ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਅਤੇ ‘ਮਿਸਾਈਲ ਮੈਨ’ ਏ.ਪੀ.ਜੇ. ਅਬਦੁਲ ਕਲਾਮ ਦਾ ਸੋਮਵਾਰ ਸ਼ਾਮ ਨੂੰ ਸਿ਼ਲਾਂਗ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ।ਕਲਾਮ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ। ਦੇਸ਼ ਦੇ ਇਸ ਹਰਮਨ ਪਿਆਰੇ ਨੇਤਾ ਦੇ ਅਚਾਨਕ ਤੁਰ ਜਾਣ ਤੇ 7 ਦਿਨਾਂ ਲਈ ਸਰਕਾਰੀ ਤੌਰ ਤੇ ਸੋਗ ਮਨਾਇਆ ਜਾਵੇਗਾ।
ਸ਼ਿਲਾਂਗ ਵਿੱਚ ਇੱਕ ਸਮਾਗਮ ਦੌਰਾਨ ਡਾ. ਕਲਾਮ ਇੱਕ ਭਾਸ਼ਣ ਦੌਰਾਨ ਬੇਹੋਸ਼ ਹੋ ਕੇ ਡਿੱਗ ਗਏ ਅਤੇ ਤੁਰੰਤ ਉਨ੍ਹਾਂ ਨੂੰ ਨਾਨਗਰਿਸ ਹਿਲਜ਼ ਵਿੱਚ ਬੇਥਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਉਹ 84 ਸਾਲ ਦੇ ਸਨ। ਉਨ੍ਹਾਂ ਨੂੰ ਪਦਮ ਭੂਸ਼ਣ ਅਤੇ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ ਹੋਇਆ ਸੀ। ਉਨ੍ਹਾਂ ਨੇ ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਐਰੋਨਾਟਿਕਲ ਇੰਜੀਨੀਰਿੰਗ ਵਿੱਚ ਨਿਪੁੰਨਤਾ ਹਾਸਿਲ ਕੀਤੀ ਸੀ। ਉਹ ਬਹੁਤ ਹੀ ਸਾਦਾ ਤੇ ਸਾਫ ਸੁਥਰਾ ਜੀਵਨ ਬਿਤਾਉਣ ਵਾਲੇ ਨੇਤਾ ਸਨ।