ਪਟਨਾ – ਬਿਹਾਰ ਵਿੱਚ ਮੋਦੀ ਦੁਆਰਾ ਚੋਣ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਪਹਿਲੇ ਹੀ ਦਿਨ ਬੀਜੇਪੀ ਦੇ ਬਿਹਾਰ ਤੋਂ ਐਮਪੀ ਅਤੇ ਪਾਰਟੀ ਦੇ ਅਹਿਮ ਨੇਤਾ ਸ਼ਤਰੂਘਨ ਸਿਨਹਾ ਨੇ ਭਾਜਪਾ ਨੂੰ ਤਕੜਾ ਝਟਕਾ ਦਿੰਦੇ ਹੋਏ ਰਾਜ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ ਬਿਹਾਰ ਦਾ ਵਿਕਾਸ ਪੁੱਰਖ ਦੱਸ ਕੇ ਰਾਜ ਦੀ ਸਿਆਸਤ ਦੀ ਹਵਾ ਹੀ ਬਦਲ ਦਿੱਤੀ। ਸਿਨਹਾ ਕੇਂਦਰ ਸਰਕਾਰ ਵਿੱਚ ਮੰਤਰੀ ਪਦ ਨਾਂ ਮਿਲਣ ਕਰਕੇ ਪਿੱਛਲੇ ਕੁਝ ਅਰਸੇ ਤੋਂ ਮੋਦੀ ਨਾਲ ਖਫ਼ਾ ਹਨ।
ਜਦਯੂ ਐਮਪੀ ਪਵਨ ਕੁਮਾਰ ਵਰਮਾ ਅਤੇ ਆਰਪੀ ਸਿੰਹ ਦੇ ਨਾਲ ਸ਼ਤਰੂਘਨ ਸਿਨਹਾ ਨਤੀਸ਼ ਕੁਮਾਰ ਦੇ ਸਰਕਾਰੀ ਨਿਵਾਸ ਤੇ ਉਨ੍ਹਾਂ ਨੂੰ ਮਿਲਣ ਗਏ। ਸਿਆਸੀ ਹਲਕਿਆਂ ਵਿੱਚ ਸਿਨਹਾ ਦੇ ਪਾਰਟੀ ਬਦਲਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ। ਜਿਕਰਯੋਗ ਹੈ ਕਿ ਸ਼ਤਰੂਘਨ ਸ਼ਨਿਚਰਵਾਰ ਨੂੰ ਮੋਦੀ ਦੇ ਪਟਨਾ ਵਿੱਚ ਹੋਏ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਨ। ਇਸ ਤੋਂ ਤੁਰੰਤ ਬਾਅਦ ਹੀ ਸ਼ਤਰੂਘਨ ਨੇ ਨਵੀਂ ਰਾਜਨੀਤਕ ਦਿਸ਼ਾ ਵੱਲ ਆਪਣੇ ਕਦਮ ਵਧਾਏ। ਉਨ੍ਹਾਂ ਨੇ ਮੋਦੀ ਨੂੰ ਇਹ ਨਸੀਹਤ ਵੀ ਦਿੱਤੀ ਕਿ ਉਨ੍ਹਾਂ ਨੂੰ ਨਤੀਸ਼ ਤੇ ਸ਼ਬਦੀ ਹਮਲੇ ਨਹੀਂ ਸਨ ਕਰਨੇ ਚਾਹੀਦੇ। ਉਹ ਪਹਿਲਾਂ ਵੀ ਕਈ ਮੌਕਿਆਂ ਤੇ ਅਡਵਾਨੀ ਅਤੇ ਜੋਸ਼ੀ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਨਾਂ ਦਿੱਤੇ ਜਾਣ ਕਰਕੇ ਪਾਰਟੀ ਦੀ ਆਲੋਚਨਾ ਕਰ ਚੁੱਕੇ ਹਨ।