ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਆਈ ਡਾ: ਵਾਈ ਜਾਨਸਨ, ਡਾ: ਰਾਣੀ ਚੌਧਰੀ ਅਤੇ ਉਨ੍ਹਾਂ ਨਾਲ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਜੀਅ ਆਇਆਂ ਕਿਹਾ।ਡਾ: ਵਾਈ ਜਾਨਸਨ ਅਤੇ ਉਨ੍ਹਾਂ ਨਾਲ ਆਏ ਅਧਿਆਪਕਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਮੁੱਖ ਸੂਚਨਾ ਅਧਿਕਾਰੀ ਸ੍ਰ: ਗੁਰਬਚਨ ਸਿੰਘ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਡੂੰਘਾਈ ਨਾਲ ਜਾਣਕਾਰੀ ਹਾਸਲ ਕੀਤੀ।
ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਵਾਈ ਜਾਨਸਨ, ਡਾ: ਰਾਣੀ ਚੌਧਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੈਂਟਰ ਦੇ ਡਾ: ਬਲਵੰਤ ਸਿੰਘ ਢਿੱਲੋਂ, ਡਾ: ਜੀ ਐਸ ਕੰਗ ਅਤੇ ਉਨ੍ਹਾਂ ਨਾਲ ਆਏ ਵਫ਼ਦ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਤੋਂ ਆਏ ਵਫ਼ਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਵੱਲੋਂ ਚੁਣੀ ਹੋਈ ਸੰਸਥਾ ਹੈ, ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਨਾ ਨਾਲ ਜਾਣਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਤੱਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਡਾ: ਵਾਈ ਜਾਨਸਨ ਤੇ ਡਾ: ਰਾਣੀ ਚੌਧਰੀ ਵੱਲੋਂ ਅਮਰੀਕਾ ਤੋਂ ਸਿੱਖ ਧਰਮ, ਸਿੱਖ ਇਤਿਹਾਸ, ਸਿੱਖ ਵਿਰਸਾ, ਸਿੱਖ ਸਭਿਆਚਾਰ ਤੇ ਪੰਜਾਬੀ ਸਿੱਖਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ਸਕਾਲਰਾਂ ਤੇ ਪ੍ਰੋਫੈਸਰ ਵਰਗ ਨੂੰ ਲਿਆਉਣਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਏ ਸਕਾਲਰ ਅਤੇ ਪ੍ਰੌਫੈਸਰ ਇਸ ਨਾਲ ਵਿਦੇਸ਼ਾਂ ਵਿੱਚ ਸਿੱਖ ਕੌਣ ਹਨ, ਸਿੱਖਾਂ ਦੀ ਹੋਂਦ, ਸਿੱਖਾਂ ਦੀ ਪਹਿਚਾਣ, ਸਿੱਖ ਧਰਮ ਦਾ ਇਤਿਹਾਸ, ਸਿੱਖਾਂ ਦੀਆਂ ਮਜ਼ਲੂਮਾ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਅਤੇ ਮਾਂ ਬੋਲੀ ਪੰਜਾਬੀ ਬਾਰੇ ਵਿਲੱਖਣ ਜਾਣਕਾਰੀ ਹਾਸਲ ਕਰਕੇ ਓਥੋਂ ਦੇ ਸਕੂਲਾਂ ਵਿੱਚ ਸਿੱਖਾਂ ਬਾਰੇ ਭਰਪੂਰ ਜਾਣਕਾਰੀ ਦੇਣਗੇ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚੋਂ ਵਫਦ ਇਸੇ ਤਰ੍ਹਾਂ ਆਉਂਦੇ ਜਾਂਦੇ ਰਹਿਣੇ ਚਾਹੀਦੇ ਹਨ ਤੇ ਇਸ ਤਰ੍ਹਾਂ ਦੇ ਹਰ ਆਉਣ ਵਾਲੇ ਵਫ਼ਦ ਦੀ ਸ਼੍ਰੋਮਣੀ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਬਾਸ਼ਿੰਦਿਆਂ ਨੂੰ ਸਿੱਖਾਂ ਦੀ ਪਹਿਚਾਣ ਬਾਰੇ ਪਤਾ ਲੱਗੇਗਾ ਤੇ ਵਿਦੇਸ਼ਾਂ ਵਿੱਚ ਹੁੰਦੇ ਸਿੱਖਾਂ ਤੇ ਹਮਲਿਆਂ ਨੂੰ ਠੱਲ੍ਹ ਪਵੇਗੀ।ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਭਾਈਚਾਰਕ ਸਾਂਝ ਦਾ ਉਪਦੇਸ਼ ਦੇਂਦੇ ਹੋਏ ਸਿੱਖ ਗੁਰਧਾਮਾਂ ਦੇ ਦਰਵਾਜ਼ੇ ਹਰ ਧਰਮ ਲਈ ਬਿਨਾ ਜਾਤ-ਪਾਤ ਲਈ ਬਿਨਾ ਕਿਸੇ ਭੇਦ ਭਾਵ ਦੇ ਖੁਲ੍ਹੇ ਰੱਖੇ ਹਨ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਸਾਰੀ ਦੁਨੀਆਂ ਵਿੱਚ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਜਿੱਥੇ ਆਪਣੇ ਦੇਸ਼ ਭਾਰਤ ਲਈ ਤਰੱਕੀ, ਖੁਸ਼ਹਾਲੀ ਅਤੇ ਦੇਸ਼ ਦੀ ਰੱਖਿਆ ਖਾਤਿਰ ਕੁਰਬਾਨੀਆਂ ਦਿੱਤੀਆਂ ਓਥੇ ਵਿਦੇਸ਼ਾਂ ਦੀ ਤਰੱਕੀ, ਖੁਸ਼ਹਾਲੀ ਅਤੇ ਅਜ਼ਾਦੀ ਲਈ ਮਹੱਤਵਪੂਰਨ ਯੋਗਦਾਨ ਪਾਇਆ।
ਪੱਤਰਕਾਰਾਂ ਦੇ ਸਵਾਲ ਦਾ ਜੁਆਬ ਦੇਂਦਿਆਂ ਉਨ੍ਹਾਂ ਕਿਹਾ ਕਿ ਅਗਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ਼ ਬੋਰਡ ਉਨ੍ਹਾਂ ਨੂੰ ਓਥੋਂ ਦੇ ਗੁਰਧਾਮਾਂ ਦੀ ਸੇਵਾ ਦੇਂਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਕਰਨਗੇ।ਇਸ ਮੌਕੇ ਉਨ੍ਹਾਂ ਡਾ: ਬਲਵੰਤ ਸਿੰਘ ਢਿੱਲੋਂ, ਡਾ: ਜੀ ਐਸ ਕੰਗ, ਡਾ: ਵਾਈ ਜਾਨਸਨ, ਡਾ: ਰਾਣੀ ਚੌਧਰੀ ਅਤੇ ਉਨ੍ਹਾਂ ਨਾਲ ਆਏ ਵਫ਼ਦ ਦਾ ਧਾਰਮਿਕ ਪੁਸਤਕਾਂ ਦੇ ਸੈਟ ਅਤੇ ਸਿਰੋਪਾਓ ਦੇ ਕੇ ਧੰਨਵਾਦ ਕੀਤਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ: ਵਾਈ ਜਾਨਸਨ ਅਤੇ ਡਾ: ਰਾਣੀ ਚੌਧਰੀ ਨੇ ਕਿਹਾ ਕਿ ਫੁੱਲ ਬਰਾਈਟ ਐਜੂਕੇਸ਼ਨਲ ਫਾਊਂਡੇਸ਼ਨ ਦੇ ਸਹਿਯੋਗ ਸਦਕਾ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਮੇਰੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੰਜਾਬੀ ਸਿੱਖਣ, ਸਿੱਖ ਇਤਹਾਸ, ਸਿੱਖ ਵਿਰਸਾ ਤੇ ਸਿੱਖ ਸਭਿਆਚਾਰ ਦੀ ਜਾਣਕਾਰੀ ਲੈਣ ਲਈ ਵਫ਼ਦ ਆਏ ਹਨ।ਉਸ ਤੋਂ ਪਹਿਲਾਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋ ਕੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਆਸ਼ੀਰਵਾਦ ਲੈਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵੱਖ-ਵੱਖ ਸਕੂਲਾਂ ਕਾਲਜਾਂ ਤੋਂ ਆਏ ਇਹ ਅਧਿਆਪਕ ਇਥੋਂ ਪੰਜਾਬੀ ਸਿੱਖ ਕੇ ਅਤੇ ਸਿੱਖ ਧਰਮ ਬਾਰੇ ਹੋਰ ਜਾਣਕਾਰੀ ਇਕੱਤਰ ਕਰਕੇ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਗੇ।ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਡਾ: ਰੂਪ ਸਿੰਘ ਅਤੇ ਸ੍ਰ: ਮਨਜੀਤ ਸਿੰਘ ਸਕੱਤਰ ਵੱਲੋਂ ਕੀਤੇ ਵਿਸ਼ੇਸ਼ ਸਨਮਾਨ ਲਈ ਸਮੁੱਚੀ ਸ਼੍ਰੋਮਣੀ ਕਮੇਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ: ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਾਰਾ ਕੰਮ ਨੇਪਰੇ ਚਾੜ੍ਹਨ ਵਿੱਚ ਡਾ: ਵਾਈ ਜਾਨਸਨ ਦੇ ਇਲਾਵਾ ਡਾ: ਰਾਣੀ ਚੌਧਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਵਿੱਚ ਡਾ: ਰਾਣੀ ਚੌਧਰੀ ਏਥੇ ਆਏ ਸਨ ਤੇ ਉਨ੍ਹਾਂ ਸਾਰੀ ਜਾਣਕਾਰੀ ਇਕੱਤਰ ਕਰਕੇ ਇਸ ਸ਼ੁਭ ਕੰਮ ਲਈ ਸਭ ਨੂੰ ਪ੍ਰੇਰ ਕੇ ਏਥੇ ਲਿਆਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਅਧਿਆਪਕਾਂ ਨੂੰ ੩ ਹਫ਼ਤੇ ਦਾ ਕੋਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਵਾਇਆਂ ਜਾਵੇਗਾ। ਜਿਸ ਵਿੱਚ ਪੰਜਾਬੀ ਸਿਖਾਉਣ ਤੋਂ ਇਲਾਵਾ, ਸਿੱਖ ਇਤਹਾਸ, ਸਿੱਖ ਸਭਿਆਚਾਰ, ਸਿੱਖ ਵਿਰਸਾ ਅਤੇ ਜਾਗਰਫ਼ੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਵਫਦ ਨੂੰ ਸਿੱਖ ਗੁਰਧਾਮਾਂ ਦੇ ਦਰਸ਼ਨ ਵੀ ਕਰਵਾਏ ਜਾ ਰਹੇ ਹਨ ਅਤੇ ਵਿਸ਼ੇਸ਼ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਵੀ ਕਰਵਾਏ ਜਾਣਗੇ।ਇਸ ਮੌਕੇ ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਸਕੱਤਰ ਸਿੰਘ ਮੀਤ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਤੇ ਸ੍ਰ: ਇਕਬਾਲ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਸਲਿੰਦਰ ਸਿੰਘ ਰੀਸਰਚ ਸਕਾਲਰ, ਪ੍ਰਿੰਂਸੀਪਲ ਅਮਰਜੀਤ ਸਿੰਘ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ ਅਤੇ ਸ੍ਰ: ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਹਾਜ਼ਰ ਸਨ।