ਲਾਹੌਰ – ਮੁੰਬਈ ਹਮਲਿਆਂ ਦੇ ਮਾਸਟਰਮਾਂਈਡ ਅਤੇ ਜਮਾਤ-ਉਦ-ਦਾਅਵਾ ਮੁੱਖੀ ਹਾਫਿ਼ਜ਼ ਸਈਅਦ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਮੁੱਦੇ ਤੇ ਕਿਸੇ ਵੀ ਅੰਤਰਰਾਸ਼ਟਰੀ ਦਬਾਅ ਵਿੱਚ ਆ ਕੇ ਭਾਰਤ ਨਾਲ ਦੋਸਤੀ ਦਾ ਹੱਥ ਨਾਂ ਵਧਾਏ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਨੂੰ ਕਸ਼ਮੀਰੀ ਲੋਕਾਂ ਦੀ ਸਲਾਹ ਤੋਂ ਬਿਨਾਂ ਭਾਰਤ ਨਾਲ ਵਾਰਤਾ ਨਹੀਂ ਕਰਨੀ ਚਾਹੀਦੀ।
ਸਈਅਦ ਨੇ ਕਿਹਾ ਕਿ ਪਾਕਿਸਤਾਨ ਨੂੰ ਕਸ਼ਮੀਰ ਦੇ ਮਸਲੇ ਤੇ ਅੰਤਰਰਾਸ਼ਟਰੀ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਆਪਣੇ ਸਿਧਾਂਤਾ ਤੇ ਕਾਇਮ ਰਹਿਣਾ ਚਾਹੀਦਾ ਹੈ। 10 ਜੁਲਾਈ ਨੂੰ ਰੂਸ ਦੇ ਉਫ਼ਾ ਸ਼ਹਿਰ ਵਿੱਚ ਸ਼ੰਘਈ ਸਹਿਯੋਗ ਸੰਗਠਨ ਦੀ ਬੈਠਕ ਦਰਮਿਆਨ ਮੋਦੀ ਅਤੇ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਵਿੱਚਕਾਰ ਹੋਈ ਮੁਲਾਕਾਤ ਤੋਂ ਬਾਅਦ ਹਾਫਿਜ਼ ਦਾ ਇਹ ਬਿਆਨ ਆਇਆ ਹੈ। ਇਸ ਮੁਲਾਕਾਤ ਵਿੱਚ ਦੋਵਾਂ ਨੇਤਾਵਾਂ ਨੇ ਕੁਝ ਅਰਸੇ ਤੋਂ ਅਟਕੀ ਹੋਈ ਵਾਰਤਾ ਦੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਂਸਲਾ ਕੀਤਾ ਸੀ। ਹਾਫਿਜ਼ ਨੇ ਸ਼ਰੀਫ਼ ਸਰਕਾਰ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨਾਲ ਦੋਸਤੀ ਦਾ ਹੱਥ ਵਧਾਉਣ ਦੀ ਬਜਾਏ ਉਸ ਨੂੰ ਕਸ਼ਮੀਰੀ ਜਨਤਾ ਦੀ ਵਕਾਲਤ ਕਰਨੀ ਚਾਹੀਦੀ ਹੈ।