ਗੁਰਦਾਸਪੁਰ – ਪੰਜਾਬ ਦੇ ਸਰਹਦ ਨਾਲ ਲਗਦੇ ਜਿਲ੍ਹੇ ਗੁਰਦਾਸਪੁਰ ਦੇ ਦੀਨਾਨਗਰ ਵਿੱਚ 3 ਅੱਤਵਾਦੀਆਂ ਨੇ ਸੋਮਵਾਰ ਸਵੇਰੇ ਹਮਲਾ ਕੀਤਾ ਸੀ। ਇੱਕ ਬੱਸ ਤੇ ਗੋਲੀਬਾਰੀ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਦੀਨਾਨਗਰ ਥਾਣੇ ਅੰਦਰ ਵੜ ਕੇ ਪੁਲਿਸ ਕਰਮਚਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਪੁਲਿਸ ਵਾਲੇ ਆਪਣੀਆਂ ਪੁਰਾਣੀਆਂ ਰਾਈਫ਼ਲਾਂ ਨਾਲ ਦਹਿਸ਼ਤਗਰਦਾਂ ਦੀਆਂ ਏਕੇ-47 ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ।ਇਸ ਹਮਲੇ ਵਿੱਚ ਤਿੰਨ ਅੱਤਵਾਦੀਆਂ ਸਮੇਤ 13 ਲੋਕ ਮਾਰੇ ਗਏ ਹਨ ਅਤੇ ਦਸ ਦੇ ਕਰੀਬ ਜਖਮੀ ਹੋਏ ਹਨ।
ਆਰਮੀ ਅਤੇ ਕਮਾਂਡੋਜ਼ ਦੇ ਆਉਣ ਤੋਂ ਬਾਅਦ ਵੀ ਇਹ ਮੁੱਠਭੇੜ 11 ਘੰਟੇ ਤੱਕ ਚੱਲਦੀ ਰਹੀ। ਅੱਤਵਾਦੀਆਂ ਕੋਲੋਂ ਤਿੰਨ ਏਕੇ-47,ਹੈਂਡ ਗਰਨੇਡ, 2 ਜੀਪੀਐਸ ਸਿਸਟਮ ਅਤੇ ਡਰਾਈਫਰੂਟ ਬਰਾਮਦ ਕੀਤਾ ਗਿਆ। ਹਮਲਾਵਰਾਂ ਕੋਲੋਂ ਜੋ ਹੈਂਡਗਰਨੇਡ ਮਿਲੇ ਹਨ ਉਹ ਚੀਨ ਦੇ ਬਣੇ ਹੋਏ ਹਨ। ਹਮਲਾਵਰ ਇੱਕ ਗੱਡੀ ਵਿੱਚ ਸਵਾਰ ਸਨ ਅਤੇ ਆਰਮੀ ਦੀ ਵਰਦੀ ਵਿੱਚ ਸਨ। ਥਾਣੇ ਦੇ ਨਾਲ ਲਗਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪਰਮਾਨੰਦ ਦੇ ਕੋਲ ਰੇਲਵੇ ਟਰੈਕ ਤੇ 5 ਬੰਬ ਵੀ ਮਿਲੇ ਹਨ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।