ਤਲਵੰਡੀ ਸਾਬੋ:ਜਿਵੇਂ ਕਿ ਸਮੁੱਚਾ ਦੇਸ਼ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 1 ਤੋਂ 7 ਜੁਲਾਈ ਤੱਕ ‘ਡਿਜ਼ੀਟਲ ਇੰਡੀਆ’ ਹਫਤਾ ਮਨਾ ਰਿਹਾ ਹੈ, ਇਸੇ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ‘ਡਿਜ਼ੀਟਲ ਇੰਡੀਆ’ ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਹਾਲ ਵਿਚ ਕੀਤਾ ਗਿਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉੱਚ ਅਧਿਕਾਰੀਆਂ ਦੇ ਨਾਲ ਸਮੂਹ ਅਧਿਆਪਕੀ ਅਤੇ ਗ਼ੈਰ-ਅਧਿਆਪਕੀ ਅਮਲੇ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਵਕਤਾ ਪ੍ਰੋ. ਅਸ਼ਵਨੀ ਸੇਠੀ, ਡਿਪਟੀ ਡਾਇਰੈਕਟਰ ਨੇ ਅਲੱਗ-ਅਲੱਗ ਹਵਾਲਿਆਂ ਦੇ ਜ਼ਰੀਏ ‘ਡਿਜ਼ੀਟਲ ਇੰਡੀਆ’ ਦਾ ਪੱਖ ਸਰੋਤਿਆਂ ਦੇ ਰੂ-ਬ-ਰੂ ਕੀਤਾ ਅਤੇ ਨਾਲ ਹੀ ਪੀ ਪੀ ਟੀ ਦੁਆਰਾ ਵੱਖ-ਵੱਖ ਸਰਟੀਫਾਈਡ ਕੋਰਸਾਂ, ਨਵੀਨਤਮ ਸਾੱਫਟਵੇਅਰ ਅਤੇ ਸਪੋਕਨ ਟਿਊਟੋਰੀਅਲ ਦੇ ਲਾਭ ਬਾਰੇ ਵੀ ਵਿਸਥਾਰਤ ਚਰਚਾ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਡਿਜ਼ੀਟਲ ਇੰਡੀਆ’ ਵਰਗੇ ਮਹਾਨ ਉਪਰਾਲੇ ਯਕੀਨਨ ਹੀ ਭਾਰਤ ਨੂੰ ਵਿਕਸਤ ਦੇਸ਼ਾਂ ਦੇ ਬਰਾਬਰ ਖੜ੍ਹਾ ਕਰਨਗੇ। ਜਿੱਥੋਂ ਤੱਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਡਿਜੀਟਲਾਈਜੇਸ਼ਨ ਦਾ ਯੋਗਦਾਨ ਹੈ, ਖੋਜ ਖੇਤਰ ਦੇ ਸਤਰ ਵਿਚ ਵੀ ਅਥਾਹ ਵਾਧਾ ਹੋਵੇਗਾ ਅਤੇ ਵਿਦਿਆਰਥੀਆਂ ਦਾ ਰੁਝਾਨ ਇਸ ਪਾਸੇ ਹੋਰ ਵਧੇਗਾ। ਇਸਦੇ ਨਾਲ ਹੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਖੁਦ ਕੁੱਝ ਅਜਿਹੇ ਸਾੱਫਟਵੇਅਰ ਤਿਆਰ ਕਰ ਰਹੀ ਹੈ ਜੋ ਕਿ ਵਿਦਿਆਰਥੀ ਵਰਗ ਦੇ ਨਾਲ-ਨਾਲ ਦਫਤਰੀ ਕੰਮਕਾਜ ਵਿਚ ਬਹੁਤ ਮਹੱਤਵਪੂਰਨ ਸਿੱਧ ਹੋਣਗੇ। ਪੜ੍ਹਾਈ ਦੇ ਨਾਲ ਮੇਲ ਖਾਂਦੇ ਇਸ ਡਿਜ਼ੀਟਲ ਹਫਤੇ ਦੇ ਸਮਾਗਮ ਦਾ ਹਰ ਕਿਸੇ ਨੇ ਲੁਤਫ ਉਠਾਉਂਦੇ ਹੋਏ ਆਪਣੇ ਗਿਆਨ ਵਿਚ ਵਾਧਾ ਕੀਤਾ।ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਨਿਭਾਈ ਅਤੇ ਪ੍ਰੋ. ਰਮਨਦੀਪ ਸਿੰਘ ਦਾ ਸਮੁੱਚੀ ਕਾਰਗੁਜ਼ਾਰੀ ਵਿਚ ਮਹੱਤਵਪੂਰਨ ਯੋਗਦਾਨ ਰਿਹਾ।