ਚੰਡੀਗੜ੍ਹ- ਪੰਜਾਬ ਦੇ ਆਗੂਆਂ ਨੂੰ ਕੈਨੇਡਾ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਪਰ ਪਿਛਲੇ ਦਿਨੀਂ ਪੰਜਾਬ ਦੇ ਕੁਝ ਆਗੂਆਂ ਦੀ ਕੈਨੇਡਾ ਫੇਰੀ ਦੌਰਾਨ ਜੋ ਘਟਨਾਕ੍ਰਮ ਸਾਹਮਣੇ ਆਇਆ ਹੈ, ਉਹ ਬਹੁਤ ਹੀ ਅਫਸੋਸਨਾਕ ਹੈ। ਇਕ ਸੀਨੀਅਰ ਆਗੂ ਵੱਲੋਂ ਕੈਨੇਡਾ ਪੁਲਿਸ ਖਿਲਾਫ ਕੀਤੀ ਗਈ ਟਿਪਣੀ ਨੂੰ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੇ ਆਪਣੇ ਇਕ ਨਿੱਜੀ ਦੌਰੇ ’ਤੇ ਪੁੱਜੇ ਕੈਨੇਡੀਅਨ ਐਮ ਪੀ ਸ੍ਰੀ ਦਵਿੰਦਰ ਸ਼ੋਰੀ ਨੇ ਕੀਤਾ। ਉਹਨਾਂ ਹੋਰ ਕਿਹਾ ਕਿ ਕੈਨੇਡਾ ਵਿਚ ਪੰਜਾਬੀਆਂ ਦੀ ਵੱਡੀ ਵਸੋਂ ਆਬਾਦ ਹੈ ਜਿਹਨਾਂ ਦੇ ਪੰਜਾਬ ਨਾਲ ਗੂੜੇ ਰਿਸ਼ਤੇ ਹਨ। ਇਸੇ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਆਗੂ ਪਰਵਾਸੀਆਂ ਨਾਲ ਨੇੜਿਉਂ ਜੁੜੇ ਹੋਏ ਹਨ। ਹਰ ਸਾਲ ਪੰਜਾਬੀ ਆਗੂ ਕੈਨੇਡਾ ਜਾਂਦੇ ਹਨ ਪਰ ਇਸ ਵਾਰ ਜੋ ਘਟਨਾਕ੍ਰਮ ਸਾਹਮਣੇ ਆਇਆ, ਉਹ ਕਾਫੀ ਚਿੰਤਾਜਨਕ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਨਾਲ ਕਈ ਸ਼ਿਕਾਇਤਾਂ ਹਨ ਪਰ ਇਹਨਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਸੰਵਾਦ ਰਚਾਉਣਾ ਵੀ ਬਹੁਤ ਜ਼ਰੂਰੀ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬ ਦੇ ਆਗੂਆਂ ਨੂੰ ਪਰਵਾਸੀ ਪੰਜਾਬੀਆਂ ਨਾਲ ਮਿਲ ਬੈਠਣ ਅਤੇ ਹੋਰ ਸਮਾਜਿਕ ਕਾਰ ਵਿਹਾਰ ਨਿਭਾਉਣ ਲਈ ਕੋਈ ਮੁਸ਼ਕਲ ਨਹੀਂ ਹੈ ਪਰ ਅਗਰ ਉਹ ਆਪਣੀ ਕੋਈ ਗੱਲ ਜਾਂ ਸੁਨੇਹਾ ਜਨਤਕ ਰੂਪ ਵਿਚ ਪਹੁੰਚਾਉਣਾ ਚਾਹੁੰਦੇ ਹਨ ਤਾਂ ਇਸ ਲਈ ਕੈਨੇਡੀਅਨ ਪ੍ਰੰਪਰਾਵਾਂ ਅਤੇ ਕਨੂੰਨ ਕਾਇਦੇ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। ਅਗਰ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਜਾਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਕੁਝ ਕਰਨੀ ਚਾਹੁੰਦੀ ਹੈ ਤਾਂ ਇਸ ਲਈ ਲੋੜੀਂਦੀ ਪ੍ਰਕਿਰਿਆ ਅਪਣਾਕੇ ਹੀ ਗੱਲ ਕਰਨੀ ਬਣਦੀ ਹੈ ਜਿਸ ਲਈ ਕੈਨੇਡਾ ਸਰਕਾਰ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ।
ਇਸੇ ਦੌਰਾਨ ਐਮ ਪੀ ਸ੍ਰੀ ਦਵਿੰਦਰ ਸ਼ੋਰੀ ਦਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਡਾ ਚੀਮਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਨੇਡਾ ਵਿਚ ਪੰਜਾਬੀਆਂ ਦੀ ਭਰਵੀਂ ਵਸੋ ਵਾਲੇ ਸੂਬਿਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਉਨਟਾਰੀਓ ਨਾਲ ਸਿੱਖਿਆ, ਸਿਹਤ, ਖੇਤੀ ਅਤੇ ਪਸ਼ੂ ਪਾਲਣ ਦੇ ਖੇਤਰ ਵਿਚ ਸਮਝੌਤੇ ਕੀਤੇ ਗਏ ਹਨ ਜਿਹਨਾਂ ਨੂੰ ਅਮਲੀ ਰੂਪ ਦੇਣ ਲਈ ਅੱਗੇ ਵਧਣ ਦੀ ਜ਼ਰੂਰਤ ਹੈ। ਉਹਨਾਂ ਹੋਰ ਕਿਹਾ ਕਿ ਸ੍ਰੀ ਸ਼ੋਰੀ ਵਰਗੇ ਪੰਜਾਬੀ ਮੂਲ ਦੇ ਸਾਂਸਦ ਕੈਨੇਡਾ ਸਰਕਾਰ ਵਿਚ ਹੁੰਦਿਆਂ ਪੰਜਾਬੀ ਭਾਈਚਾਰੇ ਲਈ ਕੁਝ ਵਧੇਰੇ ਕਰਨ ਦੇ ਸਮਰੱਥ ਹੋ ਸਕਦੇ ਹਨ। ਇਸ ਮੌਕੇ ਉਹਨਾਂ ਨਾਲ ਉਪ ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ, ਸੁਬੋਧ ਸ਼ੋਰੀ ਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਵੀ ਹਾਜ਼ਰ ਸਨ।