ਏਥਨਜ਼ – ਆਰਥਿਕ ਰੂਪ ਵਿੱਚ ਦੀਵਾਲੀਆ ਹੋਣ ਤੋਂ ਬਚਾਉਣ ਲਈ ਗਰੀਸ ਦੀ ਸੰਸਦ ਨੇ ਇੱਕ ਸੁਧਾਰ ਪੈਕੇਜ ਨੂੰ ਮਨਜੂਰੀ ਦੇ ਦਿੱਤੀ ਹੈ। ਸੰਸਦ ਵਿੱਚ 251 ਵੋਟ ਸਰਕਾਰ ਦੇ ਪੱਖ ਵਿੱਚ ਭੁਗਤੇ ਅਤੇ 32 ਵੋਟ ਸਰਕਾਰ ਦੇ ਖਿਲਾਫ਼ ਪਏ, 8 ਸੰਸਦ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ ਅਤੇ 9 ਮੈਂਬਰ ਗੈਰਹਾਜਿ਼ਰ ਰਹੇ। ਸੰਸਦ ਦਾ ਸਮਰਥਨ ਮਿਲਣ ਤੋਂ ਬਾਅਦ ਪ੍ਰਧਾਨਮੰਤਰੀ ਅਲੈਕਸਿਸ ਸਿਪਰਾਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕੋਲ ਯੌਰਪੀ ਸੰਘ ਨਾਲ ਡੀਲ ਕਰਨ ਲਈ ਮਜ਼ਬੂਤ ਬਹੁਮੱਤ ਹੈ।
ਗਰੀਸ ਦੀ ਸੰਸਦ ਵਿੱਚ ਮੱਤਦਾਨ ਦੌਰਾਨ ਸਰਕਾਰ ਦੇ ਪੱਖ ਵਿੱਚ ਭਾਰੀ ਸੰਖਿਆ ਵਿੱਚ ਵੋਟਾਂ ਪੈਣ ਕਰਕੇ ਪ੍ਰਧਾਨਮੰਤਰੀ ਨੇ ਕਿਹਾ ਕਿ ਆਰਥਿਕ ਅਤੇ ਸਮਾਜਿਕ ਰੂਪ ਵਿੱਚ ਨਿਰਣੇ ਲੈਣ ਲਈ ਅਤੇ ਮਹੱਤਵਪੂਰਣ ਗੱਲਬਾਤ ਕਰਨ ਲਈ ਸਾਡੇ ਕੋਲ ਦੇਸ਼ ਦੀ ਜਨਤਾ ਦਾ ਮਜ਼ਬੂਤ ਸਾਥ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਸਰਕਾਰ ਦਾ ਪੂਰਾ ਧਿਆਨ ਕਿਸੇ ਸਕਾਰਤਮਕ ਨਤੀਜੇ ਤੱਕ ਪਹੁੰਚਣ ਤੇ ਕੇਂਦਰਿਤ ਹੋਵੇਗਾ। ਗਰੀਸ ਨੇ ਇੱਕ ਨਵੀਂ ਪਲੈਨਿੰਗ ਪੇਸ਼ ਕੀਤੀ, ਜਿਸ ਦਾ ਮਕਸਦ ਅੰਤਰਰਾਸ਼ਟਰੀ ਕਰਜ਼ਦਾਤਾਵਾਂ ਤੋਂ ਕੈਸ਼ ਲੈਣਾ ਹੈ। ਇਸ ਯੋਜਨਾ ਵਿੱਚ ਕਈ ਅਜਿਹੀਆਂ ਸ਼ਰਤਾਂ ਨੂੰ ਸਵੀਕਾਰ ਕੀਤਾ ਗਿਆ ਹੈ, ਜਿਸ ਦਾ ਪਹਿਲਾਂ ਸਰਕਾਰ ਅਤੇ ਯੂਨਾਨ ਦੇ ਲੋਕਾਂ ਨੇ ਸਖਤੀ ਨਾਲ ਵਿਰੋਧ ਕੀਤਾ ਸੀ।