ਐਂਟਵਰਪ: ਇਥੇ ਖੇਡੇ ਜਾ ਰਹੇ ਵਿਸ਼ਵ ਹਾਕੀ ਲੀਗ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੂੰ ਬੈਲਜੀਅਮ ਹੱਥੋਂ 4-0 ਗੋਲਾਂ ਨਾਲ ਕਰਾਰੀ ਹਾਰ ਸਹਿਣੀ ਪਈ।
ਖੇਡ ਦੇ ਦੂਜੇ ਮਿੰਟ ਵਿਚ ਵਾਨ ਆਬੇਲ ਫਲੋਰੈਂਟ ਨੇ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਚਕਮਾ ਦਿੰਦੇ ਹੋਏ ਗੋਲ ਕਰ ਦਿੱਤਾ। ਇਸਤੋਂ ਬਾਅਦ 6ਵੇਂ ਮਿੰਟ ਵਿਚਕੋਸੀਨਸ ਨੇ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ 2-0 ਗੋਲਾਂ ਨਾਲ ਅੱਗੇ ਕਰ ਲਿਆ। ਇਸਤੋਂ ਬਾਅਦ ਬੈਲਜੀਅਮ ਦੀ ਟੀਮ ਦੇ ਖਿਡਾਰੀ ਆਬੇਲ ਫਲੋਰੈਂਟ ਨੇ 41ਵੇਂ ਮਿੰਟ ਵਿਚ ਗੋਲ ਕਰਕੇ ਭਾਰਤੀ ਟੀਮ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਇਸਤੋਂ ਬਾਅਦ 53ਵੇਂ ਮਿੰਟ ਵਿਚ ਆਬੇਲ ਫਲੋਰੈਂਟ ਨੇ ਆਪਣੀ ਹੈਟ੍ਰਿਕ ਬਣਾਉਂਦੇ ਹੋਏ ਭਾਰਤੀ ਟੀਮ ‘ਤੇ ਚੌਥਾ ਗੋਲ ਕਰ ਦਿੱਤਾ।
ਹੁਣ ਭਾਰਤ ਦਾ ਮੁਕਾਬਲਾ ਤੀਜੇ ਅਤੇ ਚੌਥੇ ਸਥਾਨ ਲਈ ਐਤਵਾਰ ਨੂੰ ਦੂਜੇ ਸੈਮੀਫਾਈਨਲ ਵਿਚ ਹਾਰਨ ਵਾਲੀ ਟੀਮ ਨਾਲ ਹੋਵੇਗਾ। ਫਾਈਨਲ ਵਿਚ ਪਹੁੰਚਣ ਕਰਕੇ ਬੈਲਜੀਅਮ ਦੀ ਟੀਮ ਨੇ ਰੀਓ ਵਿਖੇ ਹੋਣ ਵਾਲੇ ਉਲੰਪਿਕ ਵਿਚ ਆਪਣੀ ਥਾਂ ਪੱਕੀ ਕਰ ਲਈ। ਭਾਰਤੀ ਟੀਮ ਏਸਿ਼ਆਈ ਖੇਡਾਂ ਵਿਚ ਸੋਨੇ ਦਾ ਮੈਡਲ ਜਿਤਣ ਕਰਕੇ ਰੀਓ ਲਈ ਥਾਂ ਪੱਕੀ ਕਰ ਚੁੱਕੀ ਹੈ। ਜਿ਼ਕਰਯੋਗ ਹੈ ਕਿ ਇਸ ਟੂਰਨਾਮੈਂਟ ਵਿਚ ਪਹਿਲੇ ਤਿੰਨ ਨੰਬਰਾਂ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਉਲੰਪਿਕ ਵਿਚ ਥਾਂ ਮਿਲੇਗੀ।