ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਬਾਰ ਬਾਰ ਵਿਦੇਸ਼ੀ ਦੌਰੇ ਕਰਨ ਨੂੰ ਗੁਰੂ ਦੀ ਗੋਲਕ ਦੀ ਲੁੱਟ ਗਰਦਾਨਦਿਆਂ ਕਿਹਾ ਕਿ ਦਿੱਲੀ ਕਮੇਟੀ ‘ਤੇ ਕਾਬਜ ਬਾਦਲ ਦਲੀਏ ਗੁਰੂ ਦੀ ਗੋਲਕ ਨੂੰ ਲੁੱਟਣ ਉਪਰੰਤ ਵਿਦੇਸ਼ੀ ਸਿੱਖਾਂ ਨੂੰ ਲੁੱਟਣ ਦੇ ਮਨਸੂਬੇ ਬਣਾ ਰਹੇ ਹਨ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਦੀ ਗੋਲਕ ਦੀ ਵਰਤੋ ਸਿਰਫ ਗੁਰੂ ਘਰਾਂ ਦੇ ਵਿਸਥਾਰ ਤੇ ਸਿੱਖ ਕੌਮ ਦੇ ਵਿਕਾਸ ਲਈ ਹੀ ਖਰਚ ਕੀਤੀ ਜਾ ਸਕਦੀ ਹੈ ਪਰ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਤੇ ਬਾਕੀ ਆਹੁਦੇਦਾਰ ਇਸ ਗੋਲਕ ਦੀ ਸਿਆਸੀ ਤੌਰ ਤੇ ਦੁਰਵਰਤੋ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿੱਛਲੇ ਢਾਈ ਸਾਲਾਂ ਵਿੱਚ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਵਿਦੇਸ਼ਾਂ ਦੇ ਕਈ ਦੌਰੇ ਕੀਤੇ ਹਨ ਜਿਹਨਾਂ ‘ਤੇ ਹੁਣ ਤੱਕ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਪਰ ਸਿੱਖ ਕੌਮ ਨੂੰ ਇਸ ਦਾ ਕੋਈ ਲਾਭ ਨਹੀਂ ਹੋਇਆ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਜਿੰਨੀ ਵਾਰੀ ਵੀ ਹਵਾਈ ਜਹਾਜਾਂ ਰਾਹੀ ਬਿਜਨੱਸ਼ ਕਲਾਸ ਦੀਆ ਸੀਟਾਂ ਬੁੱਕ ਕਰਾ ਕੇ ਵਿਦੇਸ਼ਾਂ ਵਿੱਚ ਗਏ ਅਤੇ ਹਰ ਵਾਰੀ ਇਹਨਾਂ ਨੂੰ ਉਥੋਂ ਧੱਕੇ ਹੀ ਖਾਣੇ ਪਏ ਹਨ ਪਰ ਇਹ ਢੀਠਪੁਣੇ ਦੀਆਂ ਹੱਦਾਂ ਪੂਰੀ ਤਰ੍ਹਾਂ ਟੱਪ ਚੁੱਕੇ ਹਨ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਵੇਲੇ ਪੂਰੀ ਤਰ੍ਹਾਂ ਢਹਿੰਦੀਆਂ ਕਲਾ ਵੱਲ ਵੱਧ ਰਿਹਾ ਹੈ ਅਤੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਅਕਾਲੀ ਦਲ ਨੂੰ ਬਚਾਉਣ ਲਈ ਅਗਲੇ ਮਹੀਨੇ ਵਿਦੇਸ਼ੀ ਦੌਰਾ ਕਰਨ ਲਈ ਜਾ ਰਹੇ ਹਨ ਜਿਹਨਾਂ ਦੇ ਅਗਾਊ ਪ੍ਰਬੰਧਾਂ ਲਈ ਦਿੱਲੀ ਕਮੇਟੀ ਦੇ ਅੱਠ ਵਿਅਕਤੀਆ ਦਾਂ ਕਾਫਲਾ ਅਮਰੀਕਾ ਗਿਆ ਹੈ ਜਦ ਕਿ ਵਿਦੇਸ਼ੀ ਸਿੱਖ ਬਾਦਲ ਦੀਆਂ ਨੀਤੀਆਂ ਤੋਂ ਇਸ ਕਦਰ ਦੁੱਖੀ ਹਨ ਕਿ ਪਿਛਲੇ ਵਿਦੇਸ਼ੀ ਦੌਰੇ ਦੌਰਾਨ ਬਾਦਲ ਨੂੰ ਕਈ ਅਦਾਲਤਾਂ ਦੇ ਸੰਮਨਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਗੋਲਕ ਸਿੱਧੇ ਰੂਪ ਵਿੱਚ ਸਿਆਸੀ ਲਾਹਾ ਲੈਣ ਲਈ ਵਰਤੀ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਪੰਥਕ ਮਰਿਆਦਾ ਤੇ ਪਰੰਪਰਾਵਾਂ ਦੇ ਉਲਟ ਹੈ। ਉਹਨਾਂ ਕਿਹਾ ਕਿ ਵਿਦੇਸ਼ੀ ਸਿੱਖਾਂ ਨੇ ਪੰਥਕ ਸਵਾਲਾਂ ਦੇ ਘੇਰੇ ਲਿਆ ਕੇ ਮਨਜੀਤ ਸਿੰਘ ਜੀ. ਕੇ. ਨੂੰ ਮਰਿਆਦਾ ਦੇ ਕਟਿਹਰੇ ਵਿੱਚ ਜਦੋਂ ਖੜਾ ਕੀਤਾ ਸੀ ਤਾਂ ਇਹਨਾਂ ਨੂੰ ਕੋਈ ਜਵਾਬ ਨਹੀਂ ਸੀ ਆਇਆ ਉਲਟਾ ਇਹਨਾਂ ਨੇ ਆਪਣੇ ਆਪ ਨੂੰ ਖੱਤਰਾ ਦੱਸਦਿਆਂ ਸੁਰੱਖਿਆ ਲਈ ਪੁਲੀਸ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਇਹ ਦੌਰਾ ਵੀ ਦਿੱਲੀ ਕਮੇਟੀ ਵਾਲਿਆਂ ਦਾ ਮੌਜ ਮਸਤੀ ਵਾਲਾ ਦੌਰਾ ਹੈ ਜਿਸ ਦਾ ਪੰਥ ਤੇ ਦਿੱਲੀ ਕਮੇਟੀ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਨੇ ਦਿੱਲੀ ਕਮੇਟੀ ਦੀ ਗੋਲਕ ਨੂੰ ਦੋਹੀਂ ਹੱਥੀ ਲੁੱਟ ਕੇ ਖਾਲੀ ਕਰ ਦਿੱਤਾ ਹੈ ਤੇ ਹੁਣ ਵਿਦੇਸ਼ੀ ਸਿੱਖਾਂ ਨੂੰ ਲੁੱਟਣ ਦੇ ਮਨਸੂਬੇ ਬਣਾ ਰਹੇ ਹਨ ਜਿਹੜੇ ਉਥੋਂ ਦੇ ਸਿੱਖ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।