ਨਵੀਂ ਦਿੱਲੀ – ਗੁਰੂ ਨਾਨਕ ਪਬਲਿਕ ਸਕੂਲ ਪੀਤਮ ਪੁਰਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇੰਦਰਮੋਹਨ ਸਿੰਘ, ਮੈਨੇਜਰ ਜਸਬੀਰ ਸਿੰਘ ਚਾਵਲਾ, ਅਮਰਜੀਤ ਸਿੰਘ ਬਿੰਦਰਾ ਦੇ ਵਿਸੇਸ਼ ਉਪਰਾਲੇ ਨਾਲ ਸੀਨੀਅਰ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਲਈ ਸਕੂਲ ਦੇ ਆਡੀਟੋਰੀਅਮ ਵਿੱਚ ‘ਪੰਜਾਬੀ ਭਾਸ਼ਾ’ ਸੰਬੰਧੀ ‘ਕੈਰੀਅਰ ਮੇਲੇ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਜਗਦੀਪ ਸਿੰਘ ਘੁੰਮਣ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ। ਕੈਰੀਅਰ ਮੇਲੇ ਵਿੱਚ ਸਕੂਲ ਦੇ ਲਗਭਗ 100 ਦੇ ਕਰੀਬ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਸਕੂਲ ਦੇ ਮੈਨੇਜਰ ਵੱਲੋਂ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਕੈਰੀਅਰ ਮੇਲੇ ਵਾਸਤੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਲਈ ਕਾਰਜ਼ਸ਼ੀਲ ਨਿਸ਼ਕਾਮ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਨੌਜਵਾਨ ਆਗੂ ਪ੍ਰਕਾਸ਼ ਸਿੰਘ ਗਿੱਲ, ਕੁਲਦੀਪ ਸਿੰਘ ਅਤੇ ਦਿੱਲੀ ਯੂਨੀਵਰਸਿਟੀ ਦੇ ਨਾਲ ਸੰਬੰਧਤ ਦਿਆਲ ਸਿੰਘ ਕਾਲਜ (ਈ.) ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪ੍ਰਿਥਵੀ ਰਾਜ ਥਾਪਰ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ। ਸਕੂਲੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੀਰਜਾ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸੁਆਗਤ ਕੀਤਾ ਗਿਆ। ਡਾ. ਥਾਪਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਾਡੇ ਇਹ ਵਿਦਿਆਰਥੀ ਸੀਨੀਅਰ ਸੈਕੰਡਰੀ ਪੱਧਰ ਤੇ ਪੰਜਾਬੀ ਵਿਸ਼ੇ ਦੀ ਚੋਣ ਕਰਦੇ ਹਨ ਤਾਂ ਉਹਨਾਂ ਵਾਸਤੇ ਕਾਲਜਾਂ ਵਿੱਚ ਦਾਖ਼ਲੇ ਸੰਬੰਧੀ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ। ਅੱਜ ਦਿੱਲੀ ਯੂਨੀਵਰਿਸਟੀ ਦੇ ਲਗਭਗ 18-19 ਕਾਲਜਾਂ ਵਿੱਚ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਾਈ ਜਾ ਰਹੀ ਹੈ। ਇਸ ਲਈ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਪੰਜਾਬੀ ਭਾਸ਼ਾ ਨੂੰ ਪੜ੍ਹਨ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਹੈਲਪ ਲਾਈਨ ਦੇ ਆਗੂ ਪ੍ਰਕਾਸ਼ ਸਿੰਘ ਗਿੱਲ ਨੇ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਵਿੱਚ ਕੈਰੀਅਰ ਬਣਾਉਣ ਸੰਬੰਧੀ ਤਿਆਰ ਕਰਾਇਆ ਗਿਆ ਵਿਸ਼ੇਸ਼ ‘ਸਲਾਈਡ ਸ਼ੋਅ’ ਪ੍ਰੋਜੈਕਟਰ ਰਾਹੀਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਖਾਇਆ ਤੇ ਇਹ ਦੱਸਿਆ ਕਿ ਅੱਜ ਸੰਸਾਰ ਵਿੱਚ ਪੰਜਾਬੀ ਭਾਸ਼ਾ ਰਾਹੀਂ ਰੋਜ਼ਗਾਰ ਪ੍ਰਾਪਤ ਕਰਨ ਵਾਸਤੇ ਸਾਡੇ ਕੋਲ ਹਜ਼ਾਰਾਂ ਮੌਕੇ ਮੁਹੱਈਆ ਹਨ। ਇਹ ਮੌਕੇ ਦੇਸ ਅਤੇ ਵਿਦੇਸ਼ ਦੋਨਾਂ ਵਿੱਚ ਹਨ। ਭਾਰਤ ਵਿੱਚ ਸਾਡੇ ਨੌਜਵਾਨ ਪੰਜਾਬੀ ਵਿਸ਼ੇ ਰਾਹੀਂ ਆਈ.ਏ.ਐੱਸ., ਪ੍ਰੋਫੈਸਰ, ਮੀਡੀਆ, ਅਧਿਆਪਨ, ਪਬਲਿਸ਼ਿੰਗ ਹਾਊਸ, ਅਨੁਵਾਦ ਤੇ ਮਲਟੀਮੀਡੀਆ ਵਿੱਚ ਅੱਜ ਹਜ਼ਾਰਾਂ ਮੌਕੇ ਹਨ। ਇਸ ਤੋਂ ਅਲਾਵਾ ਦੇਸ ਵਿੱਚ ਜਿਹੜੇ ਸੂਬਿਆਂ ਅੰਦਰ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਉਥੋਂ ਦੇ ਲੋਕ ਜੇਕਰ ਜਾਗਰੂਕ ਹੋ ਜਾਣ ਤੇ ਆਪਣਾ ਕਾਰ-ਵਿਹਾਰ ਸਰਕਾਰੀ ਦਰਬਾਰ ਵਿੱਚ ਪੰਜਾਬੀ ਭਾਸ਼ਾ ਅੰਦਰ ਕਰਨ ਵਿੱਚ ਪਹਿਲ ਕਦਮੀ ਕਰਨ ਤਾਂ ਇਸ ਨਾਲ ਵੀ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ। ਸਕੂਲ ਦੇ ਮੈਨੇਜਰ ਜਸਬੀਰ ਸਿੰਘ ਚਾਵਲਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਣੀ ਭਾਸਾ ਨੂੰ ਅਪਨਾਵਾਂਗੇ ਤਾਂ ਹੀ ਆਪਣੇ ਵਿਰਸੇ, ਸੱਭਿਆਚਾਰ ਤੇ ਖਾਸ ਤੌਰ ਉ¤ਤੇ ਗੁਰੂ ਗੰ੍ਰਥ ਸਾਹਿਬ ਨਾਲ ਜੁੜ ਸਕਣਗੇ। ਇਸ ਲਈ ਭਾਵੇਂ ਅਸੀਂ ਹਜ਼ਾਰਾਂ ਭਾਸ਼ਾਵਾਂ ਪੜ੍ਹ ਲਈਏ ਲੇਕਿਨ ਜਦੋਂ ਤੱਕ ਆਪਣੀ ਮਾਂ ਬੋਲੀ ਨਾਲ ਨਹੀਂ ਜੁੜਾਂਗੇ ਉਦੋਂ ਤੱਕ ਅਸੀਂ ਸੱਭਿਆਚਾਰਕ ਮਨੁੱਖ ਨਹੀਂ ਅਖਵਾ ਸਕਦੇ। ਸਕੂਲ ਦੇ ਚੇਅਰਮੈਨ ਇੰਦਰ ਮੋਹਨ ਸਿੰਘ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਆਪਣੀ ਮਾਂ ਬੋਲੀ ਨੂੰ ਪੜ੍ਹਨ ਲਈ ਅੱਗੇ ਆਉਣਾ ਚਾਹੀਦਾ ਹੈ।