ਬਰਨਾਲਾ –ਮਾਲਵਾ ਵਿੱਚ ਚੱਲ ਰਹੀ ਚਿਟਫੰਡ ਕੰਪਨੀ ਜਿਸ ਵਿੱਚ ਕਿ ਇੱਕਲੇ ਬਰਨਾਲਾ ਵਿੱਚੋਂ ਹੀ 3000 ਹਜਾਰ ਕਰੋੜ ਰੁਪਏ ਲੱਗੇ ਹੋਣ ਦੀ ਚਰਚਾ ਚੱਲ ਰਹੀ ਹੈ ਅਤੇ ਮਾਲਵੇ ਵਿੱਚ ਇਸ ਕੰਪਨੀ ਵਿੱਚ 10000 ਹਜਾਰ ਕਰੋਡ ਰੁਪਏ ਲੱਗੇ ਹੋਣ ਦੀ ਖਬਰ ਹੈ ਅਤੇ ਪੂਰੇ ਪੰਜਾਬ ਵਿੱਚ ਤਾਂ 20 ਹਜਾਰ ਕਰੋੜ ਰੁਪਏ ਤੋਂ ਉਪਰ ਇਸ ਚਿਟਫੰਡ ਕੰਪਨੀ ਵਿੱਚ ਲੱਗਿਆ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਕੰਪਨੀ ਵਿੱਚ ਆਪਣੀ ਸਾਰੀ ਜਮਾਪੂੰਜੀ ਲਗਾ ਚੁੱਕੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾ ਬਰਨਾਲਾ ਵਿੱਚ ਚਿਟਫੰਡ ਕੰਪਨੀ ਕ੍ਰਿਸਟਲ ਵਿੰਡ ਦੇ ਪ੍ਰਮੋਟਰ ਦੇ ਖਿਲਾਫ ਪਰਚਾ ਦਰਜ ਜਰੂਰ ਹੋਇਆ ਪਰ ਉਸ ਵੱਲੋਂ ਮਾਰੀ ਗਈ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਿਰਫ ਪਰਚੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਅਤੇ ਉਸ ਕੰਪਨੀ ਦੇ ਨਿਵੇਸ਼ਕਰਤਾ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਸੂਸ ਕਰ ਰਹੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਅਜਿਹੇ ਏਜੰਟਾਂ ਦੇ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ। ਵਪਾਰ ਮੰਡਲ ਵੱਲੋਂ ਅਜਿਹੀ ਚਿਟਫੰਡ ਕੰਪਨੀ ਦੇ ਖਿਲਾਫ ਪ੍ਰਧਾਨਮੰਤਰੀ, ਮੁੱਖਮੰਤਰੀ, ਡੀ ਜੀ ਪੀ ਨੂੰ ਸ਼ਕਾਇਤ ਦਿੱਤੀ ਜਾਵੇਗੀ ਅਤੇ ਮੰਗ ਕੀਤੀ ਜਾਵੇਗੀ ਕਿ ਇਸ ਦੀ ਜਾਂਚ ਸੀ ਬੀ ਆਈ ਤੋ ਕਰਵਾਈ ਜਾਵੇ।
ਮਾਲਵੇ ਵਿੱਚ ਚਿਟਫੰਡ ਕੰਪਨੀਆਂ ਭਾਰੀ ਮਾਤਰਾ ਵਿੱਚ ਸਰਗਰਮ ਹਨ ਜੋ ਲੋਕਾਂ ਨੂੰ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਪੈਸੇ ਇਨਵੈਸਟ ਕਰਵਾਉਂਦੀਆਂ ਹਨ। ਪਿਛਲੇ ਕੁੱਝ ਸਾਲਾ ਵਿੱਚ ਹੀ ਅਜਿਹੀਆਂ ਕਈ ਕੰਪਨੀਆਂ ਲੋਕਾਂ ਦੇ ਅਰਬਾਂ ਰੁਪਏ ਲੈ ਕੇ ਫਰਾਰ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਲੋਕ ਇਹਨਾਂ ਕੰਪਨੀਆਂ ਦੇ ਭੁਲੇਖੇ ਵਿੱਚ ਫਸ ਰਹੇ ਹਨ। ਇਸਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਇਹ ਕੰਪਨੀਆਂ ਅਤੇ ਇਸਦੇ ਏਜੰਟ ਲੋਕਾਂ ਨੂੰ ਮੋਟੇ ਪਰੋਫਟ ਦੇ ਲਾਲਚ ਵਿੱਚ ਫਸਾਉਂਦੀਆਂ ਹਨ ਅਤੇ ਕੁੱਝ ਏਜੰਟਾਂ ਨੂੰ ਮੋਟੀ ਕਮਾਈ ਕਰਦੇ ਦੇਖ ਕੇ ਹੋਰ ਲੋਕ ਵੀ ਲਾਲਚ ਵਿੱਚ ਫੱਸ ਜਾਂਦੇ ਹਨ। ਪਰ ਇਹ ਕੰਪਨੀਆਂ ਲੋਕਾਂ ਦੀ ਮੇਹਨਤ ਦੀ ਕਮਾਈ ਹੜਪ ਕਰ ਜਾਂਦੀਆਂ ਹਨ। ਹੈਰਾਨੀ ਦੀ ਗੱਲ੍ਹ ਤਾਂ ਇਹ ਹੈ ਕਿ ਅਜਿਹੀਆਂ ਕੰਪਨੀਆਂ ਦਾ ਜਾਲ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਅਕਸਰ ਕਿਸੇ ਨਾ ਕਿਸੇ ਕੰਪਨੀ ਦੇ ਲੋਕਾਂ ਦੀ ਕਮਾਈ ਦਾ ਪੈਸਾ ਲੈ ਕੇ ਭੱਜਣ ਦੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਸਰਕਾਰੀ ਤੰਤਰ ਵਲੋਂ ਇਸ ਤੇ ਲਗਾਮ ਲਗਾਉਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਤੰਤਰ ਵਿੱਚ ਇਹਨਾਂ ਕੰਪਨੀਆਂ ਦਾ ਬੋਲ-ਬਾਲਾ ਹੈ। ਇਸ ਕਾਰਨ ਸਭ ਕੁੱਝ ਅੱਖਾਂ ਸਾਮਣੇ ਹੁੰਦੇ ਹੋਏ ਵੀ ਇਹ ਸਰਕਾਰੀ ਤੰਤਰ ਪਹਿਲਾ ਤਾਂ ਇਹਨਾਂ ਇੰਟਰਨੈਟ ਅਤੇ ਚਿੱਟਫੰਡ ਕੰਪਨੀਆਂ ਉਪਰ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕਰਦਾ ਜੱਦ ਕਿ ਇਹ ਕੰਪਨੀਆਂ ਵਿੱਚ ਜਿਆਦਾਤਰ ਦੋ ਨੰਬਰ ਦਾ ਪੈਸਾ ਲੱਗਿਆ ਹੁੰਦਾ ਹੈ।
ਪੰਜਾਬ ਦੇ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਚਿੱਟ ਫੰਡ ਕੰਪਨੀਆਂ ਉਪਰ ਕੁਝ ਸਮਾਂ ਪਹਿਲਾ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ ਕੋਈ ਵੀ ਚਿੰਟ ਫੰਡ ਕੰਪਨੀ ਰਜਿਸਟਰ ਨਹੀਂ ਹੈ ਪਰ ਪੰਜਾਬ ਵਿੱਚ ਅਣਗਿਣਤ ਚਿੰਟਫਡ ਕੰਪਨੀਆਂ ਚੱਲ ਰਹੀਆਂ ਹਨ ਅਤੇ ਕਿੰਨੀਆਂ ਹੀ ਪੈਸੇ ਲੈ ਕੇ ਫਰਾਰ ਹੋ ਗਈਆਂ ਹਨ। ਉਥੇ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਪ੍ਰਸ਼ਾਸ਼ਨ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਰੋਜ ਲੋਕਾਂ ਤੋਂ ਕਿਸ ਤਰ੍ਹਾਂ ਕਰੋੜਾਂ ਰੁਪਏ ਇੱਕਠਾ ਕਰਕੇ ਇਹ ਕੰਪਨੀਆਂ ਭੱਜ ਰਹੀਆਂ ਹਨ।
ਸਟਾਕ ਗੁਰੂ, ਸ਼ਾਰਦਾ ਚਿੱਟਫੰਡ ਕੰਪਨੀ, ਸਹਾਰਾ, ਪਰਲਜ਼ ਅਤੇ ਅਜਿਹੀਆਂ ਕਿੰਨੀਆਂ ਹੀ ਅਣਗਿਣਤ ਕੰਪਨੀਆਂ ਲੋਕਾਂ ਦੇ ਅਰਬਾਂ ਰੁਪਏ ਲੈ ਕੇ ਭੱਜ ਚੁੱਕਿਆ ਹਨ ਅਤੇ ਲਾਇਵ ਟਰੇਡਿੰਗ ਕੰਪਨੀ ਦਾ ਮਾਮਲਾ ਤਾਂ ਅਜੇ ਤਾਜਾ ਹੀ ਹੈ ਜੋ ਲੋਕਾਂ ਦਾ ਤਕਰੀਬਨ 550 ਕਰੋੜ ਡਕਾਰ ਚੁੱਕੀ ਹੈ ਭਾਵੇਂ ਇਸ ਦੇ ਐਮ ਡੀ ਜੇਲ ਵਿੱਚ ਹਨ ਪਰ ਲੋਕਾਂ ਦਾ ਪੈਸੇ ਉਹਨਾਂ ਤੋਂ ਰਿਕਵਰ ਨਹੀ ਹੋ ਪਾਇਆ ਅਤੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਵਿਜੇ ਮਾਰਵਾੜੀ ਵਾਈਸ ਚੇਅਰਮੈਨ ਵਿਸ਼ਵ ਹਿੰਦੂ ਪਰਿਸ਼ਦ ਧਰਮ ਪ੍ਰਚਾਰ, ਵਪਾਰ ਮੰਡਲ ਦੇ ਚੇਅਰਮੈਨ ਵਿਜੇ ਮੋਦੀ, ਪ੍ਰਧਾਨ ਅਕੇਸ਼ ਕੁਮਾਰ, ਜਰਨਲ ਸੈਕਟਰੀ ਜਗਤਾਰ ਸੰਧੂ, ਕਿਸਾਨਾਂ ਦੇ ਲੀਡਰ ਮਹਿੰਦਰ ਸਿੰਘ ਨੇ ਕਿਹਾ ਕਿ ਇਹ ਚਿੱਟਫੰਡ ਕੰਪਨੀਆਂ ਲੋਕਾਂ ਦੇ ਨਾਲ ਅਰਬਾਂ ਰੁਪਏ ਦੀ ਠੱਗੀ ਮਾਰ ਰਹੀਆਂ ਹਨ। ਕੰਪਨੀ ਦੇ ਖਿਲਾਫ ਪ੍ਰਧਾਨਮੰਤਰੀ, ਮੁੱਖਮੰਤਰੀ, ਡੀ ਜੀ ਪੀ ਨੂੰ ਸ਼ਕਾਇਤ ਦਿੱਤੀ ਜਾਵੇਗੀ ਅਤੇ ਮੰਗ ਕੀਤੀ ਜਾਵੇਗੀ ਕਿ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ।