ਫਤਿਹਗੜ੍ਹ ਸਾਹਿਬ, : “ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਸ ਦੇ ਇਟਲੀ ਦੇ ਦੌਰੇ ਸਮੇਂ ਉਥੋਂ ਦੇ ਸੂਝਵਾਨ ਅਤੇ ਕੌਮੀ ਸੋਚ ਰੱਖਣ ਵਾਲੇ ਸਿੱਖਾਂ ਦੇ ਬਾਦਲੀਲ ਪ੍ਰਸ਼ਨਾਂ ਨੇ ਜਥੇਦਾਰ ਸਾਹਿਬ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਦਿੱਤਾ। ਕਿਉਂਕਿ ਜੋ ਪ੍ਰਸ਼ਨ ਉਥੋਂ ਦੇ ਸਿੱਖਾਂ ਨੇ ਉਹਨਾਂ ਨੂੰ ਪੁੱਛੇ, ਉਹ ਸਮੁੱਚੇ ਖਾਲਸਾ ਪੰਥ ਨੂੰ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਨਿਰਪੱਖਤਾ ਅਤੇ ਦ੍ਰਿੜ੍ਹਤਾ ਨਾਲ ਕੌਮੀ ਸੋਚ ਉਤੇ ਪਹਿਰਾ ਦੇਣ ਨਾਲ ਸੰਬੰਧ ਰੱਖਦੀਆਂ ਸਨ। ਜਿਹਨਾਂ ਦਾ ਜਥੇਦਾਰ ਸਾਹਿਬਾਨ ਕੋਲ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਸੀ। ਲੇਕਿਨ ਉਹਨਾਂ ਪ੍ਰਸ਼ਨਾ ਨੇ ਜਥੇਦਾਰ ਸਾਹਿਬ ਦੀ ਜਮੀਰ ਨੂੰ ਹਲੂਣ ਕੇ ਰੱਖ ਦਿੱਤਾ । ਇਹੀ ਵਜ੍ਹਾ ਹੈ ਕਿ ਊਹਨਾਂ ਨੂੰ ਪੰਜਾਬ ਵਾਪਿਸ ਆ ਕੇ ਇਹ ਕਹਿਣਾ ਪਿਆ ਕਿ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਸਿੱਖ ਕੌਮ ਵਿਚ ਧੜੇਬੰਦੀ ਦੀ ਬਦੌਲਤ ਨਹੀਂ ਹੋ ਰਿਹਾ। ਧੜੇ ਸੰਬੰਧੀ ਬਿਆਨਬਾਜੀ ਕਰਕੇ ਜਥੇਦਾਰ ਸਾਹਿਬਾਨ ਨਾ ਤਾਂ ਆਪਣੀ ਕੌਮੀ ਜਿੰਮੇਵਾਰੀਆਂ ਤੋਂ ਫਾਰਗ ਨਹੀਂ ਹੋ ਸਕਦੇ ਅਤੇ ਨਾ ਹੀ ਆਪਣੇ ਉਤੇ ਪੈਣ ਵਾਲੇ ਸਿਆਸੀ ਦਬਾਅ ਅਤੇ ਕੀਤੇ ਜਾਣ ਵਾਲੇ ਗਲਤ ਫੈਸਲਿਆਂ ਅਤੇ ਹੁਕਮਨਾਮਿਆਂਵਾਲੀ ਕਮਜ਼ੋਰੀ ਨੂੰ ਛੁਪਾ ਸਕਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਥੇਦਾਰ ਸਾਹਿਬਾਨ ਵੱਲੋਂ ਸਿੱਖ ਕੌਮ ਵਿਚ ਧੜੇਬੰਦੀ ਨੂੰ ਕੌਮ ਵਿਚਲੀ ਤਰਾਸਦੀ ਦਾ ਕਾਰਨ ਗਰਦਾਨਦੇ ਹੋਏ ਦਿੱਤੇ ਗਏ ਬਿਆਨ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਕੌਮ ਪ੍ਰਤੀ ਬਹੁਤ ਵੱਡੀਆਂ ਅਤੇ ਸੰਜੀਦਾ ਜਿੰਮੇਵਾਰੀਆਂ ਹਨ। ਜਿਹਨਾਂ ਨੂੰ ਉਹਨਾਂ ਵੱਲੋਂ ਬਿਨ੍ਹਾਂ ਕਿਸੇ ਦਬਾਅ ਤੋਂ ਰਹਿਤ ਰਹਿ ਕੇ ਨਿਰਪੱਖਤਾ ਅਤੇ ਦ੍ਰਿੜ੍ਹਤਾ ਨਾਲ ਗੁਰੂ ਸਾਹਿਬਾਨ ਜੀ ਵੱਲੋਂ ਕਾਇਮ ਕੀਤੇ ਗਏ ਸਿੱਖੀ ਸਿਧਾਂਤਾਂ ਅਤੇ ਮਰਿਆਦਾਵਾਂ ਉਤੇ ਪਹਿਰਾ ਦਿੰਦੇ ਹੋਏ ਨਿਭਾਉਣਾ ਬਣਦਾ ਹੈ। ਲੇਕਿਨ ਬੀਤੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਫੈਸਲੇ ਅਤੇ ਹੁਕਮਨਾਮੇ ਕੇਵਲ ਬਾਦਲ ਪਰਿਵਾਰ ਦੇ ਸਿਆਸੀ, ਮਾਲੀ ਅਤੇ ਪਰਿਵਾਰਿਕ ਮੁਫਾਦਾਂ ਦੀ ਪੂਰਤੀ ਲਈ ਅਤੇ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਨ ਲਈ ਕੀਤੇ ਜਾਂਦੇ ਆ ਰਹੇ ਹਨ। ਜਿਸ ਨਾਲ ਰਵਾਇਤੀ ਅਕਾਲੀਆਂ (ਬਾਦਲ ਦਲ) ਦੇ ਆਗੂਆਂ ਉਤੋਂ ਤਾਂ ਸਿੱਖ ਕੌਮ ਦਾ ਵਿਸ਼ਵਾਸ ਤਾਂ ਉੱਠ ਹੀ ਚੁੱਕਾ ਹੈ। ਲੇਕਿਨ ਜਥੇਦਾਰ ਸਾਹਿਬਾਨ ਵੱਲੋਂ ਪੱਖਪਾਤੀ ਅਤੇ ਸਿਧਾਂਤਹੀਣ ਕਾਰਵਾਈਆਂ ਦੀ ਬਦੌਲਤ ਜਥੇਦਾਰ ਸਾਹਿਬਾਨ ਦੇ ਕੌਮ ਵਿਚਲੇ ਸਤਿਕਾਰ ਵਿਚ ਵੀ ਵੱਡੀ ਗਿਰਾਵਟ ਆ ਚੁੱਕੀ ਹੈ। ਬੇਸ਼ੱਕ ਹਰ ਸਿੱਖ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾ ਨੂੰ ਸਿਰ ਝੁਕਾਉਂਦਾ ਹੈ। ਇਸ ਲਈ ਜਥੇਦਾਰ ਸਾਹਿਬਾਨ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ “ਧੜੇਬੰਦੀ” ਦੀ ਬਿਮਾਰੀ ਦੀ ਗੱਲ ਕਰਕੇ ਸਰੁਖਰ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਵਿਚਾਰਾਂ ਦਾ ਵਖਰੇਵਾਂ ਤਾਂ ਗੁਰੂ ਸਾਹਿਬਾਨ ਦੇ ਸਮੇਂ ਅਤੇ ਉਹਨਾਂ ਤੋਂ ਬਾਅਦ ਵਾਲੇ ਪੁਰਾਤਨ ਸਿੱਖਾਂ ਵਿਚ ਵੀ ਰਿਹਾ ਹੈ। ਪਰ ਜਦੋਂ ਸਿੱਖ ਕੌਮ ਜਾਂ ਸਿੱਖ ਧਰਮ ਉਤੇ ਕੋਈ ਵੱਡੀ ਭੀੜ ਆ ਪੈਂਦੀ ਸੀ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਹੋ ਕੇ ਉਸ ਮੁਸ਼ਕਿਲ ਦਾ ਉਦੋਂ ਤੱਕ ਟਾਕਰਾ ਕਰਦੇ ਸਨ, ਜਦੋਂ ਤੱਕ ਕੌਮੀ ਫਤਿਹ ਪ੍ਰਾਪਤ ਨਹੀਂ ਸੀ ਹੋ ਜਾਂਦੀ। ਅਜਿਹਾ ਇਸ ਕਰਕੇ ਹੁੰਦਾ ਸੀ ਕਿ ਕੌਮ ਦੇ ਜਥੇਦਾਰ ਕਿਸੇ ਵੀ ਸਿਆਸੀ, ਦੁਨਿਆਵੀ ਤਾਕਤ ਅੱਗੇ ਸਿੱਖੀ ਸਿਧਾਂਤਾਂ ਅਤੇ ਸੋਚ ਉਤੇ ਕੋਈ ਸਮਝੌਤਾ ਨਹੀਂ ਸਨ ਕਰਦੇ। ਸਿੱਖ ਕੌਮ ਦਾ ਉਹਨਾਂ ਉਤੇ ਹਮੇਸ਼ਾਂ ਵਿਸ਼ਵਾਸ ਕਾਇਮ ਰਹਿੰਦਾ ਸੀ। ਲੇਕਿਨ ਅੱਜ ਦੀ ਸਥਿਤੀ ਕਮਜ਼ੋਰ ਅਤੇ ਗੈਰ ਸਿਧਾਂਤਕ ਸੋਚ ਅੱਗੇ ਝੁਕਣ ਵਾਲੇ ਜਥੇਦਾਰ ਸਾਹਿਬਾਨ ਦੀ ਬਦੌਲਤ ਬਣੀ ਹੈ। ਧੜੇਬੰਦੀ ਦੀ ਗੱਲ ਕਰਕੇ ਆਪਣੀਆਂ ਇਖਲਾਕੀ ਅਤੇ ਧਾਰਮਿਕ ਕਮਜ਼ੋਰੀਆਂ ਨੂੰ ਛੁਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਜਾ ਰਹੀ ਹੈ। ਜਥੇਦਾਰ ਸਾਹਿਬਾਨ ਸਿੱਖ ਕੌਮ ਨਾਲ ਸੰਬੰਧਤ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਮੁੱਚੀ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਅਤੇ ਕੌਮੀ ਮੰਜਿਲ “ਖਾਲਿਸਤਾਨ” ਦੀ ਸੋਚ ਉਤੇ ਇਕਤੱਰ ਕਰਕੇ ਦ੍ਰਿੜ੍ਹਤਾ ਪੂਰਵਕ ਸੰਘਰਸ਼ ਚਲਾਉਣ ਤੋਂ ਕਿਉਂ ਭੱਜ ਰਹੇ ਹਨ? ਅਜਿਹੇ ਕੌਮੀ ਪ੍ਰੋਗਰਾਮਾਂ ਨੂੰ ਸਿਆਸਤਦਾਨਾਂ ਦੇ ਸਵਾਰਥੀ ਹਿੱਤਾਂ ਲਈ ਸਾਬੋਤਾਜ ਕਰਨ ਵਿਚ ਕਿਉਂ ਭੂਮਿਕਾ ਨਿਭਾਅ ਰਹੇ ਹਨ?
ਉਹਨਾਂ ਕਿਹਾ ਕਿ ਆਨੰਦ ਮੈਰਿਜ ਐਕਟ, ਸਿੱਖ ਕੌਮ ਨੂੰ ਹਿੰਦੂ ਗਰਦਾਨਣ ਵਾਲੀ ਵਿਧਾਨ ਦੀ ਧਾਰਾ 25 ਦਾ ਖਾਤਮਾ ਕਰਵਾਉਣ, ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ , ਸਿੱਖਾਂ ਉਤੇ ਬਣਾਏ ਝੂਠੇ ਕੇਸਾਂ ਨੂੰ ਖਤਮ ਕਰਵਾਉਣ, ਸਿੱਖ ਕੌਮ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ , ਸਿੱਖਾਂ ਨਾਲ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਬੰਦ ਕਰਵਾਉਣ,ਸਿੱਖਾਂ ਦੀ ਫੌਜ ਵਿਚ ਅਤੇ ਹੋਰ ਵਿਭਾਗਾਂ ਵਿਚ ਭਰਤੀ ਦੇ ਬਣਦੇ ਕੋਟੇ ਨੂੰ ਲਾਗੂ ਕਰਵਾਉਣ, ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਵਾਉਣ, ਪੰਜਾਬ ਵਿਚ ਕੈਂਸਰ, ਗਲਘੋਟੂ, ਜੋੜਾਂ ਦੇ ਦਰਦ ਅਤੇ ਅੰਤੜੀਆਂ ਦੀਆਂ ਫੈਲੀਆਂ ਬਿਮਾਰੀਆਂ ਦਾ ਸਰਕਾਰਾ ਤੋਂ ਰੋਕਥਾਮ ਕਰਵਉਣ, ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਉਤੇ ਸੂਰਜ ਪੂਜਾ, ਗੀਤਾ ਪਾਠ, ਧਰਮ ਪਰਿਵਰਤਨ ਦੇ ਹੋ ਰਹੇ ਜਬਰ-ਜੁਲਮਾਂ ਨੂੰ ਬੰਦ ਕਰਵਾਉਣ ਅਤੇ ਸਿੱਖ ਕੌਮ ਨੂੰ ਬਰਾਬਰਤਾ ਦੀ ਸੋਚ ‘ਤੇ ਆਧਾਰਿਤ ਇਨਸਾਫ਼ ਦਿਵਾਉਣ ਲਈ ਦ੍ਰਿੜ੍ਹਤਾ ਨਾਲ ਅਗਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਹਨਾਂ ਜਥੇਦਾਰ ਸਾਹਿਬਾਨ ਅਤੇ ਇਧਰ-ਉਧਰ ਦੋਚਿੱਤੀ ਵਿਚ ਭਟਕ ਰਹੇ ਸਿਆਸੀ, ਸਮਾਜਿਕ ਅਤੇ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਵਿਚਲੀ ਵਿਚਾਰਧਾਰਾ ਦੇ ਵਖਰੇਵਿਆਂ ਦੀ ਗੱਲ ਨੂੰ ਉਭਾਰ ਕੇ ਸੰਜੀਦਾ ਜਿੰਮੇਵਾਰੀ ਤੋਂ ਭੱਜਣ ਦੀ ਬਜਾਏ ਸਭ ਧਾਰਮਿਕ ਅਤੇ ਸਿਆਸੀ ਆਗੂ ਕੌਮੀ ਮੰਜਿ਼ਲ ਖਾਲਿਸਤਾਨ ਉਤੇ ਦ੍ਰਿੜ੍ਹਤਾ ਨਾਲ ਖਲੋਅ ਜਾਣ ਸਿੱਖ ਕੌਮ ਦੈ ਸਮੁੱਚੇ ਮਸਲਿਆਂ ਦਾ ਇਕੋ ਇਕ ਹੱਲ ਖਾਲਿਸਤਾਨ ਨੂੰ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਯੂ ਐਨ ਓ ਦੇ ਚਾਰਟਰ ਹੇਠ ਕਾਇਮ ਕਰਨਾ ਹੈ। ਜਦੋਂ ਤੱਕ ਜਥੇਦਾਰ ਸਾਹਿਬਾਨ ਅਤੇ ਆਗੂ ਕੌਮੀ ਮਿਸ਼ਨ ਲਈ ਇਮਾਨਦਾਰ ਨਹੀਂ ਹੁੰਦੇ, ਉਦੋਂ ਤੱਕ ਇਹਨਾਂ ਨੂੰ ਘਿਸੀਆਂ-ਪਿਟੀਆਂ ਦਲੀਲਾਂ ਰਾਹੀਂ ਆਪਣੇ ਆਪ ਨੂੰ ਬਚਾਉਣ ਦੀਆਂ ਕਾਰਵਾਈਆਂ ਕਰਨ ਲਈ ਮਜਬੂਰ ਹੋਣਾ ਪਵੇਗਾ। ਸੋ ਕੌਮੀ ਮਿਸ਼ਨ ਉਤੇ ਦ੍ਰਿੜ੍ਹ ਹੋ ਕੇ ਹੀ ਜਿਥੇ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਨ ਕਰ ਸਕੋਗੇ, ਉਥੇ ਕੌਮੀ ਮੰਜਿਲ ਪ੍ਰਾਪਤ ਕਰਨ ਵਿਚ ਵੀ ਯੌਗਦਾਨ ਪਾ ਰਹੇ ਹੋਵੋਗੇ।