ਇੱਕ ਕਾਗਜ਼ ਚੁੱਕੋ ਤੇ ਉਸ ਉੱਤੇ ਅੱਗੇ ਪੁੱਛੇ ਸਵਾਲਾਂ ਦੇ ਜਵਾਬ ਲਿਖਣੇ ਸ਼ੁਰੂ ਕਰੋ! ਪਹਿਲਾਂ ਦੁੱਖੀ ਹੋਣ ਦਾ ਕਾਰਣ ਲੱਭਿਆ ਜਾਏ ਤਾਂ ਇਲਾਜ ਵਧੀਆ ਹੋ ਸਕਦਾ ਹੈ।
1. ਕੀ ਹਾਦਸਾ ਸਿਰਫ਼ ਤੁਹਾਡੇ ਨਾਲ ਵਾਪਰਿਆ ਹੈ ਅਤੇ ਅਜਿਹਾ ਕਿਸੇ ਹੋਰ ਨਾਲ ਕਦੇ ਨਹੀਂ ਹੋਇਆ?
2. ਕੀ ਕਿਸੇ ਹੋਰ ਦੀਆਂ ਪ੍ਰਾਪਤੀਆਂ ਕਾਰਣ ਮਨ ਦੁੱਖੀ ਹੋਇਆ ਹੈ?
3. ਕੀ ਤੁਸੀਂ ਅਜ ਤਕ ਕਦੇ ਕਿਸੇ ਗੱਲ ਲਈ ਖੁਸ਼ੀ ਮਨਾਈ ਹੈ?
4. ਪਿਛਲੀ ਵਾਰ ਕਦੋਂ ਹੱਸੇ ਸੀ?
5. ਕੀ ਰੋਣ ਨੂੰ ਦਿਲ ਕਰਦਾ ਰਹਿੰਦਾ ਹੈ?
6. ਕੀ ਇਕੱਲੇ ਮਹਿਸੂਸ ਕਰ ਰਹੇ ਹੋ?
7. ਕੀ ਰੋਣ ਤੋਂ ਬਾਅਦ ਮਨ ਕਾਫੀ ਹਲਕਾ ਮਹਿਸੂਸ ਹੁੰਦਾ ਹੈ?
8. ਕੀ ਤੁਹਾਡੇ ਅਨੁਸਾਰ ਲੋਕ ਨਹੀਂ ਚਲ ਰਹੇ?
9. ਕੀ ਤੁਹਾਡੀ ਜ਼ਿੰਦਗੀ ਬੇਮਾਇਨੇ ਲੰਘ ਰਹੀ ਹੈ?
10. ਕੀ ਤੁਹਾਨੂੰ ਜ਼ਿੰਦਗੀ ਤੋਂ ਕਾਫ਼ੀ ਸ਼ਿਕਾਇਤਾਂ ਹਨ?
11. ਕੀ ਕਿਸੇ ਹੋਰ ਦੀ ਮੁਸਕਾਨ ਤੁਹਾਨੂੰ ਤਕਲੀਫ਼ ਦਿੰਦੀ ਹੈ?
12. ਕੀ ਤੁਸੀਂ ਉੱਚੇ ਅਹੁਦੇ ਤੋਂ ਹੇਠਾਂ ਖਿਸਕੇ ਹੋ?
13. ਕੀ ਤੁਹਾਨੂੰ ਦੂਜੇ ਨਾਲੋਂ ਕੁੱਝ ਘਟ ਹਾਸਲ ਹੋਇਆ ਹੈ?
ਅੱਗੇ ਹੋਰ ਸਵਾਲਾਂ ਦੇ ਜਵਾਬ ਲਿਖਣ ਨਾਲੋਂ ਪਹਿਲਾਂ ਕੁਦਰਤ ਦੇ ਇਕ ਕਰਿਸ਼ਮੇ ਦੀ ਗੱਲ ਕਰੀਏ। ਇਜ਼ਰਾਈਲ ਵਿਚ ਜੌਰਡਨ ਦਰਿਆ ਵਗਦਾ ਹੈ। ਉਸ ਉੱਤੇ ਦੋ ਖੂਬਸੂਰਤ ਸਮੁੰਦਰ ਬਣੇ ਹੋਏ ਹਨ। ਪਹਿਲਾ ਸਮੁੰਦਰ ਹੈ ‘ਗੈਲੀਲੀ’ ਜਿਸ ਵਿਚ ਕਮਾਲ ਦੇ ਸਮੁੰਦਰੀ ਜੀਵ ਅਤੇ ਆਲੇ-ਦੁਆਲੇ ਏਨੇ ਖੂਬਸੂਰਤ ਦਰੱਖ਼ਤ ਬੂਟੇ ਹਨ ਕਿ ਸੈਨਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਸਮੁੰਦਰ ਵਿਚ ਜਿੰਨਾ ਪਾਣੀ ਜੌਰਡਨ ਦਰਿਆ ਦਾ ਵੜਦਾ ਹੈ, ਓਨਾ ਹੀ ਦੂਜੇ ਪਾਸਿਓਂ ਨਿਕਲ ਕੇ ਅਗਾਂਹ ਲੰਘ ਜਾਂਦਾ ਹੈ।
ਅੱਗੇ ਆਉਂਦਾ ਹੈ ਇਕ ਹੋਰ ਸਮੁੰਦਰ ਜਿਸ ਵਿਚ ਪਹੁੰਚ ਕੇ ਜੌਰਡਨ ਦਰਿਆ ਖ਼ਤਮ ਹੋ ਜਾਂਦਾ ਹੈ। ਇਸ ਨੂੰ ‘ਡੈਡ ਸਮੁੰਦਰ’ ਕਹਿੰਦੇ ਹਨ। ਇਹ ਸਮੁੰਦਰੀ ਤਲ ਤੋਂ 1400 ਫੁੱਟ ਡੂੰਘਾ ਹੈ। ਇਸ ਵਿੱਚੋਂ ਇਕ ਬੂੰਦ ਪਾਣੀ ਵੀ ਅਗਾਂਹ ਨਹੀਂ ਵਗਦਾ। ਗਲਫ ਆਫ ਮੈਕਸੀਕੋ ਨਾਲੋਂ 10 ਗੁਣਾ ਵਧ ਲੂਣ ਇਸ ਵਿਚ ਜਮਾਂ ਹੋ ਚੁੱਕਿਆ ਹੈ ਯਾਨੀ 35 ਫੀਸਦੀ ਵਾਧੂ ਲੂਣ ਜੋ ਕਿਸੇ ਸਮੁੰਦਰੀ ਜੀਵ ਨੂੰ ਜ਼ਿੰਦਾ ਨਹੀਂ ਰਹਿਣ ਦਿੰਦਾ । ਜੇ ਗ਼ਲਤੀ ਨਾਲ ਕਿਤੇ ਇਸ ਸਮੁੰਦਰ ਵਿਚ ਤੈਰਨ ਦੀ ਕੋਸ਼ਿਸ਼ ਕਰੋ ਤਾਂ ਇਹ ਸਰੀਰ ਨੂੰ ਏਨੇ ਲੂਣ ਨਾਲ ਭਰ ਦਿੰਦਾ ਹੈ ਤੇ ਉਤਾਂਹ ਹੀ ਚੁੱਕੀ ਰੱਖਦਾ ਹੈ ਕਿ ਦੁਬਾਰਾ ਖਲੋਣ ਲਈ ਪਹਿਲਾਂ ਨਹਾਉਣਾ ਪੈਂਦਾ ਹੈ ਤਾਂ ਜੋ ਆਕੜੇ ਸਰੀਰ ਉੱਤੋਂ ਵਾਧੂ ਲੂਣ ਲਾਹਿਆ ਜਾ ਸਕੇ। ਜੇ ਕਿਤੇ ਅੱਖਾਂ ਵਿਚ ਪੈ ਜਾਏ ਤਾਂ ਅੱਖਾਂ ਖੁੱਲਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਮੂੰਹ ਅੰਦਰ ਪਾਣੀ ਲੰਘਾਉਣ ਨਾਲ ਮੌਤ ਵੀ ਹੋ ਸਕਦੀ ਹੈ!
ਇਹ ਧਰਤੀ ਦਾ ਸੱਭ ਤੋਂ ਨੀਵਾਂ ਹਿੱਸਾ ਹੈ, ਕਿਉਂਕਿ ਇਸ ਵਿੱਚੋਂ ਸੱਤ ਮਿਲੀਅਨ ਟਨ ਪਾਣੀ ਰੋਜ਼ ਭਾਵ ਬਣ ਕੇ ਉੱਡਦਾ ਹੈ। ਇਸ ਵਿੱਚੋਂ ਪਾਣੀ ਅਗਾਂਹ ਲੰਘ ਜਾਣ ਦਾ ਕੋਈ ਰਸਤਾ ਨਹੀਂ। ਇਸੇ ਲਈ ਉਡਦੇ ਪਾਣੀ ਤੋਂ ਬਾਅਦ ਬਚਦਾ ਹੈ ਸਿਰਫ਼ ਲੂਣ। ਏਨਾ ਲੂਣ ਜਿਸ ਵਿਚ ਕੁੱਝ ਵੀ ਪਨਪ ਨਹੀਂ ਸਕਦਾ। ਇੱਥੇ ਦਾ ਉਦਾਸ ਵਾਤਾਵਰਨ ਉਹੋ ਕੁੱਝ ਬਿਆਨ ਕਰਦਾ ਹੈ ਜੋ ਇਨਸਾਨੀ ਜੀਵਨ ਨਾਲ ਸੰਬੰਧਤ ਹੈ।
ਰਤਾ ਧਿਆਨ ਕਰੀਏ ਕਿ ਇੱਕੋ ਦਰਿਆ ਤੇ ਉਸੇ ਉ¤ਤੇ ਦੋ ਵੱਖੋ ਵੱਖ ਸਮੁੰਦਰ! ਦੋਨਾਂ ਵਿਚ ਕਿੰਨਾ ਫ਼ਰਕ! ਇਕ ਵਿਚ ਜ਼ਿੰਦਗੀ ਧੜਕਦੀ ਹੈ ਤੇ ਦੂਜੇ ਵਿਚ ਮੌਤ ਦਾ ਤਾਂਡਵ।
ਇਕ ਵਿੱਚ ਜਿੰਨਾ ਪਾਣੀ ਵੜਦਾ ਹੈ, ਓਨਾ ਹੀ ਅਗਾਂਹ ਨਿਕਲ ਜਾਂਦਾ ਹੈ ਤੇ ਦੂਜੇ ਵਿਚ ਸਿਰਫ਼ ਅੰਦਰ ਲੰਘਣ ਦਾ ਰਾਹ ਹੈ, ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ।
ਬਿਲਕੁਲ ਇਹੋ ਇਨਸਾਨੀ ਮਨ ਦਾ ਹਾਲ ਹੁੰਦਾ ਹੈ। ਜਿੰਨਾ ਕੂੜ-ਕਬਾੜ, ਗੰਦ-ਬਲਾ, ਕੌੜ, ਗੁੱਸਾ ਮਨ ਅੰਦਰ ਸਾਂਭੀ ਜਾਓ ਅਤੇ ਨਿਕਲਣ ਦਾ ਰਸਤਾ ਨਾ ਦਿਓ, ਉਹ ਮਨ ‘ਮੁਰਦਾ ਸਮੁੰਦਰ’ ਵਾਂਗ ਬਣ ਜਾਂਦਾ ਹੈ, ਜਿਸ ਵਿਚ ਕੁੱਝ ਉਸਾਰੂ ਪਨਪ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਅਜਿਹੇ ਇਨਸਾਨ ਨੂੰ ਪਿਆਰ ਕਰ ਸਕਦਾ ਹੈ। ਲੋਕ ਅਜਿਹੇ ਬੰਦੇ ਤੋਂ ਕਿਨਾਰਾ ਕਰ ਲੈਂਦੇ ਹਨ।
ਜਿੰਨਾ ਮਿਲੇ, ਓਨਾ ਅਗਾਂਹ ਵੰਡ ਕੇ ਮਨ ਉਪਜਾਊ ਬਣ ਜਾਂਦਾ ਹੈ। ਗਿਆਨ ਵੰਡੋ ਤਾਂ ਉਸ ਵਿਚ ਵਾਧਾ ਹੁੰਦਾ ਹੈ। ਖੁਸ਼ੀ ਵੰਡੋ ਤਾਂ ਮਨ ਅੰਦਰਲਾ ਦੁਖ ਆਪਣੇ ਆਪ ਘਟ ਜਾਂਦਾ ਹੈ। ਦੂਜੇ ਬਾਰੇ ਵਧੀਆ ਸ਼ਬਦ ਬੋਲਦੇ ਸਾਰ ਦਿਮਾਗ਼ ਵਿਚ ਭਰੀ ਮਾੜੀ ਸ਼ਬਦਾਵਲੀ ਆਪੇ ਹੀ ਘੱਟ ਜਾਂਦੀ ਹੈ ਤੇ ਮਨ ਹਲਕਾ ਫੁੱਲ ਬਣ ਜਾਂਦਾ ਹੈ।
ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਇਕੱਲੇ ਪੌੜੀਆਂ ਚੜ੍ਹਦੇ ਰਹਿਣ ਨਾਲ ਸਿਖ਼ਰ ਉੱਤੇ ਇਕੱਲੇ ਹੀ ਰਹਿ ਜਾਈਦਾ ਹੈ। ਇਸੇ ਲਈ ਗੈਲੀਲੀ ਸਮੁੰਦਰ ਵਾਂਗ ਆਪਣੇ ਮਨ ਅੰਦਰ ਹੋਰਨਾਂ ਲਈ ਥਾਂ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਸਕਣ। ਜਿਵੇਂ ਸਮੁੰਦਰ ਵਿਚਲੇ ਖਾਰੇਪਨ ਨੂੰ ਅਗਾਂਹ ਤੋਰਦੇ ਰਹਿਣ ਨਾਲ ਉਸ ਵਿਚਲੀ ਖਾਰ ਘਟਦੀ ਹੈ ਤੇ ਜ਼ਿੰਦਗੀ ਪਨਪਦੀ ਹੈ, ਇੰਝ ਹੀ ਮਨ ਅੰਦਰਲੀ ਕੌੜ ਅਤੇ ਉਦਾਸੀ ਨੂੰ ਬਾਹਰ ਨਿਕਲ ਜਾਣ ਦਾ ਰਸਤਾ ਵਿਖਾਉਣਾ ਜ਼ਰੂਰੀ ਹੁੰਦਾ ਹੈ।
ਸ਼ੁਰੂ ਵਿਚ ਪੁੱਛੇ ਸਾਰੇ ਸਵਾਲ ਇਹੋ ਸਮਝਣ ਲਈ ਸਨ ਕਿ ਅਸੀਂ ਕਿਤੇ ਮੁਰਦਾ ਸਮੁੰਦਰ ਵਾਂਗ ਤਾਂ ਨਹੀਂ ਬਣਦੇ ਜਾ ਰਹੇ? ਸੱਭ ਕੁੱਝ ਮਨ ਅੰਦਰ ਸਾਂਭ ਕੇ ਏਨੀ ਕੌੜ ਇਕੱਠੀ ਕਰ ਲਈ ਹੈ ਕਿ ਉਸ ਦੇ ਨਿਕਲ ਜਾਣ ਦੇ ਸਭ ਰਸਤੇ ਬੰਦ ਹੋ ਗਏ ਹਨ!
ਯਾਨੀ ਵਕਤ ਕੱਟੀ ਕਰ ਰਹੇ ਹਾਂ ਪਰ ਜ਼ਿੰਦਗੀ ਨੂੰ ਜੀਊਣਾ ਭੁੱਲ ਗਏ ਹਾਂ! ਸਿਰਫ਼ ਮੰਜ਼ਿਲ ਵਲ ਧਿਆਨ ਟਿਕ ਚੁੱਕਿਆ ਹੈ, ਭਾਵੇਂ ਆਪਣੀ ਹੋਵੇ ਜਾਂ ਕਿਸੇ ਦੀ! ਆਪਣੀ ਨਾ ਹਾਸਲ ਹੋਵੇ, ਤਾਂ ਦੁਖੀ ਅਤੇ ਜੇ ਦੂਜੇ ਨੂੰ ਹਾਸਲ ਹੋ ਜਾਵੇ, ਤਾਂ ਵੀ ਦੁੱਖੀ!
ਮੰਜ਼ਿਲ ਤਕ ਪਹੁੰਚਣ ਦਾ ਰਾਹ ਅਤੇ ਉਸ ਨੂੰ ਪਾਉਣ ਵਿਚ ਮਿਲੇ ਲੋਕ, ਉਨ੍ਹਾਂ ਦਾ ਤਜ਼ਰਬਾ ਅਤੇ ਉਸ ਸਮੇਂ ਦੇ ਦੋਸਤ, ਸੱਭ ਕੁਦਰਤ ਵੱਲੋਂ ਮਿਲੀਆਂ ਸੁਗਾਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਸਿਰਫ਼ ਇਕ ਜ਼ਰੀਆ ਮੰਨ ਕੇ ਛਡ ਦੇਣ ਨਾਲ ਅਸੀਂ ਮੁਰਦਾ ਸਮੁੰਦਰ ਦੇ ਰਾਹ ਵੱਲ ਤੁਰ ਪਏ ਹਾਂ। ਇਹੋ ਕਾਰਣ ਹੈ ਕਿ ਅਸੀਂ ਪ੍ਰਾਪਤੀਆਂ ਦੇ ਚੱਕਰ ਵਿਚ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ। ਜਦੋਂ ਮਨ ਖੁਸ਼ੀ ਮਨਾਉਣ ਨੂੰ ਕਰੇ ਤਾਂ ਦੋਸਤ ਕਿਤੇ ਪਿਛਾਂਹ ਰਹਿ ਚੁੱਕੇ ਹੁੰਦੇ ਹਨ। ਉਸ ਸਮੇਂ ਇੰਜ ਜਾਪਣ ਲੱਗ ਪੈਂਦਾ ਹੈ ਕਿ ਲੋਕ ਸਾਡੇ ਅਨੁਸਾਰ ਨਹੀਂ ਚੱਲਦੇ। ਦਰਅਸਲ ਉਦੋਂ ਉਹ ਵੀ ਆਪੋ ਆਪਣੀ ਮੰਜ਼ਿਲ ਵਲ ਵਧ ਰਹੇ ਹੁੰਦੇ ਹਨ ਤੇ ਸਾਡੇ ਪ੍ਰਤੀ ਸਾੜੇ ਨਾਲ ਭਰ ਕੇ ਪਰ੍ਹਾਂ ਹੋ ਚੁੱਕੇ ਹੁੰਦੇ ਹਨ।
ਫਿਰ ਸ਼ੁਰੂ ਹੁੰਦੀਆਂ ਹਨ ਜ਼ਿੰਦਗੀ ਪ੍ਰਤੀ ਸ਼ਿਕਾਇਤਾਂ।
ਅਸੀਂ ਹੱਸਣਾ ਭੁੱਲ ਕੇ ਸਿਰਫ਼ ਦੁਖ ਨੂੰ ਜੱਫਾ ਮਾਰ ਕੇ ਬਹਿ ਜਾਂਦੇ ਹਾਂ ਜੋ ਸਾਡੇ ਅੰਦਰਲੇ ਮੁਰਦਾ ਸਮੁੰਦਰ ਵਾਂਗ ਹੀ ਜਮਾਂ ਹੋ ਚੁੱਕਿਆ ਵਾਧੂ ਲੂਣ ਹੁੰਦਾ ਹੈ।
ਇਸ ਸ਼ਿਕਾਇਤਾਂ ਰੂਪੀ ਲੂਣ ਨੂੰ ਜੇ ਵੇਲੇ ਸਿਰ ਬਾਹਰ ਨਿਕਲ ਜਾਣ ਦਾ ਮੌਕਾ ਨਾ ਦਿੱਤਾ ਗਿਆ ਤਾਂ ਵਾਕਈ ਜ਼ਿੰਦਗੀ ਵਿਚ ਇਕੱਲੇ ਰਹਿ ਗਏ ਸਮਝੋ!
ਇਲਾਜ ਹੈ, ਉਹ ਵੀ ਪੱਕਾ! ਗੈਲੀਲੀ ਸਮੁੰਦਰ ਵਾਂਗ ਜਿੰਨਾ ਮਿਲ ਰਿਹਾ ਹੈ, ਓਨਾ ਵੰਡਦੇ ਰਹੋ! ਰੱਜ ਕੇ ਦੂਜਿਆਂ ਦੀ ਤਾਰੀਫ਼ ਕਰੋ! ਖੁਸ਼ੀਆਂ ਵੰਡੋ। ਲੰਘਦੇ ਵੜਦਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਕਹੋ! ਦੋਸਤ ਬਣਾਉਣ ਲਈ ਜੱਫੀਆਂ ਪਾਓ! ਰਿਸ਼ਤੇਦਾਰਾਂ ਨੂੰ ਗਲਵਕੜੀ ਵਿਚ ਲੈ ਗੱਲ ਕਰੋ! ਵੇਖੋ ਫੇਰ ਜ਼ਿੰਦਗੀ ਪ੍ਰਤੀ ਕਿੰਨਾ ਹਾਂ-ਪੱਖੀ ਨਜ਼ਰੀਆ ਹੋ ਜਾਂਦਾ ਹੈ!
ਆਪਣੇ ਤੋਂ ਉਤਾਂਹ ਲੰਘ ਚੁੱਕੇ ਨਾਲੋਂ ਆਪਣੇ ਤੋਂ ਹੇਠਾਂ ਰਹਿ ਚੁੱਕੇ ਵੱਲ ਝਾਤ ਮਾਰੋ। ਉਸ ਨੂੰ ਖੇੜਾ ਵੰਡੋ ਤੇ ਫ਼ਰਕ ਵੇਖੋ। ਘਰ ਕੰਮ ਕਰਦੇ ਨੌਕਰ ਜਾਂ ਮਾਈ ਨਾਲ ਹੀ ਦੋ ਪਲ ਪਿਆਰ ਦੇ ਬੋਲ ਕੇ ਵੇਖੋ, ਦਸ ਘਰਾਂ ਵਿਚ ਤੁਹਾਡੀ ਸਿਫ਼ਤ ਕਰਨਗੇ! ਲਓ ਜੀ, ਤੁਸੀਂ ਬਣ ਗਏ ਡੈਡ ਸਮੁੰਦਰ ਤੋਂ ਗੈਲੀਲੀ ਸਮੁੰਦਰ!
ਇਹੋ ਹੈ ਬਦਲਾ ਲਊ ਭਾਵਨਾ ਛੱਡ ਕੇ ਸੁੱਖੀ ਮਹਿਸੂਸ ਕਰਨ ਦਾ ਰਾਜ਼। ਪਰ, ਆਪ ਅਜ਼ਮਾਉਣਾ ਪੈਂਦਾ ਹੈ। ਘੱਲੋ ਫੇਰ ਪਹਿਲਾ ਖ਼ਤ ਮੈਨੂੰ ਕਿ ਕਿਵੇਂ ਤੁਸੀਂ ਆਪਣਾ ਦੁੱਖ ਘਟਾਇਆ ਤਾਂ ਜੋ ਹੋਰ ਵੀ ਮੁਰਦਾ ਸਮੁੰਦਰ ਬਣ ਜਾਣ ਤੋਂ ਬਚ ਸਕਣ!
ਜਿਨ੍ਹਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹ ਕੁੱਝ ਕਰਨ ਜੋਗੇ ਨਹੀਂ, ਤਾਂ ਇਸ ਘਟਨਾ ਬਾਰੇ ਸੁਣੋ। ਇਕ ਸਮੁੰਦਰ ਕਿਨਾਰੇ ਢੇਰ ਸਾਰੀਆਂ ‘ਸਟਾਰ ਮੱਛੀਆਂ’ ਬਾਹਰ ਪਈਆਂ ਤੜਫ਼ ਰਹੀਆਂ ਸਨ। ਇਕ ਬੰਦਾ ਸੈਰ ਕਰਦਾ ਉਨ੍ਹਾਂ ਵਿੱਚੋਂ ਕਈਆਂ ਨੂੰ ਚੁੱਕ ਕੇ ਵਾਪਸ ਸਮੁੰਦਰ ਵਿਚ ਸੁੱਟਦਾ ਜਾਂਦਾ ਸੀ ਤਾਂ ਦੂਜੇ ਨੇ ਟਿੱਚਰ ਕੀਤੀ ਕਿ ਇਹ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਹਨ, ਉਹ ਕਿੰਨਿਆਂ ਦੀ ਜਾਨ ਬਚਾ ਸਕੇਗਾ? ਰੋਜ਼ ਸਮੁੰਦਰ ਵਿੱਚੋਂ ਛੱਲਾਂ ਨਾਲ ਅਨੇਕ ਬਾਹਰ ਆ ਕੇ ਮਰਦੀਆਂ ਰਹਿੰਦੀਆਂ ਹਨ।
ਇਸ ਉੱਤੇ ਉਹ ਬੰਦਾ ਇਕ ਹੋਰ ਮੱਛੀ ਚੁੱਕ ਕੇ ਵਾਪਸ ਸੁੱਟਦਾ ਹੋਇਆ ਬੋਲਿਆ, ‘‘ਪਰਵਾਹ ਨਾ ਕਰ! ਮੈਂ ਜਿੰਨੀਆਂ ਵੀ ਬਚਾ ਸਕਦਾ ਹਾਂ, ਆਪਣਾ ਰੋਲ ਅਦਾ ਕਰਦਿਆਂ ਬਚਾ ਰਿਹਾ ਹਾਂ ਅਤੇ ਉਸੇ ਨਾਲ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਪੂਰੀ ਧਰਤੀ ਨੂੰ ਸੁਆਰ ਦੇਣ ਦਾ ਜਿੰਮਾ ਮੇਰਾ ਨਹੀਂ ਹੈ।’’
ਬਸ ਮੈਂ ਵੀ ਏਨਾ ਕੁ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਪੂਰੀ ਦੁਨੀਆਂ ਨੂੰ ਆਪਣੇ ਅਨੁਸਾਰ ਢਾਲ ਲੈਣ ਦਾ ਯਤਨ ਛੱਡ ਕੇ ਸਿਰਫ਼ ਆਪਣਾ ਰੋਲ ਅਦਾ ਕਰਨ ਦੀ ਕੋਸਿਸ਼ ਕਰਦੇ ਹੋਏ ਜਿੰਨੀ ਵੀ ਜ਼ਿੰਦਗੀ ਹੈ, ਖੁਸ਼ੀ ਨਾਲ ਲੰਘਾ ਸਕੀਏ। ਜ਼ਮੀਨ ਗਿੱਲੀ ਹੈ ਤਾਂ ਪੂਰੀ ਧਰਤੀ ਉੱਤੇ ਕਾਲੀਨ ਨਹੀਂ ਵਿਛਾਈਦਾ। ਪੈਰੀਂ ਜੁੱਤੀ ਪਾ ਲੈਣੀ ਬਿਹਤਰ ਹੁੰਦੀ ਹੈ।
ਸਫ਼ਲ ਜ਼ਿੰਦਗੀ ਦਾ ਨਿਚੋੜ ਇਹੋ ਹੈ ਕਿ ਜੋ ਕੁੱਝ ਸਾਡਾ ਹੈ, ਉਹ ਸਾਡੇ ਕੋਲ ਆਉਂਦਾ ਜ਼ਰੂਰ ਹੈ! ਸ਼ਰਤ ਹੈ ਕਿ ਅਸੀਂ ਉਸ ਨੂੰ ਗ੍ਰਹਿਣ ਕਰਨ ਦੀ ਸਮਰਥਾ ਰੱਖਦੇ ਹੋਈਏ! ਖੁਸ਼ੀ ਪਿੱਛੇ ਭੱਜਣ ਦੀ ਲੋੜ ਨਹੀਂ। ਉਹ ਤਾਂ ਸਾਡੇ ਦੁਆਲੇ ਹੀ ਫਿਰਦੀ ਹੈ। ਸਿਰਫ਼ ਮਹਿਸੂਸ ਕਰਨ ਦੀ ਲੋੜ ਹੈ!
ਜੇ ਜਵਾਨੀ ਤੇ ਸਫਲਤਾ ਸਦਾ ਮਾਨਣ ਵਾਲੀ ਸ਼ੈਅ ਨਹੀਂ ਹਨ ਤਾਂ ਦੁਸ਼ਟਾਂ ਦੀ ਮਿਹਰ ਵੀ ਸਦਾ ਸਾਡੇ ਉੱਤੇ ਹੀ ਨਹੀਂ ਰਹੇਗੀ! ਉਹ ਵੀ ਟਲ ਜਾਏਗੀ! ਖੁਸ਼ ਰਹੋ! ਔਖਾ ਵਕਤ ਜ਼ਰੂਰ ਬਦਲਦਾ ਹੈ!