ਸਮਰਾਲਾ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਇਨਕਮ ਵਿਭਾਗ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੀਵਾਰ ਦੀ ਬੇਹਿਸਾਬ ਜਇਦਾਦ ਦੀ ਜਾਂਚ ਕਰੇ। ਅਨਾਜ ਮੰਡੀ ਵਿੱਚ ਆਯੋਜਿਤ ਇੱਕ ਰੈਲੀ ਦੌਰਾਨ ਮਹਾਰਾਜਾ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਨਕਮ ਵਿਭਾਗ ਬਾਦਲਾਂ ਦੀ ਸੰਪਤੀ ਸਬੰਧੀ ਕੋਈ ਨੋਟਿਸ ਨਹੀਂ ਲੈ ਰਿਹਾ।
ਕੈਪਟਨ ਨੇ ਕਿਹਾ ਕਿ ਬਾਦਲ ਪ੍ਰੀਵਾਰ ਦੇ 1000 ਹਜ਼ਾਰ ਕਰੋੜ ਰੁਪੈ ਦੇ ਕਈ ਹੋਟਲ ਹਨ। ਇੱਕ ਚੰਡੀਗੜ੍ਹ ਦੇ ਕੋਲ ਉਸਾਰੀ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਦੁਆਰਾ ਕੀਤੇ ਗਏ ਹਾਦਸਿਆਂ ਦੇ ਪੀੜਤਾਂ ਨੂੰ ਉਨ੍ਹਾਂ ਦੁਆਰਾ 60 ਲੱਖ ਰੁਪੈ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਹ ਪੈਸੇ ਕਿਸ ਦੇ ਹਨ। ਜੇ ਇਹ ਪੈਸੇ ਸਰਕਾਰ ਦੇ ਹਨ ਤਾਂ ਡਰਾਈਵਰਾਂ ਦੀ ਗੱਲਤੀ ਦੇ ਲਈ ਇਹ ਅਦਾਇਗੀ ਕਿਉਂ ਕੀਤੀ ਗਈ। ਜੇ ਇਹ ਪੈਸੇ ਬਾਦਲਾਂ ਦੇ ਹਨ ਤਾਂ ਫਿਰ ਇਨਕਮ ਵਿਭਾਗ ਇਸ ਸਬੰਧੀ ਕੋਈ ਨੋਟਿਸ ਕਿਉਂ ਨਹੀਂ ਲੈ ਰਿਹਾ।
ਉਨ੍ਹਾਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 60 ਸਾਲ ਪਹਿਲਾਂ ਆਪਣੇ ਪਿਤਾ ਤੋਂ ਮਿਲੀ ਸਿਰਫ਼ 80 ਏਕੜ ਜਮੀਨ ਤੋਂ ਏਨੀ ਵੱਡੀ ਜਇਦਾਦ ਕਿਵੇਂ ਬਣਾ ਲਈ। ਕੋਈ ਹੋਰ ਕਿਸਾਨ ਬਾਦਲ ਜਿੰਨਾਂ ਅਮੀਰ ਕਿਉਂ ਨਹੀਂ ਬਣ ਸਕਿਆ।