾਰ ਨੂੰ ਪੇਸ ਕਰਦੀ ਇਹ ਕਹਾਣੀ ਪੰਜਾਬੀ ਪਾਠਕ ਨੂੰ ਇੱਕ ਨਵੀਂ ਕਿਸਮ ਦੀ ਦੁਨੀਆਂ ਦੀ ਸੈਰ ਕਰਵਾ ਦਿੰਦੀ ਹੈ। ਆਮ ਪਾਠਕ ਦਾ ਇਹੋ ਜਿਹੀ ਅੱਯਾਸ ਜਿੰਦਗੀ ਨਾਲ ਵਾਹ ਨਾਂ ਹੋਣ ਕਰਕੇ ਅਮੀਰਾਂ ਦੇ ਬਦਚਲਣ ਸਭਿਆਚਾਰ ਨੂੰ ਪੜਦਿਆਂ ਹੋਇਆਂ ਹੈਰਾਨੀ ਦੇ ਸਮੁੰਦਰ ਵਿੱਚ ਕਈ ਵਾਰ ਡੁਬਦਾ ਹੈ। ਲੇਖਕ ਦੇ ਵੱਲੋਂ ਵਿਦੇਸੀ ਸਭਿਆਚਾਰ ਦੇ ਨਾਲ ਸਿੰਗਾਰੀ ਕਿਤਾਬ ਪੰਜਾਬੀ ਪਾਠਕਾਂ ਨੂੰ ਦੇਕੇ ਪੰਜਾਬੀ ਪੁਸਤਕ ਸਭਿਆਚਾਰ ਵਿੱਚ ਇੱਕ ਨਵੀਂ ਤਰਾਂ ਦਾ ਇਤਿਹਾਸਕ ਪਾਤਰਾਂ ਤੇ ਲਿਖਣ ਦਾ ਆਪਣਾਂ ਵਿਸੇਸ ਅੰਦਾਜ ਦੀ ਇਹ ਨਵੀਂ ਕਿਤਾਬ ਦੇਕੇ ਆਪਣਾਂ ਵਿਲੱਖਣ ਅੰਦਾਜ ਸਥਾਪਤ ਕੀਤਾ ਹੈ । ਪੰਜਾਬੀ ਲੇਖਕਾਂ ਨੇ ਵਿਦੇਸੀ ਸਭਿਆਚਾਰਾਂ ਨੂੰ ਪੇਸ ਕਰਦੀਆਂ ਬਹੁਤ ਸਾਰੀਆਂ ਅਨੁਵਾਦਤ ਕਿਤਾਬਾਂ ਤਾਂ ਜਰੂਰ ਦਿੱਤੀਆਂ ਹਨ ਪਰ ਬਲਰਾਜ ਸਿੱਧੂ ਵਾਂਗ ਆਮ ਪੰਜਾਬੀ ਬੋਲੀ ਵਿੱਚ ਆਪ ਲਿਖਕੇ ਪੇਸ ਕਰਨ ਦਾ ਮਾਣ ਸਿਰਫ ਇਸ ਲੇਖਕ ਨੂੰ ਜਾਂਦਾ ਹੈ। ਇਤਿਹਾਸ ਵਰਗੇ ਬੋਰਿੰਗ ਸਬਜੈਕਟ ਨੂੰ ਦਿਲਚਸਪ ਬਣਾ ਕਿ ਪੇਸ਼ ਕਰਨ ਦਾ ਲੇਖਕ ਕੋਲ ਕਮਾਲ ਦਾ ਹੁਨਰ ਹੈ। ਇਸ ਲੇਖਕ ਦੀਆਂ ਪਹਿਲੀਆਂ ਕਿਤਾਬਾਂ ਮੋਰਾਂ ਦਾ ਮਹਾਰਾਜਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਅਤੇ ਮਸਤਾਨੀ ਨਾਂ ਦੀ ਕਿਤਾਬ ਮੱਧ ਭਾਰਤ ਦੇ ਰਾਜਿਆਂ ਦੇ ਜੀਵਨ ਚਰਿੱਤਰ ਨੂੰ ਚਿਤਰਦੀ ਹੋਈਆਂ ਲੇਖਕ ਦੇ ਇਤਿਹਾਸ ਨੂੰ ਤੀਜੀ ਅੱਖ ਨਾਲ ਦੇਖਣ ਦੀ ਸਕਤੀ ਦਾ ਪਰਗਟਾਵਾ ਕਰਦੀਆਂ ਹਨ ਅਤੇ ਇਹ ਤੀਸਰੀ ਕਿਤਾਬ ਅੱਗ ਦੀ ਲਾਟ ਨੇ ਲੇਖਕ ਦੇ ਅੰਤਰ ਰਾਸਟਰੀ ਇਤਿਹਾਸ ਦੇ ਇੱਕ ਅੱਯਾਸ ਹਿੱਸੇ ਨੂੰ ਚਿੱਤਰਨ ਦਾ ਵਿਸੇਸ ਉਪਰਾਲਾ ਲੇਖਕ ਨੂੰ ਵਿਸੇਸ ਬਣਾਉਂਦਾ ਹੈ।
ਆਉਣ ਵਾਲੇ ਸਮੇਂ ਵਿੱਚ ਲੇਖਕ ਪੰਜਾਬੀ ਲੇਖਕਾਂ ਵਿੱਚ ਇੱਕ ਵੱਖਰੀ ਪਹਿਚਾਣ ਵਾਲੇ ਲੇਖਕ ਦੇ ਤੌਰ ਤੇ ਸਿਤਾਰਿਆਂ ਵਾਂਗ ਵੱਖਰਾ ਹੀ ਚਮਕਦਾ ਦਿਖਾਈ ਦੇਵੇਗਾ। ਜਿਸ ਵਕਤ ਪੰਜਾਬੀ ਦੇ ਸਥਾਪਤ ਲੇਖਕ ਪਾਠਕਾ ਦੇ ਨਾਂ ਹੋਣ ਦਾ ਰੋਣਾਂ ਰੋਂਦੇ ਹਨ ਉਸ ਸਮੇਂ ਇਸ ਕਿਤਾਬ ਦਾ ਧੜਾਧੜ ਵਿਕਣਾਂ ਲੇਖਕ ਦੀ ਨਿੱਜੀ ਮਿਹਨਤ ਅਤੇ ਉਸਦੀ ਲੇਖਣੀ ਦੀ ਗਵਾਹੀ ਪੈਂਦੀ ਹੈ। ਜੋ ਲੇਖਕ ਸਥਾਪਤ ਮਾਪਦੰਡਾਂ ਤੋਂ ਪਾਸੇ ਹਟਕੇ ਸਮੇਂ ਦੇ ਹਾਣ ਦਾ ਨਵਾਂ ਕੁੱਝ ਪਾਠਕਾਂ ਨੂੰ ਉਹਨਾਂ ਦੇ ਨਵੇਂ ਸਮੇਂ ਅਨੁਸਾਰ ਦੇਵੇਗਾ ਉਹ ਲੇਖਕ ਹੀ ਨਵੇਂ ਪਾਠਕਾਂ ਨਾਲ ਜੁੜਿਆ ਰਹਿ ਸਕੇਗਾ। ਪੁਰਾਣੇ ਪਾਠਕਾਂ ਦੇ ਹਿਸਾਬ ਨਾਲ ਕਿਤਾਬ ਉੱਪਰ ਅਸਲੀਲਤਾ ਦਾ ਦੋਸ ਲਾਇਆ ਜਾ ਸਕਦਾ ਹੈ ਕਿਉਂਕਿ ਲੇਖਕ ਕਈ ਵਾਰ ਜਾਣੇ ਅਣਜਾਣੇ ਤੌਰ ਤੇ ਬੰਦ ਕਮਰਿਆ ਦੇ ਅੰਦਰ ਦੇ ਗੁਪਤ ਵਰਤਾਰਿਆਂ ਨੂੰ ਵੀ ਬੇਬਾਕੀ ਨਾਲ ਲਿਖ ਜਾਂਦਾ ਹੈ। ਹੋ ਸਕਦਾ ਹੈ ਵਿਦੇਸੀ ਧਰਤੀ ਤੇ ਇਹ ਸਭ ਕੁੱਝ ਪਰਵਾਨ ਹੋਵੇ ਪਰ ਆਮ ਪੰਜਾਬੀ ਪਾਠਕ ਇਸ ਦੇ ਹਾਣ ਦਾ ਨਹੀਂ ਹੋਇਆ ਹੈ ਜਿਸ ਕਾਰਨ ਕਈਆਂ ਨੂੰ ਕੋਫਤ ਵੀ ਹੋ ਸਕਦੀ ਹੈ। ਬਲਰਾਜ ਸਿੱਧੂ ਦੀ ਲੇਖਣੀ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਹਨ ਜੇ ਲੇਖਕ ਆਉਣ ਵਾਲੇ ਸਮੇਂ ਵਿੱਚ ਬਾਲਗ ਵਰਤਾਰਿਆਂ ਤੋਂ ਬਿਨਾਂ ਵੀ ਨਵਾਂ ਕੁੱਝ ਲਿਖਣ ਦੀ ਕੋਸਿਸ ਕਰੇ ਤਦ ਵੀ ਉਹ ਹੋਰ ਜਿਆਦਾ ਹਰਮਨ ਪਿਆਰਾ ਹੋਵੇਗਾ ਕਿਉਂਕਿ ਉਸ ਕੋਲ ਲਿੱਖਣ ਦੀ ਬਹੁਤ ਵਧੀਆਂ ਸੈਲੀ ਹੈ। ਪਾਠਕ ਹਮੇਸਾਂ ਅਸਲੀਲਤਾ ਦੀ ਲਿਖਣ ਸੈਲੀ ਦੇ ਅਧਾਰ ਤੇ ਹੀ ਲੇਖਕ ਅਤੇ ਕਿਤਾਬਾਂ ਪੜਦੇ ਹਨ। ਜਿਸ ਕਿਤਾਬ ਵਿੱਚ ਬਾਲਗ ਵਰਤਾਰਿਆਂ ਦਾ ਵਰਣਨ ਜਿਆਦਾ ਹੁੰਦਾਂ ਹੈ ਉਸ ਕਿਤਾਬ ਨੂੰ ਸਿਅਣੀ ਉਮਰ ਦਾ ਪਾਠਕ ਦੂਸਰਿਆਂ ਨੂੰ ਪੜਨ ਦੀ ਸਲਾਹ ਜਾਂ ਤੋਹਫੇ ਦੇ ਤੌਰ ਤੇ ਦੇਣ ਤੋਂ ਕੰਨੀ ਕਤਰਾਉਂਦਾ ਹੈ।
ਪੰਜਾਬ ਪਬਲੀਕੇਸਨ ਦੇ ਨਾਂ ਥੱਲੇ ਛਪੀ ਤਿੰਨ ਸੌ ਪੰਜਾਹ ਰੁਪਏ ਦੀ ਕੀਮਤ ਵਾਲੀ ਇਹ ਕਿਤਾਬ ਸਹਿਜਾਦੀ ਡਾਇਨਾਂ ਦੀਆਂ ਰੰਗਦਾਰ ਤਸਵੀਰਾਂ ਨਾਲ ਸਿੰਗਾਰੀ ਹੋਈ ਹੈ। ਸਹਿਜਾਦੀ ਦੇ ਨਿੱਜੀ ਜੀਵਨ ਦੀ ਢੇਰ ਸਾਰੀਆਂ ਅੱਯਾਸ ਗੁਪਤ ਜਾਣਕਾਰੀਆਂ ਤੋਂ ਪਰਦਾ ਚੁਕਦੀ ਇਹ ਕਿਤਾਬ ਪੰਜਾਬੀ ਪਾਠਕਾਂ ਦਾ ਨਵੇਂ ਸੰਸਾਰ ਨਾਲ ਵਾਹ ਪਵਾਉਣ ਵਿੱਚ ਅਤੇ ਨਵੀਂ ਤਰਾਂ ਦੀ ਜਾਣਕਾਰੀ ਵਿੱਚ ਜਿਕਰਯੋਗ ਵਾਧਾ ਕਰਨ ਵਿੱਚ ਸਫਲ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਲੇਖਕ ਤੋਂ ਹੋਰ ਜਿਆਦਾ ਆਸਾਂ ਅਤੇ ਉਡੀਕਾਂ ਨਵੀਆਂ ਲਿਖਤਾਂ ਦੇ ਰੂਪ ਵਿੱਚ ਬਣੀਆਂ ਰਹਿਣਗੀਆਂ।
ਗੁਰਚਰਨ ਸਿੰਘ