ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਅੰਮ੍ਰਿਤਸਰ ਵਿਚ ਸਥਾਈ ਕਨਵੈਨਸ਼ਨ ਕੇਂਦਰ ਸਥਾਪਤ ਕੀਤਾ ਜਿਸ ਦਾ ਐਲਾਨ ਉਨ੍ਹਾਂ ਨੇ 14 ਦਸੰਬਰ, 2010 ਨੂੰ ਕੀਤਾ ਸੀ।ਮੰਚ ਆਗੂ ਨੇ ਬਾਦਲ ਸਾਹਿਬ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਪੰਜਵੇਂ ਪੰਜਾਬ ਅੰਤਰ-ਰਾਸ਼ਟਰੀ ਵਪਾਰ ਮੇਲੇ ਦੇ ਸਮਾਪਤੀ ਸਮਾਗਮ ਸਮੇਂ 14 ਦਸੰਬਰ, 2010 ਨੂੰ ਬਤੌਰ ਮੁੱਖ ਮਹਿਮਾਨ ਕਿਹਾ ਸੀ ਕਿ ਪੰਜਾਬ ਸਰਕਾਰ ਵਲੋਂ ਪੀ ਐਚ ਡੀ ਚੈਂਬਰ ਦੇ ਸਹਿਯੋਗ ਨਾਲ ਇਕ ਸਥਾਈ ਕਨਵੈਨਸ਼ਨ ਕੇਂਦਰ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਸਥਾਪਤ ਕੀਤਾ ਜਾਵੇਗਾ ਤਾਂ ਜੋ ਵਪਾਰ ਮੇਲੇ ਲਈ ਹਰ ਸਾਲ ਆਰਜ਼ੀ ਪ੍ਰਬੰਧ ਨਾ ਕਰਨਾ ਪਵੇਗਾ। ਇਸ ਐਲਾਨ ਦਾ ਸੁਆਗਤ ਕਰਦੇ ਹੋਏ ਉਸ ਸਮੇਂ ਦੇ ਪੀ ਐਚ ਡੀ ਸੀ ਸੀ ਆਈ ਦੀ ਪੰਜਾਬ ਕਮੇਟੀ ਦੇ ਚੇਅਰਮੈਨ ਸ੍ਰੀ ਰਾਜੀਵ ਬਾਲੀ ਨੇ ਕਿਹਾ ਸੀ ਕਿ ਸਥਾਈ ਕਨਵੈਨਸ਼ਨ ਕੇਂਦਰ ਸਮੇਂ ਦੀ ਸਖ਼ਤ ਲੋੜ ਹੈ ਤੇ ਇਸ ਨਾਲ ਇਸ ਵਪਾਰ ਮੇਲੇ ਵਿਚ ਹੋਰ ਸੁਧਾਰ ਆਵੇਗਾ। ਉਪ-ਮੁਖ-ਮੰਤਰੀ ਨੇ ਕਿਹਾ ਸੀ ਕਿ ਫਰੈਕਫਰਟ (ਜਰਮਨੀ) ਤੇ ਡੁਬਈ ਅਜਿਹੇ ਐਕਸਪ ਮੇਲਿਆਂ ਕਰਕੇ ਤਰੱਕੀ ਕਰ ਰਹੇ ਹਨ ਤੇ ਸਾਨੂੰ ਵੀ ਆਪਣੇ ਸ਼ਹਿਰਾਂ ਨੂੰ ਇਨ੍ਹਾਂ ਵਾਂਗ ਵਿਕਸਿਤ ਕਰਨਾ ਹੋਵੇਗਾ। 5 ਸਾਲ ਬੀਤ ਜਾਣ ਦੇ ਬਾਵਜੂਦ ਇਹ ਐਲਾਨ ਅਖ਼ਬਾਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ।