ਲੰਡਨ – ਗਰੀਸ ਨੂੰ ਰਿਣ ਸੰਕਟ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਕਰਵਾਏ ਗਏ ਮੱਤਦਾਨ ਵਿੱਚ ਜਨਤਾ ਨੇ ਯੌਰਪੀ ਸੰਘ ਵੱਲੋਂ ਪ੍ਰਸਤਾਵਿਤ ਬੇਲਆਊਟ ਦੀਆਂ ਸ਼ਰਤਾਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ। 61% ਤੋਂ ਵੀ ਵੱਧ ਗਰੀਸ ਦੇ ਲੋਕਾਂ ਨੇ ਬੇਲਆਊਟ ਦੀਆਂ ਸ਼ਰਤਾਂ ਨੂੰ ਨਕਾਰਨ ਦੇ ਪੱਖ ਵਿੱਚ ਵੋਟ ਦਿੱਤੇ ਹਨ ਅਤੇ ਸਿਰਫ਼ 39% ਲੋਕਾਂ ਨੇ ਇਸ ਦੇ ਪੱਖ ਵਿੱਚ ਵੋਟ ਦਿੱਤੇ ਹਨ।
ਗਰੀਸ ਦੇ ਮੌਜੂਦਾ ਪ੍ਰਧਾਨਮੰਤਰੀ ਅਲੈਕਸਿਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਬੇਲਆਊਟ ਦੇ ਵਿਰੋਧ ਵਿੱਚ ਵੋਟ ਦੇਣ। ਵੋਟਾਂ ਦੀ ਗਿਣਤੀ ਸਬੰਧੀ ਆਖਰੀ ਨਤੀਜੇ ਆਂਉਦਿਆਂ ਹੀ ਗਰੀਸ ਦੇ ਲੋਕ ਸੜਕਾਂ ਤੇ ਉਤਰ ਆਏ ਅਤੇ ਦੇਸ਼ ਵਿੱਚ ਜਸ਼ਨ ਦਾ ਦੌਰ ਸ਼ੁਰੂ ਹੋ ਗਿਆ। ਗਰੀਸੀ ਜਨਤਾ ਦੇ ਇਸ ਪੈਂਸਲੇ ਨਾਲ ਯੌਰਪ ਦੀ ਮੁਦਰਾ ਯੂਰੋ ਵਿੱਚ ਗਿਰਾਵਟ ਆ ਰਹੀ ਹੈ। ਗਰੀਸੀ ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਸਾਡੇ ਦੇਸ਼ ਦੀ ਜਨਤਾ ਨੇ ਵਿਪਰੀਤ ਪ੍ਰਸਥਿਤੀਆਂ ਵਿੱਚ ਵੀ ਬਹਾਦਰੀ ਵਾਲਾ ਫੈਂਸਲਾ ਕੀਤਾ ਹੈ।ਸਰਕਾਰ ਨੇ ਯੌਰਪੀ ਸੰਘ ਵੱਲੋਂ ਬੇਲਆਊਟ ਪੈਕੇਜ ਦੀਆਂ ਸ਼ਰਤਾਂ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅਪਮਾਨਜਨਕ ਦੱਸਿਆ ਹੈ।
ਦੇਸ਼ ਵਿੱਚਲੀ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬੇਲਆਊਟ ਦੀਆਂ ਸ਼ਰਤਾਂ ਨੂੰ ਨਕਾਰਨ ਕਰਕੇ ਗਰੀਸ ਨੂੰ ਯੂਰੋਜ਼ੋਨ ਤੋਂ ਬਾਹਰ ਹੋਣ ਦਾ ਖਤਰਾ ਉਠਾਉਣਾ ਪੈ ਸਕਦਾ ਹੈ, ਜਿਸ ਨਾਲ ਦੇਸ਼ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।