ਮੈਂ ਅੱਜ ਦੂਜੀ ਵਾਰ ਆਪਣੇ ਬਜ਼ੁਰਗ ਤੇ ਸਤਿਕਾਰ ਯੋਗ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਹੁਰਾਂ ਬਾਰੇ ਕੁਝ ਲਿਖਣ ਦਾ ਹੌਂਸਲਾ ਕਰਨ ਲਗਾ ਹਾਂ, ਕਿਉਂਕਿ ਮੇਰੀ ਉਨ੍ਹਾਂ ਦੀ ਹਸਤੀ ਸਾਹਮਣੇ ਗਲ ਵਡੀ ਤੇ ਜ਼ੁਬਾਨ ਛੋਟੀ ਹੈੇ । ਪਹਿਲੀ ਵਾਰ ਉਦੋਂ ਥੋੜਾ ਕੁ ਜਿਹਾ ਲਿਖਿਆ, ਜਦ ਉਹ ਜਨਵਰੀ 1913 ਵਿਚ ਆਪਣੇ ਜ਼ਿੰਦਗੀ ਦੇ ਕੀਮਤੀ 104 ਸਾਲ ਹੰਢਾ ਕੇ ਇਸ ਫ਼ਾਨੀ ਦੁਨੀਆਂ ਤੋਂ ਸਦਾ ਸਦਾ ਲਈ ਵਿਦਾ ਹੋ ਗਏ ਸਨ । ਜਦ ਦੋ ਸਾਲ ਪਹਿਲਾਂ ਟੈਲੀਫੋਨ ਰਾਹੀਂ ਇਹ ਸੋਗਮਈ ਖ਼ਬਰ ਮਿਲੀ, ਸੋਚਿਆ ਕਿ ਖ਼ੁਦ ਕੁਝ ਲਿਖਣ ਨਾਲੋਂ ਮੈਂ ਡਾਕਟਰ (ਭਾਈ) ਹਰਬੰਸ ਲਾਲ ਨੂੰ ਕਹਾਂ ਕਿ ਉਹ ਆਪਣੇ ਵਲੋਂ ਕੁਝ ਲਿਖਣ ਤੇ ਛਪਵਾ ਦੇਣ, ਤਾਂ ਕਿ ਉਨ੍ਹਾਂ ਦੀ ਵਿਸ਼ਾਲ ਮਿਤ੍ਰ-ਮੰਡਲੀ ਰਾਹੀਂ ਇਹ ਖ਼ਬਰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕੇ । ਉਨ੍ਹਾਂ ਨੇ ਅਗੋਂ ਲਿਖਣ ਤੋਂ ਅਸਮਰਥਾ ਪ੍ਰਗਟ ਕੀਤੀ ਤੇ ਉਲਟਾ ਮੈਨੂੰ ਹੀ ਕਹਿ ਦਿਤਾ ਕਿ ਮੈਂ ਹੀ ਕੁਝ ਲਿਖਾਂ ਤੇ ਉਨ੍ਹਾਂ ਨੂੰ ਭੇਜ ਦਿਆਂ ਤੇ ਬਾਕੀ ਦਾ ਹਿਸਾ ਉਹ ਆਪਣੇ ਨਿਜੀ ਸਬੰਧਾਂ ਦਾ ਜ਼ਿਕਰ ਕਰ ਕੇ ਮੁਕੰਮਲ ਕਰ ਦੇਣਗੇ । ਇਸਤਰ੍ਹਾਂ ਪਹਿਲਾ ਖਰੜਾ ਲਿਖ ਕੇ ਮੈਂ ਭਾਈ ਹਰਬੰਸ ਲਾਲ ਨੂੰ ਭੇਜ ਦਿਤਾ, ਜਿਸ ਵਿਚ ਉਨ੍ਹਾਂ ਨੇ ਆਪਣੇ ਨਿਜੀ ਜੀਵਨ ਦੀਆਂ ਕੁਝ ਘਟਨਾਵਾਂ ਸ਼ਾਮਲ ਕਰ ਦਿਤੀਆਂ । ਇਸ ਖਰੜੇ ਦੀ ਮੇਰੇ ਤੇ ਭਾਈ ਹਰਬੰਸ ਲਾਲ ਦਰਮਿਆਨ ਤਿੰਨ ਚਾਰ ਵਾਰ ਸੁਧਾਈ ਹੁੰਦੀ ਰਹੀ ਤੇ ਆਖ਼ਰ ਇਹ ਖ਼ਬਰ ਅਖ਼ਬਾਰਾਂ ਵਿਚ ਛੱਪ ਗਈ । ਉਸਤੋਂ ਬਾਅਦ ਹੁਣ ਮੈਂ ਪਹਿਲੀ ਵਾਰ ਸਾਰਾ ਕੁਝ ਆਪਣੀ ਹਿੰਮਤ ਨਾਲ ਲਿਖਣ ਦੀ ਨਿਮਾਣੀ ਜੇਹੀ ਕੋਸ਼ਿਸ਼ ਕਰਨ ਲਗਾ ਹਾਂ ।
ਮੈਂ ਗਿਆਨੀ ਮਹਿੰਦਰ ਸਿੰਘ ਜੀ ਦੇ ਪਰਿਵਾਰ ਦਾ ਇਕ ਤਿਨਕੇ ਜਿਡਾ ਹਿਸਾ ਕਿਵੇਂ ਬਣਿਆ, ਇਸਦਾ ਜ਼ਿਕਰ ਕਰਨਾ ਏਨਾ ਜ਼ਰੂਰੀ ਨਹੀਂ, ਜਿੰਨਾ ਕਿ ਇਹ ਦਸਣਾ ਜ਼ਰੂਰੀ ਹੈ ਕਿ ਉਹ ਅਜ਼ੀਮ ਸ਼ਖਸੀਅਤ ਕੈਸੀ ਸੀ ਤੇ ਉਸ ਵਿਚ ਕੀ ਖੂਬੀਆਂ ਸਨ, ਜੋ ਉਹ ਤਕਰੀਬਨ 40 ਸਾਲ ਦਾ ਸਮਾਂ ਬਤੌਰ ਸਕਤਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਸਕਤਰ ਪੈਪਸੂ ਸਿੱਖ ਗੁਰਦੁਆਰਾ ਬੋਰਡ ਅਤੇ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਫ਼ਲ ਸੇਵਾ ਨਿਭਾਹੁੰਦੇ ਰਹੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਏਨਾ ਲੰਬਾ ਸਮਾਂ ਤੇ ਏਡੀ ਸ਼ਾਨਦਾਰ ਸੇਵਾ ਅੱਜ ਤਕ ਕਿਸੇ ਨੇ ਵੀ ਨਹੀਂ ਨਿਭਾਹੀ ਤੇ ਨਾ ਹੀ ਕੋਈ ਮਾਂ ਦਾ ਲਾਲ ਨਿਭਾ ਸਕਿਆ । ਭਾਵੇਂ ਆਪਣੇ ਪਿਤਾ ਸ: ਨਰਿੰਦਰ ਸਿੰਘ ਸੋਚ ਕਰਕੇ ਆਪਣੇ ਮੁਢਲੇ ਬਚਪਨ ਤੋਂ ਮੇਰੀ ਜਾਣ ਪਹਿਚਾਣ ਜਥੇਦਾਰਾਂ ਦੇ ਕਲਾਸਸ ਗਰੁਪ (ਜਥੇਦਾਰ ਮੋਹਨ ਸਿੰਘ ਨਾਗੋਕੇ, ਜਥੇਦਾਰ ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਜਥੇਦਾਰ ਸੋਹਣ ਸਿੰਘ ਜਲਾਲਉਸਮਾਂ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਜਥੇਦਾਰ ਪ੍ਰਤਾਪ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਆਦਿ) ਨਾਲ ਹੀ ਰਹੀ ਤੇ ਅਕਾਲੀਆਂ ਨਾਲ ਮੇਰੀ ਕੋਈ ਬਹੁਤੀ ਭਿਆਲੀ ਨਹੀਂ ਸੀ, ਜਿਸ ਕਰਕੇ ਮੈਂ ਗਿਆਨੀ ਮਹਿੰਦਰ ਸਿੰਘ ਦੇ ਨਾਮ ਤੋਂ ਅਭਿੱਜ ਹੀ ਰਿਹਾ ਸੀ । ਪਰ ਇਕ ਦਿਨ ਐਸਾ ਇਤਫ਼ਾਕ ਹੋਇਆ ਕਿ ਮੈਂ ਤੇ ਪ੍ਰਿੰਸੀਪਲ ਰਾਜਿੰਦਰਾ ਸਿੰਘ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਰਾਮਦਾਸ ਸੰਗੀਤ ਵਿਦਿਆਲਾ ਦੇ ਪਹਿਲੇ ਪ੍ਰਿੰਸੀਪਲ ਸਨ, ਬ੍ਰਹਮਪੁਰਾ ਮਾਰਕੀਟ ਦੇ ਕਰੀਬ ਤੁਰੇ ਜਾ ਰਹੇ ਸੀ ਕਿ ਉਨ੍ਹਾਂ ਨੇ ਮੇਰੇ ਕੋਲੋਂ ਇਕ ਦਮ ਵੱਖ ਹੋ ਕੇ ਸਾਹਮਣਿਓਂ ਤੁਰੇ ਆਉਂਦੇ ਗਿਆਨੀ ਮਹਿੰਦਰ ਸਿੰਘ ਨੂੰ ਝੁੱਕ ਕੇ ਫ਼ਤਿਹ ਬੁਲਾਈ । ਮੈਂ ਘੜੀ ਦੀ ਘੜੀ ਹੈਰਾਨ ਹੋਇਆ ਕਿ ਇਕ ਛੇ ਫੁਟ ਉਚਾ ਪ੍ਰਿੰਸੀਪਲ ਇਕ ਪੰਜ ਫੁਟੇ ਆਦਮੀ ਨੂੰ ਝੁੱਕ ਕੇ ਬੜੇ ਸਤਿਕਾਰ ਨਾਲ ਫ਼ਤਿਹ ਬੁਲਾ ਰਿਹਾ ਹੈ । ਆਖ਼ਿਰ ਇਹ ਹੈ ਕੌਣ? ਸੋ ਰਾਜਿੰਦਰ ਸਿੰਘ ਦੇ ਵਿਹਲੇ ਹੋਣ ਉਤੇ ਮੈਂ ਪੁੱਛ ਹੀ ਲਿਆ ਕਿ ਇਹ ਸ਼ਖ਼ਸ ਕੌਣ ਹੈ । ਜੁਆਬ ਮਿਲਿਆ, “ਇਹ ਗਿਆਨੀ ਮਹਿੰਦਰ ਸਿੰਘ, ਸਕਤ੍ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ । ਨਿਰਾ ਪਿਆਰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰਾਗਾਂ ਦੀ ਵੀ ਬੜੀ ਸਮਝ ਹੈ ਤੇ ਉਹ ਚੰਗੇ ਰਾਗ ਗਾਣ ਵਾਲਿਆਂ ਦੇ ਕਦਰਦਾਨ ਵੀ ਹਨ”।
ਮੈਂ ਇਸ ਪਰਿਵਾਰ ਨਾਲ ਆਪਣੇ ਰਿਸ਼ਤੇ ਨੂੰ ਬਿਲਕੁਲ ਇਕ ਪਾਸੇ ਰੱਖ ਕੇ ਗਲ ਕਰਾਂਗਾ, ਤਾਂ ਜੋ ਇਸ ਲੇਖਣੀ ਵਿਚੋਂ ਗਿਆਨੀ ਜੀ ਦੀਆਂ ਤਾਰੀਫ਼ਾਂ ਦੀ ਮੇਰੇ ਵਲੋਂ ਕੋਈ ਮੇਰੀ ਨਿਜੀ ਬਦਬੋ ਨਾ ਆਵੇ । ਜੋ ਕੁਝ ਕਿਹਾ ਜਾਵੇਗਾ, ਹਕੀਕਤ ਹੋਵੇਗਾ, ਤਥਾਂ, ਵਾਕਿਆਤ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਅਧਾਰ ਉਤੇ ਹੀ ਹੋਵੇਗਾ ।
ਪੂਰੀ ਇਕ ਸਦੀ ਦਾ ਜੀਵਨ ਹੰਢਾ ਚੁਕੇ ਗਿਆਨੀ ਮਹਿੰਦਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਨੂੰ ਮੁੱਖ ਰਖਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਨੇ ਪਿਛੇ ਜਹੇ ਫੈਸਲਾ ਕੀਤਾ ਸੀ ਕਿ ਉਹ ਗਿਆਨੀ ਜੀ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਵਿਚ ਲਗਾਏਗੀ । ਉਸ ਫੈਸਲੇ ਮੁਤਾਬਕ ਹੁਣ ਆਖ਼ਰਕਾਰ 25 ਜੁਲਾਈ 2015 ਨੂੰ ਉਨ੍ਹਾਂ ਦੀ ਇਕ ਵਡੇ ਆਕਾਰ ਵਾਲੀ ਤੇ ਬੜੀ ਪ੍ਰਭਾਵਸ਼ਾਲੀ ਤਸਵੀਰ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੱਖ ਅਜਾਇਬ ਘਰ ਵਿਚ ਅਵਤਾਰ ਸਿੰਘ ਮਕੜ ਨੇ ਘੁੰਡ ਚੁਕਾਈ ਕੀਤੀ । ਇਸ ਮੌਕੇ ਉਤੇ ਮਕੜ ਨੇ ਗਿਆਨੀ ਜੀ ਦੇ ਸ਼ਾਨਦਾਰ ਜੀਵਨ ਦੇ ਪਿਛੋਕੜ ਉਤੇ ਚਾਨਣਾ ਪਾਇਆ । ਇਸ ਸਮੇਂ ਉਤੇ ਉਨ੍ਹਾਂ ਦੇ ਦੋ ਸਪੁਤ੍ਰ ਸ: ਅਵਤਾਰ ਸਿੰਘ ਤੇ ਸ: ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀਆਂ ਸਪੁਤ੍ਰੀਆਂ ਆਪੋ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਸਨ । ਪਰਿਵਾਰ ਦੇ ਸਾਰੇ ਜੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
ਗਿਆਨੀ ਮਹਿੰਦਰ ਸਿੰਘ ਗਿਆਨੀ ਮੰਗਲ ਸਿੰਘ ਦੇ ਸਪੁਤੱਰ ਸਨ ਤੇ ਉਨ੍ਹਾਂ ਦੀ ਪੈਦਾਇਸ਼ ਸ੍ਰੀ ਤਰਨਤਾਰਨ ਸਾਹਿਬ ਦੀ ਦਸੀ ਜਾਂਦੀ ਹੈ । ਪਤਰਕਾਰੀ ਦੇ ਖੇਤਰ ਵਿਚ ਮੇਰੇ ਸਭ ਤੋਂ ਪਹਿਲੇ ਉਸਤਾਦ ਸਵਰਗੀ ਸ: ਮੇਹਰ ਸਿੰਘ ਰਵੇਲ ਦੀ ਜ਼ੁਬਾਨੀ ਗਿਆਨੀ ਮੰਗਲ ਸਿੰਘ ਵਿਚ ਪੁਰਾਤਨ ਸਿੰਘਾਂ ਵਾਲੀਆਂ ਖੂਬੀਆਂ ਸਨ ਤੇ ਉਹ ਸ੍ਰੀ ਤਰਨਤਾਰਨ ਸਾਹਿਬ ਵਿਚ ਗੁਰਬਾਣੀ ਦੇ ਮੰਨੇ ਪ੍ਰਮੰਨੇ ਕਥਾਕਾਰ ਸਨ । ਸ: ਮੇਹਰ ਸਿੰਘ ਰਵੇਲ ਚੀਫ਼ ਖ਼ਾਲਸਾ ਦੀਵਾਨ ਦੇ ਸਪਤਾਹਿਕ ਅਖ਼ਬਾਰ ਖ਼ਾਲਸਾ ਐਡਵੋਕੇਟ ਦੇ ਮੁੱਖ ਸੰਪਾਦਕ ਰਹੇ ਸਨ, ਜਿਸ ਵਿਚ ਕਿਸੇ ਸਮੇਂ ਸਾਧੂ ਸਿੰਘ ਹਮਦਰਦ 30 ਰੁਪਏ ਮਹੀਨੇ ਉਤੇ ਕੰਮ ਕਰਦਾ ਰਿਹਾ । ਖ਼ੈਰ ਗਲ ਕਰ ਰਿਹਾ ਸੀ ਗਿਆਨੀ ਮਹਿੰਦਰ ਸਿੰਘ ਜੀ ਦੀ, ਜਿਨ੍ਹਾਂ ਨੇ ਆਪਣੇ ਪਿਤਾ ਤੋਂ ਵਿਰਸੇ ਵਿਚ ਆਪ ਮੁਹਾਰੇ ਬਹੁਤ ਕੁਝ ਹਾਸਲ ਕੀਤਾ । ਇਕਾ ਦੁਕਾ ਮਿਸਾਲਾਂ ਮੈਂ ਆਪਣੇ ਪਿਤਾ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਦੀ ਲਿਖੀ ਇਕ ਪੁਸਤਕ “ਪੰਜਾਬ ਦਾ ਖੂਨੀ ਇਤਿਹਾਸ” ਵਿਚੋਂ ਲਏ ਗਏ ਕੁਝ ਅੰਸ਼ਾਂ ਰਾਹੀਂ ਦਸਣ ਦੀ ਖੁਸ਼ੀ ਮਹਿਸੂਸ ਕਰਾਂਗਾ । ਇਹ ਪੁਸਤਕ 1947 ਵਿਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਉਤੇ ਲਿਖੀ ਗਈ ਸੀ, ਜੋ 1948 ਵਿਚ ਛੱਪ ਕੇ ਬਾਜ਼ਾਰ ਵਿਚ ਆ ਚੁਕੀ ਸੀ । ਮੈੰ ਉਸ ਵਕਤ 9 ਸਾਲ ਦਾ ਸੀ ਤੇ ਦਸਵੇਂ ਸਾਲ ਵਿਚ ਦੌੜ ਰਿਹਾ ਸੀ । ਉਸ ਵਕਤ ਗਿਆਨੀ ਜੀ ਦੀ ਉਮਰ ਕੇਵਲ 40 ਸਾਲ ਦੀ ਸੀ । ਹੇਠ ਲਿਖੀ ਇਬਾਰਤ ਪੁਸਤਕ ਦੇ ਪੰਨਾ 212 ਉਤੇ ਹੂਬਹੂ ਦਰਜ ਹੈ ।
“ਸ਼੍ਰੋਮਣੀ ਗੁਰਦਵਾਰਾ ਕਮੇਟੀ ਲਾਹੌਰ ਦੇ ਗੁਰਦਵਾਰੇ ਦੇ ਰੀਕਾਰਡ ਦੇ ਅਧਾਰ ਤੇ ਅਤੇ ਗਿਆਨੀ ਮਹਿੰਦਰ ਸਿੰਘ ਦੇ ਬਿਆਨ ਦੇ ਅਧਾਰ ਤੇ:- 4 ਮਾਰਚ ਨੂੰ ਲਾਹੌਰ ਵਿਚ ਫਸਾਦ ਦੀ ਅੱਗ ਭੜਕ ਉਠੀ ਸੀ । ਉਸ ਵੇਲੇ ਗੁਰਦਵਾਰਾ ਡੇਹਰਾ ਸਾਹਿਬ ਵਿਚ ਸਾਰੇ ਸਟਾਫ ਦੇ 20 ਆਦਮੀ ਸਨ । ਪਲ ਪਲ ਪਿਛੋਂ ਟੈਲੀਫੋਨ ਦੀ ਘੰਟੀ ਖੜਕਦੀ ਸੀ । ਕੋਈ ਆਦਮੀ ਮੰਗਦਾ ਸੀ ਅਤੇ ਕੋਈ ਕ੍ਰਿਪਾਨਾਂ । ਗਿਆਨੀ ਮਹਿੰਦਰ ਸਿੰਘ ਹੋਰੀਂ ਇਕੋ ਉਤਰ ਦੇਂਦੇ ਸਨ, “ਦੋ ਹਜ਼ਾਰ ਆਦਮੀ ਪੁੱਜ ਗਿਆ ਹੈ ਅਤੇ ਬੇਅੰਤ ਕ੍ਰਿਪਾਨਾਂ ਆ ਗਈਆਂ ਹਨ, ਜਿੰਨੇ ਆਦਮੀਆਂ ਦੀ ਜਾਂ ਕ੍ਰਿਪਾਨਾਂ ਦੀ ਲੋੜ ਹੈ, ਗੁਰਦਵਾਰੇ ਆ ਕੇ ਲੈ ਜਾਵੋ” । ਜਦੋਂ ਲੋਕੀ ਗੁਰਦਵਾਰੇ ਆਉਂਦੇ ਤਾਂ ਗਿਆਨੀ ਜੀ ਕਹਿੰਦੇ, “ਸਜਣਾ, ਨ ਤੇ ਸਾਡੇ ਕੋਲ ਕੋਈ ਫਾਲਤੂ ਕ੍ਰਿਪਾਨ ਹੈ, ਅਤੇ ਨਾ ਕੋਈ ਆਦਮੀ, ਐਂਵੇ ਫੌੜ ਮਾਰ ਕੇ ਬਚਣ ਦਾ ਯਤਨ ਕਰ ਰਹੇ ਹਾਂ । ਤੁਸੀਂ ਹੁਣ ਜਾ ਕੇ ਟੈਲੀਫੋਨ ਕਰਨਾ ਕਿ ਕ੍ਰਿਪਾਨਾਂ ਅਤੇ ਆਦਮੀ ਪੁਜ ਗਏ ਹਨ ।”
“ਘੰਟੇ ਕੁ ਪਿਛੋਂ ਜਿਹੜੇ ਗੁਰਦਵਾਰੇ ਤੋਂ ਖਾਲੀ ਹਥ ਮੁੜ ਗਏ ਸਨ, ਟੈਲੀਫੋਨ ਕਰਨ ਲਗੇ, “ਗਿਆਨੀ ਜੀ ਬਹੁਤ ਬਹੁਤ ਧੰਨਵਾਦ, 200 ਗੇਲੀਆਂ ਵਰਗਾ ਜਵਾਨ ਪੁਜ ਗਿਆ ਹੈ, ਕ੍ਰਿਪਾਨਾਂ ਤਾਂ ਸਗੋਂ ਤੁਸਾਂ ਵਧੇਰੇ ਭੇਜ ਦਿਤੀਆਂ ਹਨ” ਅਗੋਂ ਗਿਆਨੀ ਜੀ ਉਤਰ ਦੇਂਦੇ, “ਹੁਣ ਹੋਰ ਭੀ ਆਦਮੀ ਆ ਗਏ ਹਨ, ਜੇ ਲੋੜ ਹੋਵੇ ਤਾਂ ਹੋਰ ਬੰਦੇ ਭੇਜ ਦਿਤੇ ਜਾਣ ।”
ਜੇ ਮਾਪਿਆਂ ਦੇ ਸੰਸਕਾਰ ਚੰਗੇ ਤੇ ਗੁਰਸਿਖਾਂ ਵਾਲੇ ਹੋਣ, ਤਾਂ ਔਲਾਦ ਦਾ ਚੰਗਾ ਹੋਣਾ ਯਕੀਨਨ ਬਣ ਜਾਂਦਾ ਹੈ, ਪਰ ਜੇ ਪਤੀ ਪਤਨੀ ਦੀ ਆਪਸੀ ਨੋਕ ਝੋਕ ਚਲਦੀ ਰਹਿੰਦੀ ਹੋਵੇ, ਘਰ ਵਿਚ ਮੈਂ ਮੈਂ, ਤੂੰ ਤੂੰ ਦੀ ਰੱਟ ਲਗਦੀ ਰਹਿੰਦੀ ਹੋਵੇ, ਤਾਂ ਔਲਾਦ ਵੀ ਫੇਰ ਉਹੋ ਜੇਹੀ ਹੀ ਨਿਕਲੇਗੀ । ਫਿਰ “ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ । ਹੰਢੈ ਉਨ ਕਤਾਇਦਾ ਪੈਧਾ ਲੋੜੈ ਪਟੁ”॥ ਵਾਲੀ ਗਲ ਹੋਵੇਗੀ । ਪਰ ਗਿਆਨੀ ਮਹਿੰਦਰ ਸਿੰਘ ਹੁਰਾਂ ਦੇ ਪਿਤਾ ਵਲੋਂ ਉਨ੍ਹਾਂ ਪੁਰਾਤਨ ਗੁਰਸਿੱਖਾਂ ਵਰਗੇ ਚੰਗੇ ਸੰਸਕਾਰਾਂ ਦੀਆਂ ਮਜ਼ਬੂਤ ਨੀਹਾਂ ਰਖੀਆਂ ਗਈਆਂ ਸਨ, ਜਿਸਦਾ ਸਦਕਾ ਗਿਆਨੀ ਜੀ, ਭਾਵੇਂ ਕੱਦ ਵਜੋਂ ਪੰਜ ਫੁਟੀਏ ਸਨ, ਪਰ ਬੜੇ ਦ੍ਰਿੜ ਇਰਾਦੇ ਦੇ ਮਾਲਕ ਸਨ, ਖ਼ੌਫ਼ ਉਨ੍ਹਾਂ ਦੇ ਨੇੜੇ ਨਹੀਂ ਸੀ ਢੁਕਦਾ, ਉਹ ਪਰਬਤਾਂ ਨਾਲ ਖਹਿ ਸਕਦੇ ਸਨ, ਔਖੀ ਤੋਂ ਔਖੀ ਘੜੀ ਦਾ ਹੱਸ ਕੇ ਮੁਕਾਬਲਾ ਕਰ ਸਕਣ ਦੀ ਸ਼ਕਤੀ ਸੀ ਉਨ੍ਹਾਂ ਵਿਚ, ਹਿਮਾਲੇ ਜੇਡਾ ਜਿਗਰਾ ਸੀ ਉਨ੍ਹਾਂ ਦਾ । ਇਸਦੀ ਵੀ ਇਕ ਮਿਸਾਲ ਮੇਰੇ ਪਾਪਾ ਜੀ ਵਲੋਂ ਲਿਖੀ ਗਈ ਉਸੇ ਪੁਸਤਕ ਦੇ ਪੰਨਾ 233 ਵਿਚ ਦਰਜ ਹੈ, ਜੋ ਮੈਂ ਲਫ਼ਜ਼-ਬਾ-ਲਫ਼ਜ਼ ਲਿਖ ਰਿਹਾ ਹਾਂ:
“ਗਿਆਨੀ ਮਹਿੰਦਰ ਸਿੰਘ ਬੈਂਕ ਵਿਚੋਂ ਤੇਰਾਂ ਹਜ਼ਾਰ ਰੁਪੈ ਲੈ ਕੇ ਸਟੇਸ਼ਨ ਵੈਗਨ ਵਿਚ ਸਟਾਫ਼ ਨੂੰ ਤਨਖਾਹ ਦੇਣ ਲਈ ਆ ਰਿਹਾ ਸੀ, ਰਾਹ ਵਿਚ ਬਲੋਚ ਫੌਜ ਨੇ ਉਤਾਰ ਲਿਆ ਅਤੇ ਹੱਥ ਉਚੇ ਕਰਵਾ ਲਏ । ਏਨ੍ਹਾਂ ਨੂੰ ਗੋਲੀ ਦਾ ਨਿਸ਼ਾਨਾ ਬਨਾਉਣ ਵਾਲੇ ਸਨ ਕਿ ਐਸ.ਪੀ. ਆ ਗਿਆ । ਏਨ੍ਹਾਂ ਨੂੰ ਲੰਮੇ ਪਾ ਲਿਆ ਗਿਆ ਅਤੇ ਬੂਟ ਅਤੇ ਠੁਡੇ ਮਾਰਦਿਆਂ ਹੋਇਆਂ ਕਿਲ੍ਹੇ ਵਿਚ ਲੈ ਜਾਇਆ ਗਿਆ” ।
ਧੁਰੋਂ ਲਿਖੇ ਸੰਜੋਗਾਂ ਮੁਤਾਬਕ ਮੇਰਾ ਅਨੰਦ ਕਾਰਜ ਗਿਆਨੀ ਮਹਿੰਦਰ ਸਿੰਘ ਹੁਰਾਂ ਦੀ ਬੇਟੀ ਸਤਵੰਤ ਕੌਰ ਨਾਲ 18 ਸਤੰਬਰ 1966 ਨੂੰ ਹੋਇਆ । ਉਸ ਸਮੇਂ ਗਿਆਨੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤ੍ਰ ਸਨ । ਦੋਨੋਂ ਸੰਤ, ਚੰਨਣ ਸਿੰਘ ਤੇ ਫਤਹ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਰਮਵਾਰ ਪ੍ਰਧਾਨ ਸਨ । 1967 ਵਿਚ ਜਸਟਿਸ ਗੁਰਨਾਮ ਅਕਾਲੀ-ਮਿਲਗੋਭਾ ਸਰਕਾਰ ਬਣਾਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ, ਪਰ ਲਛਮਣ ਸਿੰਘ ਗਿਲ, ਜੋ ਉਸ ਸਮੇਂ ਪੰਜਾਬ ਦਾ ਵਿਦਿਆ ਮੰਤਰੀ ਸੀ, ਨੇ ਕਾਂਗਰਸ ਪਾਰਟੀ ਨਾਲ ਅੰਦਰ ਖਾਤੇ ਗੰਢ ਤੁਪ ਕਰਕੇ ਗੁਰਨਾਮ ਸਿੰਘ ਨੂੰ ਖੋਰਾ ਲਾਣਾ ਸ਼ੁਰੂ ਕਰ ਦਿਤਾ ਤੇ ਹਰਚਰਨ ਸਿੰਘ ਹੁਡਿਆਰਾ, ਜੋ ਪੰਜਾਬੀ ਸੂਬੇ ਮੋਰਚੇ ਦੇ ਦੌਰਾਨ ਵੀ ਸ: ਪਰਤਾਪ ਸਿੰਘ ਕੈਰੋਂ ਅਗੇ ਵਿਕਿਆ ਹੋਇਆ ਸੀ, ਨੂੰ ਨਾਲ ਰਲਾ ਕੇ ਕਾਂਗਰਸ ਦੀ ਹਮਾਇਤ ਨਾਲ ਖ਼ੁਦ ਮੁੱਖ ਮੰਤਰੀ ਬਣ ਗਿਆ । ਮੁੱਖ ਮੰਤਰੀ ਬਣਦਿਆਂ ਸਾਰ ਲਛਮਣ ਸਿੰਘ ਗਿਲ ਸੰਤ ਟੋਲੇ ਦਾ ਵੈਰੀ ਬਣ ਗਿਆ ਤੇ ਉਸਨੇ ਸੰਤ ਚੰਨਣ ਸਿੰਘ ਤੇ ਗਿਆਨੀ ਮਹਿੰਦਰ ਸਿੰਘ ਵਿਰੁਧ ਪਾਕਿਸਤਾਨ ਵਿਚੋਂ ਰਾਜਸਥਾਨ ਰਾਹੀ ਅਸਲਾ ਮੰਗਵਾਉਣ ਤੇ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਦੇ ਕੇਸ ਬਣਾ ਕੇ ਵਾਰੰਟ ਜਾਰੀ ਕਰਵਾ ਦਿਤੇ । ਲਛਮਣ ਸਿੰਘ ਗਿਲ ਦੀ ਮੇਰੇ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਨਾਲ ਨਿਜੀ ਲਿਹਾਜ਼ ਤੇ ਸਾਂਝ ਹੋਣ ਕਰਕੇ ਉਹ ਉਨ੍ਹਾਂ ਨੂੰ ਘੜੀਸਣਾ ਨਹੀਂ ਸੀ ਚਾਹੁੰਦਾ । ਇਸ ਲਈ ਉਸਨੇ ਆਪਣੇ ਨਿਜੀ ਪ੍ਰੈਸ ਸਕਤੱਰ ਗੁਰਨਾਮ ਸਿੰਘ ਤੀਰ, ਉਸਦੇ ਛੋਟੇ ਭਰਾ ਸ਼ਮਸ਼ੇਰ ਸਿੰਘ ਤੇ ਮੇਰੇ ਇਕ ਹੋਰ ਕਰੀਬੀ ਦੋਸਤ ਰਾਜਿੰਦਰ ਸਿੰਘ ਏਕਾਕੀ ਨਾਲ ਜ਼ਿਕਰ ਕੀਤਾ ਕਿ ਕਿਵੇਂ ਗਿਆਨੀ ਜੀ ਨੂੰ ਇਸ ਕੇਸ ਵਿਚੋਂ ਬਾਹਰ ਕਢਿਆ ਜਾਵੇ । ਕੁਦਰਤੀ ਇਹ ਤਿੰਨੇ ਸਜਣ ਮੇਰੀ ਚੰਗੀ ਜਾਣ ਪਹਿਚਾਣ ਵਾਲੇ ਸਨ । ਨਤੀਜੇ ਵਜੋਂ ਸਲਾਹ ਕਰਕੇ ਰਾਜਿੰਦਰ ਸਿੰਘ ਏਕਾਕੀ ਰਾਹੀਂ ਮੈਨੂੰ ਉਪਰ ਥਲੀ ਦੋ ਚਿਠੀਆਂ ਗੁਪਤ ਤੌਰ ਉਤੇ ਲਿਖਵਾਈਆਂ ਗਈਆਂ ਕਿ ਗਿਆਨੀ ਜੀ ਨੂੰ ਕਹੋ ਕਿ ਉਹ ਕੋਈ ਸਮਝੌਤਾ ਕਰ ਲੈਣ । ਸਪਸ਼ਟ ਸੀ ਕਿ ਉਹ ਸੰਤ ਟੋਲੇ (ਫਤਹ ਸਿੰਘ ਤੇ ਚੰਨਣ ਸਿੰਘ) ਦੇ ਉਲਟ ਹੋ ਜਾਣ ਤੇ ਉਨ੍ਹਾਂ ਨੂੰ ਉਸਦੇ ਇਵਜ਼ ਵਜੋਂ ਕੋਈ ਨਾ ਕੋਈ ਸਰਕਾਰੀ ਅਹੁਦਾ (ਇਮਪਰੂਵਮੈਂਟ ਦਾ ਚੇਅਰਮੈਨ ਜਾਂ ਕਿਸੇ ਸਰਵਿਸ ਸੀਲੈਕਸ਼ਨ ਬੋਰਡ ਦਾ ਮੈਂਬਰ ਜਾਂ ਚੇਅਰਮੈਨ) ਦਿਤਾ ਜਾਵੇਗਾ । ਮੈਂ ਉਹ ਦੋਵੇਂ ਚਿਠੀਆਂ ਆਪਣੀ ਸੁਪਤਨੀ ਸਤਵੰਤ ਕੌਰ ਨਾਲ ਸਾਂਝੀਆਂ ਕੀਤੀਆਂ ਤੇ ਉਸਨੇ ਆਪਣੀ ਮਾਤਾ ਨਾਲ ਤੇ ਫੇਰ ਉਨ੍ਹਾਂ ਨੇ ਅਗੋਂ ਆਪਣੇ ਪਤੀ (ਗਿਆਨੀ ਜੀ) ਨਾਲ । ਕੁਝ ਦਿਨਾਂ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ, ਜਿਥੇ ਇਕ ਤਰ੍ਹਾਂ ਨਾਲ ਉਹ ਨਜ਼ਰਬੰਦ ਸਨ, ਬੁਲਾਇਆ । ਅਸੀਂ ਦੋਹਾਂ ਨੇ ਉਨ੍ਹਾਂ ਦੋਹਾਂ ਚਿਠੀਆਂ ਉਤੇ ਆਪੋ ਆਪਣੇ ਵੀਚਾਰ ਰਖੇ । ਆਖ਼ਰ ਕਰੀਬ ਦੋ ਘੰਟਿਆਂ ਤੋਂ ਪਿਛੋਂ ਉਨ੍ਹਾਂ ਨੇ ਮੈਨੂੰ ਸਾਫ਼ ਕਿਹਾ, “ਮੇਰੀ ਸਾਰੀ ਜ਼ਿੰਦਗੀ ਇਕ ਸਾਫ਼ ਚਿਟੀ ਚਾਦਰ ਵਰਗੀ ਹੈ, ਇਸ ਉਤੇ ਹਾਲੇ ਤਕ ਕੋਈ ਦਾਗ਼ ਨਹੀਂ ਲਗਾ । ਹੁਣ ਤਾਂ ਮੈਨੂੰ ਸ਼੍ਰੋਮਣੀ ਕਮੇਟੀ ਵਾਲੇ ਐਕਸਟੈਨਸ਼ਨਾਂ ਦੇ ਰਹੇ ਹਨ । ਪੱਤਾ ਨਹੀਂ ਹੋਰ ਕਿੰਨੇ ਸਾਲ ਨੌਕਰੀ ਕਰਨੀ ਹੈ । ਪਤਾ ਨਹੀਂ ਜ਼ਿੰਦਗੀ ਦੇ ਹੋਰ ਕਿੰਨੇ ਸਾਲ ਜੀਊਣਾ ਹੈ । ਮੈਂ ਆਪਣੀ ਚਾਦਰ ਨੂੰ ਦਾਗ਼ ਨਹੀਂ ਲਗਣ ਦੇਣਾ ਤੇ ਮੈਂ ਆਪਣਾ ਮੁੱਲ ਵੀ ਨਹੀਂ ਪਵਾਉਣਾ” । ਇਸ ਘਟਨਾ ਤੋਂ ਵੀ ਪੱਤਾ ਲਗਦਾ ਹੈ ਕਿ ਗਿਆਨੀ ਮਹਿੰਦਰ ਸਿੰਘ ਇਖ਼ਲਾਕ ਦੀਆਂ ਬੁਲੰਦੀਆਂ ਵਾਲੇ ਕਿਰਦਾਰ ਦੇ ਮਾਲਕ ਸਨ ।
ਸਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ, ਜੋ ਅਜੱ ਕਲ ਨੀਊ ਯਾਰਕ ਵਿਚ ਰਹਿ ਰਹੇ ਹਨ, ਬਹੁਤ ਸੁਰੀਲਾ ਕੀਰਤਨ ਕਰਦੇ ਹਨ । ਉਨ੍ਹਾਂ ਨੇ ਮੈਨੂੰ ਖ਼ੁਦ ਕਈ ਵਾਰ ਦਸਿਆ ਹੈ ਕਿ ਬਤੌਰ ਕੀਰਤਨੀਏ ਦੇ ਉਨ੍ਹਾਂ ਦੀ ਨਿਯੁਕਤੀ ਗੁਰਦੁਆਰਾ ਬਬੇਕ ਸਰ ਸਾਹਿਬ, ਅੰਮ੍ਰਿਤਸਰ ਵਿਖੇ ਹੋਈ ਸੀ । ਇਕ ਦਿਨ ਅਚਾਨਕ ਗਿਆਨ ਮਹਿੰਦਰ ਸਿੰਘ ਹੁਰੀਂ ਉਥੇ ਆ ਗਏ ਤੇ ਉਨ੍ਹਾਂ ਨੇ ਭਾਈ ਗੁਰਮੇਲ ਸਿੰਘ ਦਾ ਕੀਰਤਨ ਸੁਣਿਆ ਤੇ ਗੱਦ ਗੱਦ ਹੋ ਗਏ । ਉਨ੍ਹਾਂ ਨੂੰ ਅਫ਼ਸੋਸ ਇਹ ਹੋਇਆ ਕਿ ਐਸਾ ਗੁਣਵਾਨ ਕੀਰਤਨੀਆ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਨ ਦੀ ਬਜਾਏ ਇਕ ਛੋਟੇ ਜਿਹੇ ਗੁਰਦੁਆਰੇ ਵਿਚ ਕੀਰਤਨ ਕਰ ਰਿਹਾ ਹੈ। ਦਫ਼ਤਰ ਆ ਕੇ ਇਕ ਦਮ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਬੁਲਾਇਆ ਤੇ ਭਾਈ ਗੁਰਮੇਲ ਸਿੰਘ ਨੂੰ ਗੁਰਦੁਆਰਾ ਸ੍ਰੀ ਬਬੇਕ ਸਰ ਤੋਂ ਬਦਲਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਤੁਰਤ ਤਬਦੀਲ ਕਰਨ ਦੇ ਆਦੇਸ਼ ਜਾਰੀ ਕਰਨ ਲਈ ਕਿਹਾ । ਸੋ ਐਸੀ ਸ਼ਖ਼ਸੀਅਤ ਦੇ ਮਾਲਕ ਸਨ ਗਿਆਨੀ ਮਹਿੰਦਰ ਸਿੰਘ, ਗੁਣਵਾਨ ਦੀ ਕਦਰ ਕਰਨੀ ਤੇ ਤੁਰਤ ਫੈਸਲੇ ਕਰਨੇ ।
ਮੈਂ ਜਦ ਪਿਛਲੀ ਵਾਰ ਅੰਮ੍ਰਿਤਸਰ ਗਿਆ ਤਾਂ ਮੈਨੂੰ ਬੜੇ ਚਾਅ ਨਾਲ ਦਸਿਆ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਘਰ ਆਇਆ ਸੀ ਤੇ ਕਹਿਣ ਲਗਾ, “ਗਿਆਨੀ ਜੀ, ਕਮੇਟੀ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਤੇ ਤੁਸੀਂ ਮੁੜ ਆ ਕੇ ਸਕਤਰ ਦੀ ਸੇਵਾ ਸੰਭਾਲੋ । ਤੁਹਾਨੂੰ ਡਰਾਈਵਰ ਘਰੋਂ ਆ ਕੇ ਲੈ ਜਾਇਆ ਕਰੇਗਾ”। ਮੈਂ ਅਗੋਂ ਮਜ਼ਾਕ ਕਰ ਕੇ ਕਿਹਾ, “ਪਿਤਾ ਜੀ, ਉਹ ਤਾਂ ਸਿਆਸੀ ਲੀਡਰਾਂ ਵਾਂਗ ਐਂਵੇ ਗੋਂਗਲੂਆਂ ਤੋਂ ਮਿਟੀ ਝਾੜਣ ਦੀ ਕੋਿਸ਼ਸ਼ ਕਰ ਰਿਹਾ ਹੈ । ਸਕਤਰ ਦੀ ਨੌਕਰੀ ਦੇਣੀ ਪ੍ਰਧਾਨ ਦੇ ਹੱਥ ਨਹੀਂ ਹੁੰਦੀ । ਉਸਨੂੰ ਬਕਾਇਦਾ ਹਾਊਸ ਤੋਂ ਇਸਦੀ ਮਨਜ਼ੂਰੀ ਲੈਣੀ ਪੈਂਦੀ ਹੈ । ਤੁਸੀਂ 98 ਸਾਲ ਦੇ ਹੋ ਚੁਕੇ ਹੋ ਤੇ ਤੁਹਾਨੂੰ ਕਿਸੇ ਨੇ ਮਨਜ਼ੂਰੀ ਨਹੀਂ ਦੇਣੀ । ਸਿਆਸੀ ਲੋਕਾਂ ਨੂੰ ਕਈ ਗਲਾਂ ਕਹਿਣੀਆਂ ਬੜੀਆਂ ਸੁਖਾਲੀਆਂ ਹੁੰਦੀਆਂ ਨੇ, ਪਰ ਕਰਨੀਆਂ ਬੜੀਆਂ ਕਠਨ”।