ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿਆਸੀ ਲਾਹਾ ਲੈਣ ਲਈ ਦਿੱਲੀ ਸਿੱਖ ਗੁਰੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਲੱਖਾਂ ਰੁਪਏ ਖਰਚ ਕੀਤੇ ਜਾਣ ਨੂੰ ਸਿੱਧੇ ਰੂਪ ਵਿੱਚ ਗੋਲਕ ਦੀ ਲੁੱਟ ਗਰਦਾਨਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਤੇ ਉਸ ਦੇ ਆਕਾ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਿਦੇਸ਼ੀ ਸਿੱਖ ਹੁਣ ਬਾਦਲ ਦਲੀਆਂ ਦੀ ਅਸਲੀਅਤ ਸਮਝ ਗਏ ਤੇ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਇਹ ਸਿੱਖ ਕੌਮ ਵਿੱਚ ਬਹੂਰੂਪੀਏ ਹਨ ਅਤੇ ਆਰ.ਐਸ ਐਸ ਦੀ ਪੁਸ਼ਤਪਨਾਹੀ ਕਰਨ ਵਾਲੇ ਉਸ ਦੇ ਕਰਿੰਦੇ ਹਨ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ.ਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਸੱਤ ਵਿਅਕਤੀ ਦਿੱਲੀ ਕਮੇਟੀ ਦੀ ਗੋਲਕ ਵਿੱਚੋਂ ਮਾਇਆ ਖਰਚ ਕਰਕੇ ਬਾਦਲ ਦਲ ਦੀ 22 ਮੈਂਬਰੀ ਟੀਮ ਦਾ ਹਿੱਸਾ ਬਣ ਕੇ ਬਾਦਲ ਦਲ ਦਾ ਝੰਡਾ ਬੁਲੰਦ ਕਰਨ ਅਤੇ ਵਿਦੇਸ਼ੀ ਸਿੱਖਾਂ ਕੋਲੋ 2017 ਦੀਆ ਚੋਣਾਂ ਲਈ ਫੰਡ ਇਕੱਠਾ ਕਰਨ ਲਈ ਗਏ ਸਨ ਪਰ ਵਿਦੇਸ਼ੀ ਸਿੱਖ ਇਹਨਾਂ ਦੀ ਪੰਥ ਵਿਰੋਧੀ ਸੱਚਾਈ ਨੂੰ ਪੂਰੀ ਤਰ੍ਹਾਂ ਸਮਝ ਗਏ ਹਨ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਇਸ ਵਫਦ ਦਾ ਕਾਲੀਆ ਝੰਡੀਆ, ਬਾਦਲ ਦਲ ਵਿਰੋਧੀ ਬੈਨਰਾਂ ਤੇ ਨਾਅਰਿਆਂ ਨਾਲ ਸੁਆਗਤ ਕੀਤਾ ਉਸ ਨੇ ਸਾਬਤ ਕਰ ਦਿੱਤਾ ਕਿ ਵਿਦੇਸ਼ੀ ਸਿੱਖਾਂ ਵਿੱਚ ਬਾਦਲ ਦਲ ਆਪਣੀ ਸਾਖ ਪੂਰੀ ਤਰ੍ਹਾਂ ਗੁਆ ਚੁੱਕਾ ਹੈ । ਉਹਨਾਂ ਕਿਹਾ ਕਿ ਉਥੋਂ ਦੀ ਅਦਾਲਤ ਦੇ ਸੰਮਨਾਂ ਦਾ ਵੀ ਜੀ ਕੇ ਤੇ ਸਿਰਸਾ ਨੂੰ ਸਾਹਮਣਾ ਕਰਨਾ ਪਿਆ ਜੋ ਇਹਨਾਂ ਲਈ ਨਮੋਸ਼ੀ ਭਰੀ ਘਟਨਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਜੀ ਕੇ ਤੇ ਉਸ ਦੇ ਸਾਥੀ ਚਾਰ ਦੌਰੇ ਵਿਦੇਸ਼ ਦੇ ਕਰ ਚੁੱਕੇ ਹਨ ਪਰ ਹਰ ਵਾਰੀ ਇਹਨਾਂ ਨੂੰ ਵਿਦੇਸ਼ੀ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰੀ ਜਿਸ ਤਰੀਕੇ ਨਾਲ ਇਹਨਾਂ ਦੀ ਮੁਖਾਲਫਿਤ ਹੋਈ ਹੈ ਉਸ ਤੋ ਬਾਅਦ ਵੀ ਜੇਕਰ ਇਹ ਵਿਦੇਸ਼ੀ ਦੌਰੇ ‘ਤੇ ਜਾਂਦੇ ਹਨ ਤਾਂ ਫਿਰ ਸਮਝ ਲੈਣਾ ਪਵੇਗਾ ਕਿ ਇਹ ਢੀਠਪੁਣੇ ਦੀ ਹੱਦਾਂ ਬੰਨੇ ਟੱਪ ਚੁੱਕੇ ਹਨ।
ਉਹਨਾਂ ਕਿਹਾ ਕਿ ਵਿਦੇਸ਼ਾਂ ਦੇ ਸਿੱਖ ਕਾਫੀ ਸੂਝਵਾਨ ਤੇ ਸਿਆਣੇ ਹਨ ਅਤੇ ਉਹ ਆਪਣੇ ਨਫੇ ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਜਿਸ ਕਰਕੇ ਉਹਨਾਂ ਨੇ ਸਮਝ ਲਿਆ ਹੈ ਕਿ ਪੰਜਾਬ ਤੇ ਗੁਰੂ ਘਰ ਹੁਣ ਬਾਦਲਾਂ ਦੇ ਹੱਥਾਂ ਵਿੱਚ ਸੁਰੱਖਿਅਤ ਨਹੀ ਹਨ। ਉਹਨਾਂ ਕਿਹਾ ਕਿ ਵਿਦੇਸ਼ੀ ਸਿੱਖ ਦਿੱਲੀ ਕਮੇਟੀ ਦੀ ਅਸਲੀਅਤ ਨੂੰ ਵੀ ਚੰਗੀ ਤਰ੍ਹਾਂ ਜਾਣ ਗਏ ਹਨ ਕਿ ਮੌਜੂਦਾ ਪ੍ਰਬੰਧਕ ਗੁਰੂ ਦੀ ਗੋਲਕ ਦੀ ਦੁਰਵਰਤੋ ਵੱਡੀ ਪੱਧਰ ਤੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਮਹੀਨੇ ਵੀ ਇਹਨਾਂ ਨੇ ਅਮੀਰ ਸਿੱਖ ਸੰਤ ਸਿੰਘ ਛੱਤਵਾਲ ਕੋਲੋ ਲੈਣ ਵਾਸਤੇ ਗਏ ਸਨ ਤੇ ਉਹਨਾਂ ਪੈਸਿਆ ਨੂੰ ਸੰਗਤਾਂ ਦੀ ਜਾਣਕਾਰੀ ਜਨਤਕ ਕੀਤਾ ਜਾਵੇ ਤਾਂ ਕਿ ਸੰਗਤਾਂ ਜਾਣ ਸਕਣ ਕਿ ਉਸ ਦਾਨ ਦਿੱਤੀ ਗਈ ਮਾਇਆ ਦੀ ਵੀ ਸਦਵਰਤੋਂ ਕੀਤੀ ਗਈ ਹੈ ਜਾਂ ਫਿਰ ਦੁਰਵਰਤੋਂ।
ਉਹਨਾਂ ਕਿਹਾ ਕਿ ਸਿਰਸੇ ਵਰਗਾ ਵਿਅਕਤੀ ਜਿਹੜਾ ਬਾਪੂ ਸੂਰਤ ਸਿੰਘ ਵੱਲੋ ਵਿੱਢੇ ਗਏ ਨਿਰਸੁਆਰਥ ਸੰਘਰਸ਼ ਨੂੰ ਪਾਖੰਡ ਦੱਸ ਸਕਦਾ ਹੈ ਅਤੇ ਇੱਕ ਰੇਡੀਓ ਤੇ ਝੂਠ ਬੋਲ ਸਕਦਾ ਹੈ ਕਿ ਪੰਜਾਬ ਦੀਆ ਜੇਲਾਂ ਵਿੱਚ ਕੋਈ ਵੀ ਸਜ਼ਾ ਪੂਰੀ ਕਰ ਚੁੱਕਾ ਸਿੰਘ ਬੰਦ ਨਹੀ ਹੈ ਉਸ ਕੋਲ ਸਿੱਖ ਪੰਥ ਨੂੰ ਕੀ ਕਦੇ ਭਲਾਈ ਦੀ ਉਮੀਦ ਰੱਖੀ ਜਾ ਸਕਦੀ ਹੈ? ਉਹਨਾਂ ਕਿਹਾ ਕਿ ਇਹਨਾਂ ਪਾਖੰਡੀਆਂ ਦੀ ਸੱਚਾਈ ਨੂੰ ਪੂਰਾ ਸਿੱਖ ਜਗਤ ਸਮਝ ਚੁੱਕਾ ਹੈ ਕਿ ਇਹ ਸ਼ੇਰ ਦੀ ਖੱਲ ਵਿੱਚ ਲੂੰਬੜ ਹਨ ਤੇ ਪੰਥ ਵਿਰੋਧੀ ਸ਼ਕਤੀਆ ਦੇ ਹੱਥਾਂ ਦੀ ਕਠਪੁਤਲੀਆ ਹਨ । ਉਹਨਾਂ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਸੁਚੇਤ ਕਰਦਿਆ ਕਿਹਾ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਲੁੱਟੇ ਹਨ ਉਹਨਾਂ ਦਾ ਹਿਸਾਬ ਕਿਤਾਬ ਸੰਗਤਾਂ ਇਹਨਾਂ ਕੋਲੋ ਸਮਾਂ ਆਉਣ ਤੇ ਜਰੂਰ ਲੈਣਗੀਆਂ ਤੇ ਹੁਣ ਤਾਂ ਵਿਦੇਸ਼ਾਂ ਵਿੱਚ ਹੀ ਵਿਰੋਧ ਹੋ ਰਿਹਾ ਹੈ ਜਲਦੀ ਹੀ ਹਿੰਦੋਸਤਾਨ ਵਿੱਚ ਵੀ ਇਹਨਾਂ ਲੋਕਾਂ ਨੂੰ ਜਨਤਕ ਰੋਹ ਦਾ ਸ਼ਿਕਾਰ ਜਰੂਰ ਹੋਣਾ ਪਵੇਗਾ।