ਅੰਮ੍ਰਿਤਸਰ – ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਚਿੱਤਰ ਸਿੰਘ ਨੂੰ ਪੁਲਿਸ ਨੇ ਸਵਾ ਕਰੋੜ ਦੀ ਹੇਰੋਇਨ ਸਮੇਤ ਪਕੜਿਆ ਹੈ। ਉਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਤਰਨਤਾਰਨ ਦੀ ਐਸਡੀਐਮ ਡਾ: ਅਨੁਪ੍ਰੀਤ ਕੌਰ ਦਾ ਪਤੀ ਹੈ। ਉਸ ਦੇ ਖਿਲਾਫ਼ ਐਸਡੀਐਮ ਪਤਨੀ ਨੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕੇਸ ਦਰਜ਼ ਕਰਵਾਇਆ ਹੋਇਆ ਹੈ।
ਪੰਜਾਬ ਪੁਲਿਸ ਨੇ ਕਾਜ਼ੀਕੋਟ ਬੱਸ ਅੱਡੇ ਦੇ ਕੋਲ ਨਾਕੇਬੰਦੀ ਦੌਰਾਨ ਝਬਾਲ ਵੱਲੋਂ ਆ ਰਹੀ ਇੱਕ ਫਾਰਚੂਨਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਡਰਾਈਵਰ ਨੇ ਆਪਣੇ ਹੱਥਾਂ ਵਿੱਚ ਪਕੜਿਆ ਹੋਇਆ ਲਿਫ਼ਾਫਾ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਦੇ ਹੱਥੇ ਚੜ੍ਹ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 260 ਗਰਾਮ ਹੇਰੋਇਨ ਬਰਾਮਦ ਹੋਈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ ਸਵਾ ਕਰੋੜ ਰੁਪੈ ਦੇ ਕਰੀਬ ਦੱਸੀ ਜਾ ਰਹੀ ਹੈ। ਬਚਿੱਤਰ ਸਿੰਘ ਪਹਿਲਾਂ ਤਰਨਤਾਰਨ ਦੇ ਨਾਲ ਲਗਦੇ ਪਿੰਡ ਸੇਰੋਂ ਵਿੱਚ ਰਹਿੰਦਾ ਸੀ ਅਤੇ ਹੁਣ ਪਿੱਛਲੇ 8 ਮਹੀਨਿਆਂ ਤੋਂ ਆਪਣੀ ਐਸਡੀਐਮ ਪਤਨੀ ਦੇ ਨਾਲ ਸਰਕਾਰੀ ਕੋਠੀ ਵਿੱਚ ਰਹਿ ਰਿਹਾ ਸੀ।