ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਬਠਿੰਡਾ ਨੇ ਇਸ ਚਾਲੂ ਵਿਦਿਅਕ ਵਰੇ ਤੋਂ ਮਾਰਸ਼ਲ ਆਰਟ ਗੱਤਕਾ ਖੇਡ ਵਿੱਚ ਇਕ ਸਾਲ ਦਾ ‘ਸਰਟੀਫ਼ਿਕੇਟ ਕੋਰਸ ਇਨ ਗੱਤਕਾ ਕੋਚਿੰਗ’ ਸ਼ੁਰੂ ਕੀਤਾ ਹੈ ਜਿਸ ਵਿੱਚ ਬਾਰ੍ਹਵੀ ਪਾਸ ਵਿਦਿਆਰਥੀ ਆਨਲਾਈਨ ਦਾਖਲਾ ਲੈ ਸਕਣਗੇ। ਯੋਗ ਉਮੀਦਵਾਰ 31 ਜੁਲਾਈ 2015 ਤੱਕ ਇਸ ਕੋਰਸ ਵਿਚ ਦਾਖਲਾ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਰਾਤਨ ਜੰਗਜੂ ਕਲਾ ਨੂੰ ਕੌਮੀ ਪੱਧਰ ‘ਤੇ ਖੇਡ ਵਜੋਂ ਪ੍ਰਫੁੱਲਤ ਕਰ ਰਹੀ ਖੇਡ ਸੰਸਥਾ ‘ਗੱਤਕਾ ਫ਼ੈਡਰੇਸ਼ਨ ਆਫ਼ ਇੰਡੀਆ’ ਦੇ ਯਤਨਾਂ ਸਦਕਾ ਇਹ ਕੋਰਸ ਆਰੰਭਿਆ ਗਿਆ ਹੈ ਤਾਂ ਜੋ ਗੱਤਕਾ ਖੇਡ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਫਿਜ਼ੀਕਲ ਕਾਲਜ ਵਿੱਚ ਸ਼ੁਰੂ ਕੀਤੇ 30 ਸੀਟਾਂ ਵਾਲੇ ਇਸ ਕੋਰਸ ਦੀ ਫ਼ੀਸ ਸਿਰਫ਼ 5000 ਰੁਪਏ ਪ੍ਰਤੀ ਸਮੈਸਟਰ ਹੈ। ਇਸ ਕੋਰਸ ਵਿੱਚ ਦਾਖਲਾ ਲੈਣ ਅਤੇ ਵਧੇਰੇ ਜਾਣਕਾਰੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਵੈਬਸਾਈਟ ਅਤੇ ਟੋਲ ਫ਼ਰੀ ਨੰਬਰ 1800 1802 601 ਤੋਂ ਹਾਸਲ ਕੀਤੀ ਜਾ ਸਕਦੀ ਹੈ। ਯੋਗ ਵਿਦਿਆਰਥੀਆਂ ਲਈ ਯੂਨੀਵਰਸਿਟੀ ਕੈਂਪਸ ਵਿਚ ਹੋਸਟਲ ਸਹੂਲਤ ਵੀ ਉਪਲੱਪਧ ਹੋਵੇਗੀ।ਉਨ੍ਹਾਂ ਕਿਹਾ ਕਿ ਗੱਤਕਾ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਅਤੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਗੱਤਕਾ ਖੇਡ ਨੂੰ ਵਿਦਿਅਕ ਅਤੇ ਅਗਾਂਹ ਖੋਜ ਪੱਧਰ ‘ਤੇ ਪ੍ਰਫੁੱਲਤ ਕਰਨ ਲਈ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ।
ਉਕਤ ਗੱਤਕਾ ਕੋਰਸ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਟੀਫ਼ਿਕੇਟ ਕੋਰਸ ਪਾਸ ਟਰੇਂਡ ਸਿਖਿਆਰਥੀ ਜਿੱਥੇ ਵੱਖ-ਵੱਖ ਤਰਾਂ ਦੀਆਂ ਵਿੱਦਿਅਕ ਸੰਸਥਾਵਾਂ ਜਾਂ ਖੇਡ ਵਿਭਾਗਾਂ ਵਿੱਚ ਬਤੌਰ ਗੱਤਕਾ ਟਰੇਨਰ/ਇੰਸਟਰੱਕਟਰ ਵਜੋਂ ਨੌਕਰੀਆਂ ਲਈ ਯੋਗ ਹੋਣਗੇ ਉਥੇ ਦੇਸ਼-ਵਿਦੇਸ਼ ਵਿੱਚ ਵੀ ਗੱਤਕਾ ਸਿਖਲਾਈ ਲਈ ਰੁਜ਼ਗਾਰ ਹਾਸਲ ਕਰ ਸਕਣਗੇ।ਉਨ੍ਹਾਂ ਕਿਹਾ ਕਿ ਅਜਿਹੇ ਟਰੇਂਡ ਸਿਖਿਆਰਥੀ ਗੱਤਕਾ ਫ਼ੈਡਰੇਸ਼ਨ ਆਫ਼ ਇੰਡੀਆ ਜਾਂ ਸਬੰਧਿਤ ਗੱਤਕਾ ਐਸੋਸੀਏਸ਼ਨਾਂ ਤੋਂ ਐਫ਼ੀਲੀਏਸ਼ਨ ਹਾਸਲ ਕਰਕੇ ਆਪਣੀ ਪੇਸ਼ੇਵਰ ਕੋਚਿੰਗ ਅਕਾਦਮੀ ਜਾਂ ਮਾਨਤਾ ਪ੍ਰਾਪਤ ਟਰੇਨਿੰਗ ਸੈਂਟਰਾਂ ਜ਼ਰੀਏ ਖਿਡਾਰੀਆਂ ਨੂੰ ਗੱਤਕੇ ਦੀ ਵਿਧੀਵਤ ਸਿਖਲਾਈ ਦੇ ਕੇ ਸਵੈ-ਰੁਜ਼ਗਾਰ ਦੇ ਸਮਰੱਥ ਹੋ ਸਕਣਗੇ। ਉਨਾਂ ਦੱਸਿਆ ਕਿ ਟਰੇਂਡ ਗੱਤਕਾ ਸਿਖਿਆਰਥੀਆਂ ਦੀ ਨੌਕਰੀਆਂ ਵਿਚ ਮੱਦਦ ਲਈ ਗੱਤਕਾ ਫ਼ੈਡਰੇਸ਼ਨ ਵੱਲੋਂ ਪਟ ਸੈੱਲ ਦਾ ਵੀ ਗਠਨ ਕੀਤਾ ਜਾ ਰਿਹਾ ਹੈ।