ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ 18 ਜੁਲਾਈ ਤੋਂ ਪੰਜ ਰੋਜ਼ਾ ਪੁਸਤਕ ਪ੍ਰਦਰਸ਼ਨੀ ਤੇ ਵਿਕਰੀ ਦੇ ਅਖ਼ੀਰਲੇ ਦਿਨ ਪੁਸਤਕ ਪ੍ਰੇਮੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਪ੍ਰਦਰਸ਼ਨੀ ਦੀ ਸਮਾਪਤੀ ਸਮੇਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਹਮੇਸ਼ਾਂ ਹੀ ਕਾਰਜਸ਼ੀਲ ਰਹੀ ਹੈ। ਇਸੇ ਪ੍ਰਸੰਗ ਵਿਚ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਲਗਾਈ ਇਸ ਪੁਸਤਕ ਪ੍ਰਦਰਸ਼ਨੀ ਵਿਚ ਵੱਡੀ ਗਿਣਤੀ ਵਿਚ ਪੁਸਤਕ ਪ੍ਰੇਮੀਆਂ ਨੇ ਦਿਲਚਸਪੀ ਦਿਖਾਈ। ਦਫ਼ਤਰ ਸਕੱਤਰ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਪੁਸਤਕਾਂ ਤੋਂ ਬਿਨਾਂ ਮਨੁੱਖ ਦਾ ਵਿਕਾਸ ਅਧੂਰਾ ਹੈ। ਉਨ੍ਹਾਂ ਦਸਿਆ ਕਿ ਇਸ ਸਮੇਂ ਸੱਤਰ ਹਜ਼ਾਰ ਰੁਪਏ ਦੀਆਂ ਪੁਸਤਕਾਂ ਦੀ ਵਿਕਰੀ ਹੋਈ ਅਤੇ ਤਕਰੀਬਨ ਸੱਤ ਹਜ਼ਾਰ ਟਾਈਟਲ ਪ੍ਰਦਰਸ਼ਨੀ ਵਿਚ ਰੱਖੇ ਗਏ। ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਕਿਹਾ ਇਸ ਪ੍ਰਦਰਸ਼ਨੀ ਵਿਚ ਨੌਜਵਾਨ ਵਰਗ ਦੇ ਪਾਠਕਾਂ ਨੇ ਖਾਸ ਰੁਚੀ ਦਿਖਾਈ ਅਤੇ ਮਨਪਸੰਦ ਦੀਆਂ ਪੁਸਤਕਾਂ ਖਰੀਦੀਆਂ। ਇਸ ਪ੍ਰਦਰਸ਼ਨੀ ਨਾਲ ਪੰਜਾਬੀ ਲੇਖਕਾਂ ਨੂੰ ਉਤਸ਼ਾਹ ਮਿਲਿਆ। ਪ੍ਰੈ¤ਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਹੈ ਕਿ ਸਾਹਿਤ ਅਕਾਦੇਮੀ ਨਵੀਂ ਦਿੱਲੀ ਨੇ ਪੰਜਾਬੀ ਭਵਨ ਦੇ ਵਿਹੜੇ ਵਿਚ ਪ੍ਰਦਰਸ਼ਨੀ ਲਗਾ ਕੇ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕੀਤਾ ਹੈ। ਉਨ੍ਹਾਂ ਕਿਹਾ ਪ੍ਰਦਰਸ਼ਨੀ ਮੌਕੇ ਪੰਜਾਬੀ ਪੁਸਤਕਾਂ ਦੀ ਭਾਰੀ ਵਿਕਰੀ ਹੋਈ। ਇਸ ਪ੍ਰਦਰਸ਼ਨੀ ਦਾ ਪ੍ਰਬੰਧਕ ਨਵੀਨ ਗੋਇਲ ਨੇ ਕੀਤਾ ਅਤੇ ਉਨ੍ਹਾਂ ਨਾਲ ਦਰਬਾਨ ਸਿੰਘ ਅਤੇ ਰਵਿੰਦਰ ਕੁਮਾਰ ਸਨ।
ਇਸ ਮੌਕੇ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸਹਿਜਪ੍ਰੀਤ ਸਿੰਘ ਮਾਂਗਟ, ਇੰਦਰਜੀਤਪਾਲ ਕੌਰ, ਸੁਰਿੰਦਰ ਕੌਰ, ਅਜਮੇਰ ਸਿੰਘ, ਬੁੱਧ ਸਿੰਘ, ਸੁਮੀਤ ਗੁਲਾਟੀ, ਤਰਲੋਚਨ ਝਾਂਡੇ ਸਮੇਤ ਕਾਫੀ ਗਿਣਤੀ ਵਿਚ ਲੇਖਕ ਹਾਜ਼ਰ ਸਨ।