ਬੀਤੇ ਦਿਨੀ ਵਿਪਸਾਅ ਵਲੋਂ ਹੇਵਰਡ ਵਿਖੇ ਰਖ਼ਸਾਨਾ ਨੂਰ ਅਤੇ ਡਾ. ਮੋਹਨ ਤਿਆਗੀ ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਰਖਸਾਨਾ ਨੂਰ, ਡਾ. ਮੋਹਨ ਤਿਡਾਗੀ, ਸੁਖਵਿੰਦਰ ਕੰਬੋਜ ਅਤੇ ਸੁਰਿੰਦਰ ਧਨੋਆ ਸ਼ਾਮਿਲ ਹੋਏ। ਜਗਜੀਤ ਨੌਸਿ਼ਹਰਵੀ ਨੇ ਰਖ਼ਸਾਨਾ ਨੂਰ ਦੀ ਜਾਣ –ਪਹਿਚਾਣ ਕਰਵਾਉਂਦੇ ਕਿਹਾ ਕਿ ਉਹ ਇਕ ਬਹੁ-ਪੱਖੀ ਲੇਖਿਕਾ ਹੈ। ਉਸ ਵਲੋਂ ਲਿਖੀ ‘ ਚੂੜੀਆਂ ਫਿ਼ਲਮ’ ਦੀ ਸਕਰਿਪਟ ਬੇਹੱਦ ਪ੍ਰਭਾਵਸ਼ਾਲੀ ਹੈ। ਸੁਰਿੰਦਰ ਧਨੋਆ ਨੇ ਕਿਹਾ ਸੱਭ ਨੂੰ ਇਹ ਫਿ਼ਲਮ ਦੇਖਣ ਦੀ ਸਿਫ਼ਾਰਸ਼ ਕੀਤੀ। ਡਾ. ਖੁਆਜਾ ਨੇ ਕਿਹਾ ਕਿ ਰਖ਼ਸਾਨਾ ਨੂਰ ਪਾਕਿਸਤਾਨੀ ਪੰਜਾਬੀ ਗੀਤਾਂ ਦੀ ਇਕਲੌਤੀ ਧੀ ਹੈ। ਰਖ਼ਸਾਨਾ ਨੂਰ ਨੇ ਵਿਪਸਾਅ ਦਾ ਧੰਨਵਾਦ ਕਰਦਿਆਂ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਗੀਤ ਅਤੇ ਨਜ਼ਮਾਂ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਨੀਲਮ ਸੈਣੀ ਨੇ ਡਾ. ਮੋਹਨ ਤਿਆਗੀ ਦੀ ਜਾਣ –ਪਹਿਚਾਣ ਕਰਵਾਉਂਦੇ ਕਿਹਾ ਕਿ ਡਾ. ਤਿਆਗੀ ਦਾ ਇਕ ਝੁੱਗੀ ਵਿਚੋਂ ਉਂੱਠ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਲੱਗਣਾ, ਕਵਿਤਾ ਦੇ ਖੇਤਰ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾਉਣਾ ਇਸ ਲਈ ਵਿਸ਼ੇਸ਼ ਹੈ ਕਿ ਇਹ ਸੰਘਰਸ਼ ਹਰ ਕੋਈ ਨਹੀਂ ਕਰ ਸਕਦਾ। ਡਾ. ਮੋਹਨ ਤਿਆਗੀ ਨੇ ਕਿਹਾ ਕਿ ਮੈਂ ਸੰਘਰਸ਼ ਵਿਚੋਂ ਨਿੱਕਲਿਆ ਹਾਂ ਅਤੇ ਸੰਘਰਸ਼ ਹਮੇਸ਼ਾਂ ਹੀ ਤੁਹਾਡੀ ਰੂਹ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਆਪਣੇ ਸੰਘਰਸ਼ ਮਈ ਜੀਵਨ ਦਾ ਵਿਸਥਾਰ ਦੱਸਦੇ ਹੋਏ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਕਿਹਾ ਕਿ ਮੇਰੀ ਅਮਰੀਕਾ ਫੇਰੀ ਬੇਹੱਦ ਸਫ਼ਲ ਰਹੀ ਹੈ। ਇੱਥੇ ਆ ਕੇ ਜਿਨ੍ਹਾਂ ਸਾਹਿਤਕਾਰਾਂ ਨੂੰ ਮੈਂ ਮਿਲਿਆ ਹਾਂ ਉਨ੍ਹਾਂ ਵਿਚੋਂ ਬਹੁਤਿਆਂ ਨਾਲ ਉਨ੍ਹਾਂ ਦੀਆਂ ਪੁਸਤਕਾਂ ਰਾਹੀੰ ਮੇਰੀ ਪਹਿਲਾਂ ਹੀ ਵਾਕਫ਼ੀਅਤ ਹੈ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਅਮਰੀਕੀ ਪੰਜਾਬੀ ਕਵਿਤਾ ਸੁਚੇਤ ਹੈ। ਉਨ੍ਹਾਂ ਚਰਨਜੀਤ ਪਨੂੰ ਦੇ ਸਫ਼ਰਨਾਮੇ ‘ ਮੇਰੀ ਵਾਈਟ ਹਾਊਸ ਫੇਰੀ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਡਾ. ਤਿਆਗੀ ਨੇ ਅਜਮੇਰ ਸਿੱਧੂ ਅਤੇ ਇਕਬਾਲ ਕੌਰ ਉਦਾਸੀ ਵਲੋਂ ਸੰਪਾਦਿਤ ਪੁਸਤਕ ‘ ਸੰਤ ਰਾਮ ਉਦਾਸੀ ਸ਼ਖਸੀਅਤ ਅਤੇ ਸਮੁੱਚੀ ਰਚਨਾ’ ਲੋਕ ਅਰਪਿਤ ਕੀਤਾ। ਇਸ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੰਬੋਜ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹਦੇ ਹੋਏ ਮੇਰੇ ਮਨ ਵਿਚ ਦੋ ਵਿਚਾਰ ਆਏ ਹਨ। ਪਹਿਲਾ ਇਹ ਕਿ ਅਜਮੇਰ ਸਿੱਧੂ ਮੂ਼ਲ ਰੂਪ ਵਿਚ ਕਹਾਣੀਕਾਰ ਹੈ। ਉ ਸਨੇ ਇਸ ਕਵਿਤਾ ਦੀ ਚੋਣ ਕਿਉਂ ਕੀਤੀ? ਇਸਦਾ ਜਵਾਬ ਇਹ ਹੈ ਕਿ ਅਜੋਕਾ ਯੁੱਗ ਆਪੋਧਾਪੀ ਦਾ ਯੁੱਗ ਹੈ। ਨਾਵਾਂ ਦੀ ਦੌੜ ਵਿਚ ਕੋਈ ਪਿੱਛੇ ਨਹੀਂ ਰਹਿਣਾ ਚਾਹੁੰਦਾ ਪਰ ਅਜਮੇਰ ਅਜਿਹਾ ਸਾਹਿਤਕਾਰ ਹੈ, ਜਿਸ ਨੇ ਇਨਕਲਾਬੀ ਵਿਰਾਸਤ ਨੂੰ ਅੱਗੇ ਲੈ ਕੇ ਆਂਦਾ ਹੈ। ਉਸ ਅੰਦਰ ਅਸਲੀ ਇਨਸਾਨ ਜੀਊਂਦਾ ਹੈ। ਇਸ ਲਈ ਉਸਨੇ ਆਪੇ ਤੋਂ ਉਪਰ ਉਠ ਕੇ ਇਹ ਨਿਵੇਕਲਾ ਕਾਰਜ ਕੀਤਾ ਹੈ। ਦੂਜਾ ਇਹ ਕਿ ਸੰਤ ਰਾਮ ਉਦਾਸੀ ਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਦੰਦ-ਕਥਾਵਾਂ ਸ਼ੁਰੂ ਹੋ ਗਈਆਂ ਸਨ। ਉਹ ਸ਼ਬਦ ਗੁਰੂ ਦਾ ਸੱਚਾ ਸਿੱਖ ਸੀ। ਕਿਰਤ ਕਰਨ, ਨਾਮ ਜੱਪਣ ਅਤੇ ਵੰਡ ਕੇ ਛਕਣ ਦੀ ਪ੍ਰੋੜਤਾ ਕਰਦਾ ਸੀ। ਉਹ ਸਮਾਜਿਕ ਬੁਰਾਈਆਂ ਦੇ ਵਿਰੁੱਧ ਸੀ। ਉਸਦੇ ਗੀਤ ਜੀਵਨ ਦਾ ਸੁਨੇਹਾ ਸਨ। ਜਦੋਂ ਤੱਕ ਨਾ –ਬਰਾਬਰੀ ਕਾਇਮ ਹੈ, ਉਦਾਸੀ ਦਾ ਨਾਮ ਰਹੇਗਾ। ਇਸ ਤੋਂ ਬਾਅਦ ਕਵੀ ਦਰਬਾਰ ਵਿਚ ਜਗਜੀਤ ਨੌਸਿ਼ਰਵੀ, ਰਾਠੇਸ਼ਵਰ ਸਿੰਘ ਸੂਰਾਪੁਰੀ, ਪਿੰਸੀਪਲ ਹਜ਼ੂਰਾ ਸਿੰਘ, ਰੇਸ਼ਮ ਸਿੱਧੂ, ਕੁਲਵਿੰਦਰ, ਡਾ. ਖੁਆਜਾ ਅਸ਼ਰਫ਼, ਨੀਲਮ ਸੈਣੀ, ਗੁਲਸ਼ਨ ਦਿਆਲ, ਜਯੋਤੀ ਸਿੰਘ, ਤਾਰਾ ਸਾਗਰ, ਮਲਿਕ ਇਮਤਿਆਜ, ਸੁਖਵਿੰਦਰ ਕੰਬੋਜ, ਸੁਰਿੰਦਰ ਸਿੰਘ ਧਨੋਆ , ਸੁਰਿੰਦਰ ਸੀਰਤ ਨੇ ਭਾਗ ਲਿਆ। ਸੁਖਦੇਵ ਸਾਹਿਲ ਅਤੇ ਹਰਜੀਤ ਜੀਤੀ ਨੇ ਗੀਤਾਂ ਦੀ ਪਹਿਫ਼ਲ ਲਾਈ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਜਗਜੀਤ ਨੌਸਿ਼ਰਵੀ ਨੇ ਕੀਤਾ। ਇਸ ਤੋਂ ਇਲਾਵਾ ਐਸ ਅ਼ਸ਼ੋਕ ਭੌਰਾ, ਮਹਿੰਗਾ ਸਿੰਘ ਸਰਪੰਚ, ਲਾਜ ਸੈਣੀ ਅਤੇ ਲਖਵਿੰਦਰ ਸਿੰਘ ਨੇ ਵਿਸ਼ੇਸ਼ ਸਿ਼ਰਕਤ ਕੀਤੀ।