ਲੰਡਨ – ਟੈਨਿਸ ਖਿਡਾਰੀ ਸਾਨੀਆ ਮਿਰਜਾ ਅਤੇ ਮਾਰਟਿਨਾ ਹਿੰਗਿਸ ਦੀ ਜੋੜੀ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਯੁਗਲ ਦੀ ਚੈਂਪੀਅਨ ਬਣ ਗਈ ਹੈ। ਸਾਨੀਆ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਇੰਡੀਅਨ ਹੈ।
ਫਾਈਨਲ ਵਿੱਚ ਟਾਪ ਸੀਡ ਭਾਰਤੀ ਅਤੇ ਉਸ ਦੀ ਜੋੜੀਦਾਰ ਹਿੰਗਿਸ ਨੇ ਸੈਕੰਡ ਸੀਡ ਰੂਸੀ ਜੋੜੀ ਅਕਾਟਿਰਿਨਾ ਮਕਾਰੋਵਾ ਅਤੇ ਐਲੇਨਾ ਨੂੰ ਹਰਾਇਆ। 2 ਘੰਟੇ 47 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਸਾਨੀਆ ਹਿੰਗਸ ਦੀ ਜੋੜੀ 5-7, 7-6, 7-5 ਨਾਲ ਜਿੱਤ ਪ੍ਰਾਪਤ ਕੀਤੀ। ਸਾਨੀਆ ਅਤੇ ਹਿੰਗਸ ਦੀ ਜੋੜੀ ਨੂੰ ਪਹਿਲੇ ਸੈਟ ਵਿੱਚ 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਸਰੇ ਸੈਟ ਵਿੱਚ ਮੁਕਾਬਲਾ ਕਾਂਟੇ ਦਾ ਰਿਹਾ ਅਤੇ ਟਾਈਬਰੇਕਰ ਤੱਕ ਪਹੁੰਚਿਆ। ਟਾਈਬਰੇਕਰ ਵਿੱਚ ਸਾਨੀਆ – ਹਿੰਗਸ ਨੇ 7-4 ਨਾਲ ਜਿੱਤ ਪ੍ਰਾਪਤ ਕਰਕੇ 1-1 ਸਕੋਰ ਕਰ ਦਿੱਤਾ। ਤੀਸਰੇ ਅਤੇ ਅੰਤਿਮ ਨਿਰਣਾਇਕ ਮੁਕਾਬਲੇ ਵਿੱਚ ਦੋਵਾਂ ਜੋੜੀਦਾਰਾਂ ਨੇ ਪੂਰਾ ਜੋਰ ਲਗਾ ਦਿੱਤਾ।
ਤੀਸਰੇ ਸੈਟ ਦੇ ਦੌਰਾਨ ਸਕੋਰ 5-5 ਸੀ ਤਾਂ ਲਾਈਟ ਚਲੀ ਗਈ ਅਤੇ ਮੈਚ ਰੋਕਣਾ ਪਿਆ। ਇਸ ਤੋਂ ਬਾਅਦ ਛੱਤ ਨੂੰ ਬੰਦ ਕਰਕੇ ਅੱਗੇ ਦਾ ਮੁਕਾਬਲਾ ਖੇਡਿਆ ਗਿਆ। ਮੈਚ ਦੁਬਾਰਾ ਸ਼ੁਰੂ ਹੁੰਦੇ ਹੀ ਸਾਨੀਆ-ਹਿੰਗਸ ਦੀ ਜੋੜੀ ਨੇ ਆਪਣੀ ਵਿਰੋਧੀ ਜੋੜੀ ਤੇ ਪੂਰਾ ਦਬਾਅ ਬਣਾਉਂਦੇ ਹੋਏ ਲਗਾਤਾਰ ਦੋ ਸੈਟ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਦੇ ਨਾਲ ਹੀ ਸਾਨੀਆ ਨੇ ਪਹਿਲੀ ਵਾਰ ਮਹਿਲਾ ਯੁਗਲ ਗਰੈਂਡਸਲੈਮ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਸਾਨੀਆ ਅਤੇ ਹਿੰਗਸ ਦੀ ਜੋੜੀ ਨੂੰ ਯੁਗਲ ਚੈਂਪੀਅਨ ਬਣਨ ਤੇ 3.34 ਕਰੋੜ ਰੁਪੈ ਦੇ ਕਰੀਬ ਇਨਾਮ ਦੀ ਰਕਮ ਮਿਲੀ।