ਨਵੀਂ ਦਿੱਲੀ – ਪ੍ਰੀ ਮੈਡੀਕਲ ਪ੍ਰੀਖਿਆ ਏ.ਆਈ.ਪੀ.ਐਮ.ਟੀ . ਦੇ ਦੌਰਾਨ ਅੱਜ ਜੈਪੁਰ ਵਿੱਖੇ ਅਲਵਰ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਗਜੀਤ ਸਿੰਘ ਦਾ ਕੜਾ ਅਤੇ ਕ੍ਰਿਪਾਨ ਜਬਰੀ ਉਤਰਵਾ ਕੇ ਪ੍ਰੀਖਿਆ ਦੇਣ ਦਾ ਮਸਲਾ ਹੁਣ ਤੂਲ ਪਕੜ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਕਤ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਇਸ ਸੰਬਧ ਵਿੱਚ ਲੋੜੀਦੀ ਕਾਨੂੰਨੀ ਕਾਰਵਾਹੀ ਕਰਨ ਦੇ ਸੰਕੇਤ ਦਿੱਤੇ ਹਨ। ਈ-ਮੇਲ ਰਾਹੀਂ ਕਮੇਟੀ ਨੂੰ ਨੌਜਵਾਨ ਵੱਲੋਂ ਸ਼ਿਕਾਇਤ ਮਿਲਣ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਕਮੇਟੀ ਅਹੁਦੇਦਾਰਾਂ ਦੀ ਹੋਈ ਐਮਰਜੈਂਸੀ ਮੀਟਿੰਗ ’ਚ ਪ੍ਰੀਖਿਆ ਕੇਂਦਰ ਦੇ ਪ੍ਰੰਬੰਧਕਾਂ ਦੀ ਇਸ ਕਾਰਵਾਹੀ ਦੀ ਨਿਖੇਧੀ ਕੀਤੀ ਗਈ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਇਸ ਮੀਟਿੰਗ ਵਿੱਚ ਮੌਜ਼ੂਦ ਸਨ।
ਜੀ.ਕੇ. ਨੇ ਸੰਵਿਧਾਨ ਦੇ ਆਰਟੀਕਲ 25ਏ ਦੇ ਤਹਿਤ ਸਿੱਖਾਂ ਨੂੰ ਕਕਾਰ ਧਾਰਨ ਕਰਨ ਦੇ ਮਿਲੇ ਅਧਿਕਾਰਾਂ ਦੀ ਪ੍ਰੀਖਿਆ ਕੇਂਦਰ ਦੇ ਇਸ ਫ਼ੈਸ਼ਲੇ ਨਾਲ ਅਨਗੋਲਾ ਹੋਣ ਦਾ ਦੋਸ਼ ਲਗਾਇਆ। ਜੀ.ਕੇ. ਨੇ ਕਿਹਾ ਕਿ ਕਕਾਰ ਅੰਮ੍ਰਿਤਧਾਰੀ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਅਨਖਿੜਵਾਂ ਅੰਗ ਹੈ। ਜੀ.ਕੇ. ਨੇ ਸਵਾਲ ਕੀਤਾ ਕਿ ਅਗਰ ਕਕਾਰ ਧਾਰਨ ਕਰਕੇ ਹਰ ਸਿੱਖ ਨੂੰ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਜਾਉਣ ਦੀ ਸੰਵਿਧਾਨ ਆਗਿਆ ਦਿੰਦਾ ਹੈ ਤਾਂ ਫਿਰ ਪ੍ਰੀਖਿਆ ਕੇਂਦਰ ਨੇ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਨੋਜਵਾਨ ਨੂੰ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਗਿਆ ਹੈ ”;ਵਸ ਜੀ.ਕੇ. ਨੇ ਅਫਸੋਸ ਜਤਾਇਆ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਅੱਜ ਵੀ ਆਪਣੀ ਪੱਛਾਣ ਅਤੇ ਹੋਂਦ ਨੂੰ ਬਚਾਉਣ ਵਾਸਤੇ ਨਿਆਪਾਲਿਕਾ ਦੀ ਓਟ ਲੈਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ।
ਸਿਰਸਾ ਨੇ ਇਸ ਮਸਲੇ ਤੇ ਸੁਪਰੀਮ ਕੋਰਟ ਤਕ ਕਾਨੂੰਨੀ ਲੜਾਈ ਲੜਨ ਦੀ ਗੱਲ ਕਰਦੇ ਹੋਏ ਪ੍ਰੀਖਿਆ ਕੇਂਦਰ ਸਾਧੂ ਵਾਸਵਾਨੀ ਸਕੂਲ, ਆਦਰਸ਼ ਨਗਰ, ਜੈਪੁਰ, ਦੇ ਪ੍ਰਬੰਧਕਾਂ ਦੇ ਖਿਲਾਫ਼ ਕਮੇਟੀ ਵੱਲੋਂ ਸਿੱਖਾਂ ਦੇ ਸੰਵਿਧਾਨਿਕ ਹੱਕਾਂ ਨੂੰ ਕੁਚਲਣ ਦੇ ਦੋਸ਼ ’ਚ ਮੁਕੱਦਮਾ ਦਰਜ ਕਰਾਉਣ ਦਾ ਵੀ ਐਲਾਨ ਕੀਤਾ। ਕਲ ਸੁਪਰੀਮ ਕੋਰਟ ਵੱਲੋਂ ਉਕਤ ਪ੍ਰੀਖਿਆ ’ਚ ਮੁਸਲਿਮ ਭਾਈਚਾਰੇ ਦੇ ਧਾਰਮਿਕ ਚਿਨ੍ਹਾਂ ਹਿਜਾਬ ਅਤੇ ਟੋਪੀ ਤੇ ਲਾਈ ਗਈ ਪਾਬੰਦੀ ਨੂੰ ਸਿੱਖਾਂ ਦੇ ਅਨਖਿੜਵੇਂ ਅੰਗ ਕਕਾਰਾਂ ਦੇ ਨਾਲ ਜੋੜਨ ਨੂੰ ਸਿਰਸਾ ਨੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਵੀ ਕਰਾਰ ਦਿੱਤਾ।