ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਵੱਲੋ ਪੰਜਾਬ ਦੀਆ ਜੇਲ੍ਹਾਂ ਵਿੱਚ ਕਿਸੇ ਵੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਦੇ ਬੰਦੀ ਹੋਣ ਤੋਂ ਇਨਕਾਰ ਕਰਨ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਜੇਕਰ ਸਿਰਸੇ ਨੂੰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਝੂਠ ਬੋਲਣ ਦੀ ਆਦਤ ਹੈ ਤਾਂ ਉਸ ਨੂੰ ਵਿਦੇਸ਼ ਵਿੱਚ ਜਾ ਕੇ ਝੂਠ ਬੋਲ ਕੇ ਉਥੋਂ ਦੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਪੰਜਾਬ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਗਿਣਤੀ ਕਰੀਬ ਛੇ ਦਰਜਨ ਤੋਂ ਵਧੇਰੇ ਹੈ ਤੇ ਇਹ ਲਿਸਟ ਪੰਜਾਬ ਦੀ ਬਾਦਲ ਸਰਕਾਰ ਦੇ ਟੇਬਲ ‘ਤੇ ਅੱਜ ਵੀ ਪਈ ਹੈ।
ਜਾਰੀ ਇੱਕ ਬਿਆਨ ਸ੍ਰ ਸਰਨਾ ਨੇ ਕਿਹਾ ਕਿ ਸਿਰਫ ਬੰਦੀ ਸਿੰਘਾਂ ਬਾਰੇ ਹੀ ਸਿਰਸਾ ਨੇ ਅਮਰੀਕਾ ਦੇ ਇੱਕ ਰੇਡੀਓ ‘ਤੇ ਗਲਤ ਬਿਆਨਬਾਜ਼ੀ ਕਰਕੇ ਹੀ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਨਹੀਂ ਪਹੁੰਚਾਈ ਸਗੋਂ ਪਿੱਛਲੇ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਨੂੰ ਪਾਖੰਡੀ ਦੱਸ ਕੇ ਸ਼ਹੀਦਾਂ ਅਤੇ ਕੁਰਬਾਨੀਆਂ ਕਰਨ ਵਾਲੇ ਪਰਵਾਨਿਆਂ ਦੇ ਪਰਿਵਾਰਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ ਜਿਸ ਦਾ ਪੰਥਕ ਹਲਕਿਆਂ ਵਿੱਚ ਕੜਾ ਨੋਟਿਸ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਬਾਰੇ ਸਿਰਸਾ ਨੇ ਕਿਹਾ ਕਿ ਇੰਨਾ ਲੰਮਾ ਕੋਈ ਭੁੱਖਾ ਨਹੀਂ ਰਹਿ ਸਕਦਾ ਪਰ ਉਹ ਸਿਰਸਾ ਨੂੰ ਪੁੱਛਣਾ ਚਾਹੁੰਦੇ ਹਨ ਕਿ ਮਨੀਪੁਰ ਦੀ ਇੱਕ ਬੀਬੀ ਇਰੋਮਾ ਸ਼ਰਮੀਲਾ ਜੋ ਪਿਛਲੇ 14 ਸਾਲਾ ਤੋਂ ਬਿਨਾਂ ਕੁਝ ਖਾਧੇ ਜਿੰਦਾ ਹੈ ਤੇ ਉਹ ਮਨੀਪੁਰ ਵਿੱਚੋਂ ਮਨੁੱਖਤਾ ਵਿਰੋਧੀ ਕਨੂੰਨ ਨੂੰ ਹਟਾਉਣ ਦੀ ਮੰਗ ਕਰ ਰਹੀ ਹੈ ਤੇ ਅੱਜ ਉਸ ਦੀ ਇਹ ਹਾਲਤ ਹੋ ਗਈ ਕਿ ਉਸਦੀਆਂ ਮੂੰਹ ਦੀਆਂ ਗ੍ਰੰਥੀਆਂ ਵੀ ਕੰਮ ਛੱਡ ਗਈਆਂ ਤੇ ਸਰਕਾਰ ਵੱਲੋਂ ਉਸ ਨੂੰ ਜਿੰਦਾ ਰੱਖਣ ਲਈ ਤਰਲ ਪਦਾਰਥ ਨੱਕ ਰਾਹੀ ਦਿੱਤੇ ਜਾ ਰਹੇ ਹਨ ਜਦ ਕਿ ਬਾਪੂ ਸੂਰਤ ਸਿੰਘ ਨਿੰਬੂ ਪਾਣੀ ਤੇ ਜੀਵਤ ਹਨ ਅਤੇ ਉਹਨਾਂ ਹਾਲਤ ਇਸ ਕਦਰ ਨਾਜ਼ੁਕ ਹੁੰਦੀ ਜਾ ਰਹੀ ਹੈ ਕਿ ਉਹ ਕਿਸੇ ਵੇਲੇ ਸ਼ਹੀਦੀ ਪਾ ਸਕਦੇ ਹਨ ਪਰ ਮਨਜਿੰਦਰ ਸਿੰਘ ਸਿਰਸਾ ਨੂੰ ਜੇਕਰ ਫਿਰ ਵੀ ਬਾਪੂ ਪਾਖੰਡੀ ਲੱਗਦਾ ਹੈ ਤਾਂ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਅਤੇ ਨੌਜਵਾਨਾਂ ਦੇ ਸਿਵਿਆਂ ਤੇ ਰਾਜ ਕਰਨ ਵਾਲੇ ਬਾਦਲਾਂ ਬਾਰੇ ਸਿਰਸਾ ਸਪੱਸ਼ਟ ਕਰੇ ਕਿ ਕੀ ਉਹ ਪੰਥ ਪ੍ਰਸਤ ਹਨ? ਉਹਨਾਂ ਕਿਹਾ ਕਿ ਉਹ ਸਿਰਸੇ ਵੱਲੋਂ ਬਾਪੂ ਸੂਰਤ ਨੂੰ ਪਾਖੰਡੀ ਦੱਸਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਸਿਰਸੇ ਨੂੰ ਬੰਦੀ ਸਿੰਘਾਂ ਬਾਰੇ ਗੱਲਤ ਬਿਆਨਬਾਜੀ ਕਰਨ ਅਤੇ ਬਾਪੂ ਸੂਰਤ ਸਿੰਘ ਪਾਖੰਡੀ ਦੱਸਣ ਦੇ ਦੋਸ਼ ਵਿੱਚ ਬਿਨਾਂ ਕਿਸੇ ਦੇਰੀ ਤੋਂ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਤਨਖਾਹ ਲਗਾਈ ਜਾਵੇ।
ਇੱਕ ਸਵਾਲ ਦੇ ਜਵਾਬ ਵਿੱਚ ਕਿ ਅਮਰੀਕਾ ਦੀ ਅਦਾਲਤ ਵੱਲੋਂ ਮਨਜੀਤ ਸਿੰਘ ਜੀ.ਕੇ.ਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਵਾਰੰਟ ਜਾਰੀ ਹੋਣ ਨਾਲ ਉਹ ਵਾਪਸ ਆ ਸਕਣਗੇ ਤਾਂ ਉਹਨਾਂ ਕਿਹਾ ਕਿ ਇਸ ਦੇ ਦੋ ਹੀ ਰਸਤੇ ਜਾਂ ਤਾਂ ਇਹ ਉਥੇ ਰਹਿ ਕੇ ਆਪਣਾ ਕੇਸ ਲੜਣ ਜਾਂ ਫਿਰ ਉਥੋ ਡੀਪੋਰਟ ਹੋ ਕੇ ਵਾਪਸ ਆ ਜਾਣ। ਉਹਨਾਂ ਕਿਹਾ ਕਿ ਉਥੇ ਰਹਿ ਕੇ ਇਹ ਕੇਸ ਲੜ ਨਹੀਂ ਸਕਦੇ ਤੇ ਡੀਪੋਟ ਹੋਣ ਦੀ ਸੂਰਤ ਵਿੱਚ ਉਹ ਦੁਬਾਰਾ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਣਗੇ। ਉਹਨਾਂ ਕਿਹਾ ਕਿ ਗੁਰੂ ਬੜਾ ਬੇਅੰਤ ਹੈ ਅਤੇ ਸੱਚ ਝੂਠ ਦਾ ਨਿਤਾਰਾ ਕਰਨ ਦੀ ਪੂਰਣ ਸਮੱਰਥਾ ਰੱਖਦਾ ਹੈ। ਉਹਨਾਂ ਕਿਹਾ ਕਿ ਗੁਰੂ ਘਰ ਨਾਲ ਧੋਖਾ ਕਰਨ ਅਤੇ ਗੁਰੂ ਦੀ ਗੋਲਕ ਲੁੱਟਣ ਵਾਲਿਆਂ ਦਾ ਆਖਰ ਹਸ਼ਰ ਅਜਿਹਾ ਹੀ ਹੁੰਦਾ ਹੈ।