ਰਾਤ ਦੀ ਰਾਣੀ ਦੇ ਫੁੱਲ ਰਾਤ ਨੂੰ ਹੀ ਕਿਉਂ ਖਿੜਦੇ ਹਨ?
ਫੁੱਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਰਾਤ ਨੂੰ ਹੀ ਖਿੜਦੀਆਂ ਹਨ। ਇਹਨਾਂ ਦੇ ਕਈ ਵਿਸ਼ੇਸ਼ ਗੁਣ ਹੁੰਦੇ ਹਨ। ਇਹ ਬਹੁਤ ਨਰਮ ਕਿਸਮ ਦੇ ਫੁੱਲ ਹੁੰਦੇ ਹਨ ਜੋ ਦਿਲ ਦੀ ਗਰਮੀ ਨੂੰ ਸਹਾਰਨ ਦੇ ਯੋਗ ਨਹੀਂ ਹੁੰਦੇ। ਇਹਨਾਂ ਵਿੱਚ ਵਿਸ਼ੇਸ ਸੁਗੰਧ ਹੁੰਦੀ ਹੈ ਜਿਹੜੀ ਕੀੜੀਆਂ ਨੂੰ ਆਪਣੇ ਵੱਲ ਖਿਚਦੀ ਹੈ। ਸਿੱਟੇ ਵਜੋਂ ਕੀੜੇ ਇਹਨਾਂ ਤੇ ਆ ਕੇ ਬੈਠਦੇ ਹਨ। ਕੁਝ ਪਰਾਗ ਕਣ ਉਹਨਾਂ ਦੀਆਂ ਲੱਤਾਂ ਤੇ ਖੰਭਾਂ ਨੂੰ ਚਿੰਬੜ ਜਾਂਦੇ ਹਨ ਤੇ ਇਹ ਕੀੜੇ ਰਸ ਚੂਸਣ ਤੋਂ ਬਾਅਦ ਅਗਲੇ ਫੁੱਲਾਂ ਤੇ ਜਾ ਬੈਠਦੇ ਹਨ। ਇਸ ਤਰ੍ਹਾਂ ਇਹਨਾਂ ਦੀ ਨਿਸੇਚਣ ਕ੍ਰਿਆ ਹੋ ਜਾਂਦੀ ਹੈ ਤੇ ਸਿੱਟੇ ਵਜੋਂ ਇਹਨਾਂ ਦੇ ਵੰਸ਼ ਵਿੱਚ ਵਾਧਾ ਹੁੰਦਾ ਹੈ। ਆਮ ਤੌਰ ਤੇ ਰਾਤ ਨੂੰ ਖਿੜਨ ਵਾਲੇ ਫੁੱਲਾ ਦਾ ਰੰਗ ਸਫੈਦ ਹੁੰਦਾ ਹੈ। ਕਿਉਂਕਿ ਰੰਗ ਬਰੰਗੇ ਫੁੱਲ ਰਾਤ ਨੂੰ ਘੱਟ ਵਿਖਾਈ ਦਿੰਦੇ ਹਨ ਤੇ ਚਿੱਟੇ ਰੰਗ ਸਪੱਸ਼ਟ ਨਜ਼ਰ ਆਉਂਦਾ ਹੈ। ਇਸ ਲਈ ਅਜਿਹੇ ਫੁੱਲਾਂ ਦਾ ਰੰਗ ਵੀ ਸਫੈਦ ਹੀ ਹੁੰਦਾ ਹੈ। ਰਾਣੀ ਉਪਰੋਕਤ ਕਾਰਨਾਂ ਕਰਕੇ ਹੀ ਰਾਤ ਨੂੰ ਖਿੜਦੀ ਹੈ।
ਫਲ ਖੱਟੇ ਮਿਠੇ ਕਿਉਂ ਹੁੰਦੇ ਹਨ?
ਸਾਡੇ ਦੇਸ਼ ਵਿੱਚ ਮਿਲਣ ਵਾਲੇ ਫਲਾਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਮਿੱਠੇ ਤੇ ਖੱਟੇ। ਕੇਲੇ ਆਮ ਤੌਰ ਤੇ ਮਿੱਠੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਚੀਨੀ(Fructose) ਦੀ ਮਾਤਰਾ ਵੱਧ ਹੁੰਦੀ ਹੈ। ਨਿੰਬੂ ਖੱਟੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਸਿਟਰਿਕ ਨਾਂ ਦੇ ਤੇਜ਼ਾਬ ਦੀ ਮਾਤਰਾ ਵੱਧ ਹੁੰਦੀ ਹੈ। ਸੰਗਤਰੇ ਖਟ ਮਿੱਟੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਤੇਜ਼ਾਬ ਅਤੇ ਚੀਨੀ ਦੀ ਮਾਤਰਾ ਲਗਭਗ ਬਰਾਬਰ ਹੁੰਦੀ ਹੈ। ਫਲਾਂ ਵਿੱਚ ਕੁਝ ਵਿਟਾਮਿਨ, ਸਟਾਰਚ,ਪ੍ਰੋਟੀਨ ਤੇ ਸੈਲੂਲੋਜ ਹੁੰਦੇ ਹਨ ਜਿਸ ਕਰਕੇ ਸਾਰੇ ਫਲਾਂ ਦੇ ਸੁਆਦਾਂ ਵਿੱਚ ਕੁਝ ਅੰਤਰ ਹੁੰਦਾ ਹੈ। ਕਈ ਵਾਰੀ ਇੱਕੋ ਦਰਖੱਤ ਦੇ ਫਲਾਂ ਵਿੱਚ ਵੀ ਇਹਨਾਂ ਪਦਾਰਥਾਂ ਦੀ ਮਾਤਰਾ ਵਿੱਚ ਮਾਮੂਲੀ ਅੰਤਰ ਹੋਣ ਕਾਰਨ ਇਹਨਾਂ ਦੇ ਸੁਆਦ ਵਿੱਚ ਵੀ ਫਰਕ ਹੁੰਦਾ ਹੈ।
ਸੰਸਾਰ ਦਾ ਸੱਭ ਤੋਂ ਵੱਡਾ ਤੇ ਛੋਟਾ ਫੁੱਲ ਕਿਹੜਾ ਹੈ?
ਫੁੱਲਾਂ ਦੀ ਦੁਨੀਆਂ ਬਹੁਤ ਹੀ ਅਜੀਬ ਹੈ। ਫੁੱਲ ਹਰ ਰੰਗ ਵਿੱਚ ਵੀ ਮਿਲਦੇ ਹਨ ਤੇ ਹਰ ਸ਼ਕਲ ਵਿੱਚ ਵੀ ਪ੍ਰਾਪਤ ਹੋ ਜਾਂਦੇ ਹਨ। ਤਿਤਲੀਆਂ ਤੇ ਕੁੱਤਿਆਂ ਦੇ ਮੂੰਹਾਂ ਦੀਆਂ ਸ਼ਕਲਾਂ ਵਰਗੇ ਫੁੱਲ ਤਾਂ ਉੱਤਰੀ ਭਾਰਤ ਵਿੱਚ ਵੀ ਆਮ ਲੱਭੇ ਜਾ ਸਕਦੇ ਹਨ। ਸੰਸਾਰ ਦੇ ਸਭ ਤੋਂ ਵੱਡੇ ਫੁੱਲ ਦਾ ਨਾਂ ਰਫਲੇਸੀਆ ਹੈ। ਇਹ ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਜੰਗਲਾਂ ਵਿੱਚ ਆਮ ਹੀ ਉਪਲਬਧ ਹਨ। ਇਹ ਪਰਜੀਵ ਪੌਦੇ ਦੇ ਫੁੱਲ ਹੁੰਦੇ ਹਨ। ਜਿਹੜਾ ਦੂਸਰੇ ਦਰੱਖਤਾਂ ਦੀਆਂ ਜੜਾਂ ਵਿੱਚ ਉੱਗ ਪੇੈਦਾ ਨਹੀਂ ਕਰ ਸਕਦਾ। ਇਹ ਆਮ ਤੌਰ ਤੇ ਸੰਗਤਰੀ ਰੰਗ ਵਿੱਚ ਮਿਲਦਾ ਹੈ। ਇਸਦਾ ਵਿਆਸ ਲਗਭਗ ਇੱਕ ਮੀਟਰ, ਪੱਤੀਆਂ ਦੀ ਲੰਬਾਈ 1.5 ਮੀਟਰ ਤੱਕ ਹੁੰਦੀ ਹੈ। ਇਸਦਾ ਭਾਰ 10 ਕਿਲੋਗ੍ਰਾਮ ਤੱਕ ਵਧ ਸਕਦਾ ਹੈ। ਭਾਰਤ ਦੇ ਪਿੱਲੀ ਮਾਈਕਰੋਫਾਈਲਾ ਨੂੰ ਸੰਸਾਰ ਦਾ ਸਭ ਤੋਂ ਛੋਟਾ ਫੁੱਲਾ ਮੰਨਿਆ ਜਾਂਦਾ ਹੈ। ਇਸਦਾ ਵਿਆਸ 0.35 ਮਿਲੀਮੀਟਰ ਹੇੈ।
ਕੀ ਇੱਕ ਪ੍ਰਕਾਰ ਦੇ ਦਰੱਖਤ ਤੋਂ ਕਿਸੇ ਦੂਸਰੀ ਪ੍ਰਕਾਰ ਦੇ ਫਲ ਪੈਦਾ ਕੀਤੇ ਜਾ ਸਕਦੇ ਹਨ?
ਜੀ ਹਾਂ ਜੇ ਅਸੀਂ ਬਾਦਾਮ ਦੇ ਬੂਟੇ ਦੀ ਇੱਕ ਟਾਹਣੀ ਕੱਟਕੇ ਉਸ ਉੱਤੇ ਆੜੂ ਦੀ ਇੱਕ ਕਲਮ ਲਾ ਦਿੰਦੇ ਹਾਂ ਤਾਂ ਬਾਦਾਮ ਦੇ ਬੂਟੇ ਦੇ ਇੱਕ ਪਾਸੇ ਆੜੂ ਤੇ ਦੂਜੇ ਪਾਸੇ ਬਾਦਾਮ ਲੱਗ ਸਕਦੇ ਹਨ। ਅਸੀਂ ਜੰਗਲੀ ਬੇਰੀ ਤੇ ਪੇਂਦੂ ਬੇਰੀ ਦੀ ਕਲਮ ਚੜ੍ਹਾ ਕੇ ਪਿੰਦੀ ਬੇਰ ਪੇੈਦਾ ਕੀਤੇ ਆਮ ਹੀ ਵੇਖ ਹਨ। ਅਸੀਂ ਜੰਗਲੀ ਬੇਰੀ ਤੇ ਪੇਂਦੂ ਬੇਰੀ ਦੀ ਕਲਮ ਚੜ੍ਹਾ ਕੇ ਪਿੰਦੀ ਬੇਰ ਪੈਦਾ ਕੀਤੇ ਆਮ ਹੀ ਵੇਖੇ ਹਨ। ਨਿੰਬੂ, ਸੰਗਤਰੇ, ਮਾਲਟੇ, ਕਿੰਨੂ, ਮੌਸਮੀ ਆਦਿ ਅਜਿਹੀਆਂ ਖੋਜਾਂ ਦੀ ਹੀ ਦੇਣ ਹਨ। ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਟਮਾਟਰ Tomato ਤੇ ਆਲੂ Potato ਦੇ ਗੁਣਾਂ ਨੂੰ ਰਲਾ ਕੇ ਉਗਾਈ ਪੋਮੇਟੋ Pomato ਨਾਂ ਦੀ ਸਬਜ਼ੀ ਵਿੱਚ ਵਿਕਦੀ ਵੇਖੋਗੇ।
ਕੀ ਪੌਦੇ ਗਤੀ ਕਰ ਸਕਦੇ ਹਨ?
ਜੀ ਹਾਂ ਪੌਦੇ ਗਤੀ ਕਰਦੇ ਹਨ। ਜੇ ਤੁਸੀਂ ਸੂਰਜ ਮੁਖੀ ਦੇ ਫੁੱਲ ਨੂੰ ਵੇਖੋਂ ਤਾਂ ਤਹਾਨੂੰ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਰਜ ਵੱਲ ਆਪਣਾ ਮੂੰਹ ਘੁਮਾਉਂਦਾ ਨਜ਼ਰ ਆਵੇਗਾ। ਜੇ ਤੁਸੀਂ ਗਮਲੇ ਵਿੱਚ ਲੱਗੇ ਪੌਦੇ ਨੂੰ ਗਮਲੇ ਸਮੇਤ ਉਲਟਾ ਕਰਕੇ ਛੱਤ ਵੱਲ ਲਟਕਾ ਦੇਵੋਗੇ ਤਾਂ ਕੁਝ ਦਿਨਾਂ ਬਾਅਦ ਉਹ ਆਪਣੇ ਤਣੇ ਨੂੰ ਸੂਰਜ ਦੀ ਦਿਸ਼ਾ ਵੱਲ ਮੋੜਨਾ ਸ਼ੁਰੂ ਕਰ ਦੇਵੇਗਾ। ਸਿਲਮ ਨੋਡਜ ਨਾਂ ਦਾ ਪੌਦਾ ਅਮੀਬੇ ਦੀ ਤਰ੍ਹਾਂ ਗਤੀ ਕਰਦਾ ਹੋਇਆ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਜਾਂਦਾ ਹੈ। ਕਈ ਤਰ੍ਹਾਂ ਦੀਆਂ ਕਾਈਆਂ ਵੀ ਸਮੁੰਦਰ ਵਿੱਚ ਗਤੀ ਕਰਦੀਆਂ ਹਨ।
ਸੂਰਜ ਮੁਖੀ ਆਪਣੇ ਮੁੱਖ ਨੂੰ ਸੂਰਜ ਵੱਲ ਮੋੜਦਾ ਹੈ?
ਕੁਝ ਪੌਦਿਆਂ ਵਿੱਚ ਆਕਜਿਨ ਨਾਂ ਦਾ ਇੱਕ ਰਸ ਪੈਦਾ ਹੁੰਦਾ ਹੈ। ਸੂਰਜ ਮੁੱਖੀ ਦੇ ਪੌਦੇ ਵਿੱਚ ਇਹ ਰਸ ਇੱਕ ਪਾਸੇ ਹੀ ਜਮਾਂ ਹੋ ਜਾਂਦਾ ਹੈ। ਜਿਸ ਪਾਸੇ ਇਹ ਰਸ ਹੁੰਦਾ ਹੈ ਉਸ ਪਾਸੇ ਪੌਦੇ ਦੀ ਲੰਬਾਈ ਵਿੱਚ ਵਾਧਾ ਦੂਸਰੇ ਪਾਸੇ ਦੀ ਲੰਬਾਈ ਦੇ ਮੁਕਾਬਲੇ ਵੱਧ ਹੁੰਦਾ ਹੈ। ਇਸਦੇ ਸਿੱਟੇ ਵਜੋਂ ਹੀ ਸੂਰਜ ਮੁਖੀ ਹੀ ਅਜਿਹਾ ਪੌਦਾ ਨਹੀਂ ਹੈ ਜੋ ਅਜਿਹਾ ਵਰਤਾਰਾ ਕਰਦਾ ਹੈ। ਪੌਦਿਆਂ ਦੀਆਂ ਕੁਝ ਹੋਰ ਕਿਸਮਾਂ ਵੀ ਹਨ ਜਿਹੜੀਆਂ ਅਜਿਹੇ ਦ੍ਰਿਸ਼ ਪੇਸ਼ ਕਰਦੀਆਂ ਹਨ।
ਕਿਹੜੇ ਪੌਦੇ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ?
ਜੜ੍ਹਾਂ ਤੋਂ ਲੈ ਕੇ ਪੱਤਿਆਂ ਤੱਕ ਪੌਦਿਆਂ ਦੀ ਹਰ ਸਮੱਗਰੀ ਮਨੁੱਖ ਲਈ ਲਾਭਦਾਇਕ ਹੈ। ਬਹੁਤ ਸਾਰੀਆਂ ਦਵਾਈਆਂ ਤਾਂ ਮਨੁੱਖ ਨੂੰ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਮਲੇਰੀਆ ਦੇ ਇਲਾਜ ਲਈ ਵਰਤੀ ਜਾਣ ਵਾਲੀ ਕੁਨੀਨ ਸਿਨਕੋਨਾ ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਪੋਸਤ ਦੇ ਪੌਦੇ ਤੋਂ ਅਫੀਮ ਤਿਆਰ ਕੀਤੀ ਜਾਦੀ ਹੈ। ਇਹ ਦਰਦ ਨੂੰ ਘੱਟ ਕਰਨ ਵਾਲੀ ਤੇ ਨਸ਼ਾ ਦੇਣ ਵਾਲੀ ਦਵਾਈ ਹੈ ਬਹੁਤੇ ਤੇਲ ਪੋਦਿਆਂ ਤੋਂ ਹੀ ਪ੍ਰਾਪਤ ਹੁੰਦੇ ਹਨ। ਰਬੜ, ਬਰੋਜਾ, ਗੂੰਦ ਆਦਿ ਲਈ ਅਸੀਂ ਪੋਦਿਆ ਤੇ ਨਿਰਭਰ ਕਰਦੇ ਹਾਂ। ਸਾਡੀ ਪੂਰੀ ਖੁਰਾਕ ਹੀ ਪੌਦਿਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ। ਪੌਦੇ ਹਵਾ ਵਿੱਚ ਪਾਣੀ ਦੀ ਮਾਤਰਾ ਛੱਡਦੇ ਰਹਿੰਦੇ ਹਨ। ਜਿਸ ਕਾਰਣ ਧੂੰੲੇ ਦੇ ਕਣ ਭਾਰੀ ਹੋ ਜਾਂਦੇ ਹਨ ਤੇ ਧਰਤੀ ਤੇ ਡਿੱਗ ਪੈਂਦੇ ਹਨ। ਇਸ ਤਰ੍ਹਾਂ ਪੌਦੇ ਸਾਡੇ ਵਾਯੂ ਮੰਡਲ ਨੂੰ ਵੀ ਸਾਫ ਕਰਦੇ ਹਨ।
ਧਰਤੀ ਥੱਲੇ ਕੋਇਲਾ ਕਿਵੇਂ ਬਣਿਆ?
ਅਸੀਂ ਜਾਣਦੇ ਹਾਂ ਕਿ ਕੋਇਲਾ ਸਾਨੂੰ ਧਰਤੀ ਹੇਠਲੀਆਂ ਖਾਣਾਂ ਵਿੱਚੋਂ ਮਿਲਦਾ ਹੈ। ਪਰ ਧਰਤੀ ਦੀਆਂ ਪਰਤਾਂ ਥੱਲੇ ਇਹ ਕੋਇਲਾ ਕਿੱਥੋਂ ਆਇਆ? ਅੱਜ ਤੋਂ ਲਗਭਗ 16 ਕਰੋੜ ਸਾਲ ਪਹਿਲਾਂ ਧਰਤੀ ਉੱਤੇ ਜੰਗਲ ਹੀ ਜੰਗਲ ਹੁੰਦੇ ਸਨ। ਕਰੋੜਾਂ ਸਾਲਾਂ ਵਿੱਚ ਦਰੱਖਤਾਂ ਦੀਆਂ ਲੱਖਾਂ ਨਸਲਾਂ ਅਰਬਾਂ ਦੀ ਗਿਣਤੀ ਵਿੱਚ ਧਰਤੀ ਦੀਆਂ ਦਲਦਲਾਂ ਵਿੱਚ ਡਿਗਦੀਆਂ ਰਹੀਆਂ ਤੇ ਬੈਕਟੀਰੀਆ ਇਹਨਾਂ ਨੂੰ ਕਾਲੇ ਰੰਗ ਦੇ ਪਦਾਰਥ ਵਿੱਚ ਬਦਲਦਾ ਰਿਹਾ। ਹਵਾ ਦੀ ਅਣਹੋਂਦ ਕਾਰਨ ਇਹ ਦਰੱਖਤ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੇ ਸਨ। ਇਹ ਧਰਤੀ ਦੀਆਂ ਚਟਾਨਾਂ ਤੇ ਮਿੱਟੀ ਦੀਆਂ ਤੈਹਾਂ ਥੱਲੇ ਦੱਬਦੇ ਰਹੇ। ਕਰੋੜਾਂ ਸਾਲ ਵਿੱਚ ਇਹ ਧਰਤੀ ਦੀਆਂ ਪਰਤਾਂ ਦੇ ਦਬਾਅ ਸਦਕਾ ਪੱਥਰ ਦੇ ਕੋਇਲੇ ਦੇ ਰੂਪ ਵਿੱਚ ਬਦਲ ਗਏ ਹਨ। ਅੱਜ ਸਾਨੂੰ ਧਰਤੀ ਦੀਆਂ ਤੈਹਾਂ ਵਿੱਚ ਮੀਲਾਂ ਲੰਬੀਆਂ, ਮੀਲਾਂ ਚੌੜੀਆਂ ਤੇ ਕਈ ਮੀਟਰ ਮੋਟੀਆਂ ਕੋਲੇ ਦੀਆਂ ਖਾਣਾਂ ਮਿਲਦੀਆਂ ਹਨ। ਇਹਨਾਂ ਵਿੱਚ ਅਰਬ ਟਨ ਕੋਇਲਾ ਹਰ ਸਾਲ ਪ੍ਰਾਪਤ ਹੁੰਦਾ ਹੈ।