ਅੰਮ੍ਰਿਤਸਰ – ਬੰਗਲਾਦੇਸ਼ ਸਰਕਾਰ ਵੱਲੋਂ ਸਿੱਖ ਮੈਰਿਜ ਐਕਟ ੧੯੦੯ ਨੂੰ ਮਾਨਤਾ ਦੇਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਲਾਘਾ ਕੀਤੀ ਹੈ ਅਤੇ ਬੰਗਲਾਦੇਸ਼ ਸਰਕਾਰ ਦਾ ਧੰਨਵਾਦ ਕੀਤਾ ਹੈ ।
ਇਥੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਭਾਰਤ ਅੰਦਰ ਸਿੱਖਾਂ ਨੂੰ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਅਜੇ ਵੀ ਹਿੰਦੂ ਮੈਰਿਜ ਐਕਟ ਦਾ ਸਹਾਰਾ ਲੈਣਾ ਪੈਂਦਾ ਹੈ ਪਾਕਿਸਤਾਨ ਅੰਦਰ ਜਿਥੇ ਪਹਿਲਾਂ ਹੀ ਸਿੱਖ ਅਨੰਦ ਮੈਰਿਜ ਐਕਟ ੧੯੦੯ ਹੂ-ਬ-ਹੂ ਲਾਗੂ ਕੀਤਾ ਜਾ ਚੁੱਕਾ ਹੈ , ਉਥੇ ਬੰਗਲਾਦੇਸ਼ ਸਰਕਾਰ ਨੇ ਵੀ ਇਸ ਐਕਟ ਨੂੰ ਮੂਲ ਰੂਪ ‘ਚ ਮਾਨਤਾ ਦਿੰਦਿਆਂ ਆਪਣੀ ਵੈਬਸਾਈਟ ‘ਤੇ ਪਾ ਦਿਤਾ ਹੈ।ਸਿੱਖਾਂ ਦੇ ਆਪਣੇ ਦੇਸ਼ ਭਾਰਤ ਅੰਦਰ ਭਾਵੇਂ ਕਿ ਸਿੱਖ ਮੈਰਿਜ ਐਕਟ ੧੯੦੯ ਪਾਸ ਹੋ ਚੁਕਾ ਹੈ ਪਰ ਅਜੇ ਤਕ ਇਸ ਦੀ ਨੋਟੀਫ਼ਿਕੇਸ਼ਨ ਨਾ ਹੋਣ ਕਰਕੇ ਸਿੱਖਾਂ ਦੇ ਵਿਆਹ ਵੀ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਹੋ ਰਹੇ ਹਨ, ਪ੍ਰੰਤੂ ਬੰਗਲਾਦੇਸ਼ ਵਿਚ ਜਿਥੇ ਕੁੱਝ ਘੱਟ ਗਿਣਤੀ ਦੇ ਹੀ ਸਿੱਖ ਵਸਦੇ ਹਨ, ਉਥੇ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ ਲਾਗੂ ਕਰਕੇ ਚੰਗਾ ਕਾਰਜ ਕੀਤਾ ਹੈ। ਜਥੇਦਾਰ ਅਵਤਾਰ ਸਿੰਘ ਨੇ ਬੰਗਲਾਦੇਸ਼ ਸਰਕਾਰ ਵੱਲੋਂ ਸਿੱਖਾਂ ਦੀ ਭਾਰਤ ਅੰਦਰ ਚਿਰੋਕਣੀ ਮੰਗ ਨੂੰ ਪੂਰਾ ਕਰਨ ਦਾ ਸਵਾਗਤ ਕੀਤਾ ਹੈ।