ਇਹ ਦੁਨੀਆ ਨਹੀਂ ਤੇਰੀ।
ਨਾ ਇਹ ਸੱਜਣਾ ਮੇਰੀ।
ਫਿਰ ਵੀ ਕਰਦਾ ਫਿਰਦੈਂ,
ਆਪਣੇ ਲਈ ਹੇਰਾ ਫੇਰੀ।
ਤੂੰ ਕੁਝ ਤਾਂ ਸੋਚ ਵਿਚਾਰ,
ਕਿਉਂ ਢਾਉਨਾਂ ਏਂ ਢੇਰੀ।
ਮੋਹ ਮਾਇਆ ਦੀ ਮਿੱਤਰਾ,
ਝੁੱਲਦੀ ਹੈ ਬੜੀ ਹਨੇਰੀ।
ਜਿਉਂ ਲੀਡਰ ਦੇ ਲਾਰੇ,
ਕਰਦੇ ਨੇ ਗੱਲ ਅਗੇਰੀ।
ਡੇਰੇ ਵਿਚ ਬਾਬੇ ਬਹਿ ਕੇ,
ਜਾਂਦੇ ਉਹ ਚੋਗ ਖਲੇਰੀ।
ਸੰਤ ਦੀ ਕਿਹੜੀ ਡਿਗਰੀ
ਜੋ ਕਰਦੇ ਗੱਲ ਲੰਮੇਰੀ।
ਲਗਦਾ ਦਾਅ ਲਗਾਉਂਦੇ,
‘ਤੇ ਕਰਦੇ ਬੜੀ ਦਲੇਰੀ।
“ਸੁਹਲ” ਅਜੇ ਵੀ ਸਮਝੋ,
ਹੋ ਗਈ ਹੁਣ ਬਥੇਰੀ।