ਪੰਜਾਬ ਦੇ ਕਾਂਗਰਸ ਨੇਤਾ ਸੰਜੀਦਗੀ ਦਾ ਪੱਲਾ ਛੱਡ ਚੁੱਕੇ ਹਨ, ਉਹ ਆਪਣੀ ਹਓਮੈ ਨੂੰ ਪੱਠੇ ਪਾ ਕੇ ਪੰਜਾਬ ਦੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਦੇਸ਼ ਦੀ ਸੱਭ ਤੋਂ ਪੁਰਾਣੀ ਸਿਆਸੀ ਪਾਰਟੀ ਜਿਸਨੇ ਅਜ਼ਾਦੀ ਦੀ ਲੜਾਈ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਸੀ, ਅੱਜ ਦਿਨ ਉਹ ਪਾਰਟੀ ਖੇਰੂੰ ਖੇਰੂੰ ਹੋਈ ਪਈ ਹੈ। ਅਨੁਸ਼ਾਨ ਨਾਂ ਦੀ ਕੋਈ ਗੱਲ ਕਿਧਰੇ ਨਜ਼ਰ ਨਹੀਂ ਆ ਰਹੀ। ਅਸਲ ਵਿਚ ਪੰਜਾਬ ਵਿਚ ਲਗਾਤਾਰ ਹਾਰਾਂ ਨੇ ਕਾਂਗਰਸੀ ਨੇਤਾਵਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ। ਇਹ ਨੇਤਾ ਇੱਕ ਦੂਜੇ ਤੇ ਅਜਿਹੇ ਦੂਸ਼ਣ ਲਾ ਰਹੇ ਹਨ ਜਿਹੜੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੂਸ਼ਣਾਂ ਦਾ ਪ੍ਰਭਾਵ ਆਮ ਜਨਤਾ ਤੇ ਪੈਂਦਾ ਹੈ। ਹਾਲਾਂ ਕਿ ਆਮ ਜਨਤਾ ਵਰਤਮਾਨ ਸਰਕਾਰ ਦੀਆਂ ਨੀਤੀਆਂ ਤੋਂ ਦੁੱਖੀ ਹੈ ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨਿਪੁੰਨਸਿਕ ਕਰ ਦਿੱਤੀ ਹੈ। ਪੰਜਾਬ ਕਾਂਗਰਸ ਦੀ ਸਥਿਤੀ ਵਿਸਫੋਟਕ ਹੋ ਚੁੱਕੀ ਹੈ। ਕਿਸੇ ਵਕਤ ਵੀ ਕੋਈ ਧਮਾਕਾ ਹੋ ਸਕਦਾ ਹੈ। ਵਕਤ ਸੰਭਾਲਣ ਦੀ ਲੋੜ ਹੈ। ਅੰਦਰੋ ਅੰਦਰ ਅੱਗ ਸੁਲਘ ਰਹੀ ਹੈ, ਜਿਸਦਾ ਧੂੰਆਂ ਸਾਹ ਬੰਦ ਕਰ ਰਿਹਾ ਹੈ, ਕਦੀਂ ਵੀ ਭਾਂਬੜ ਮੱਚ ਸਕਦਾ ਹੈ।
ਸਰਬ ਭਾਰਤੀ ਕਾਂਗਰਸ ਦੀ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਵਰਕਰਾਂ ਦੀਆਂ ਭਾਵਨਾਵਾ ਦਾ ਮਖੌਲ ਉਡਾ ਰਹੀ ਹੈ। ਦਿੱਲੀ ਬੈਠੇ ਲੀਡਰ ਪੰਜਾਬ ਕਾਂਗਰਸ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਪੰਜਾਬ ਦੇ ਲੋਕ ਵਰਤਮਾਨ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਤੋਂ ਤਰਾਹ ਤਰਾਹ ਕਰ ਰਹੇ ਹਨ। ਪੰਜਾਬ ਜਿਹੜਾ ਕਿਸੇ ਸਮੇਂ ਦੇਸ ਦਾ ਨੰਬਰ ਇੱਕ ਦਾ ਸੂਬਾ ਹੁੰਦਾ ਸੀ ਅੱਜ ਦਿਨ 28ਵੇਂ ਨੰਬਰ ਤੇ ਚਲਾ ਗਿਆ ਹੈ। ਸਿਆਸਤਦਾਨਾ ਨੂੰ ਆਪਦੀ ਮੌਜ ਮਸਤੀ ਤੋਂ ਬਿਨਾ ਪੰਜਾਬ ਨਾਲ ਕੋਈ ਲਾਗਾ ਤੇਗਾ ਹੀ ਨਹੀਂ ਲੱਗਦਾ। ਜੇਕਰ ਕਾਂਗਰਸ ਦੀ ਹਾਈ ਕਮਾਂਡ ਸੰਜੀਦਾ ਹੋਵੇ ਤਾਂ ਪੰਜਾਬ ਵਿਚ ਖੱਖਰੀਆਂ-ਖੱਖਰੀਆਂ ਹੋਈ ਪਾਰਟੀ ਦੇ ਬਾਲੀਵਾਰਸ ਬਣਨ ਲਈ ਗੰਭੀਰ ਹੋਣ, ਪ੍ਰੰਤੂ ਉਨ੍ਹਾਂ ਨੂੰ ਤਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਵਿਹਲ ਹੀ ਨਹੀਂ, ਉਹ ਤਾਂ ਦਿੱਲੀ ਬੈਠੇ ਆਪਣਾ ਤੀਆ ਪਾਂਜਾ ਲਾਉਂਦੇ ਹੋਏ ਤਿਗੜਮਬਾਜੀ ਕਰਕੇ ਚਾਪਲੂਸੀ ਕਰੀ ਜਾਂਦੇ ਹਨ। ਵਰਕਰ ਕਿਹੜੇ ਖੂਹ ਵਿਚ ਜਾਣ। ਜੇ ਪ੍ਰਤਾਪ ਸਿੰਘ ਬਾਜਵਾ ਵਲ ਜਾਂਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਨਰਾਜ਼ ਹੋ ਜਾਂਦਾ ਹੈ। ਜੇ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਜਾਂਦੇ ਹਨ ਤਾਂ ਬਾਜਵਾ ਧੜਾ ਨਰਾਜ਼ ਹੋ ਜਾਂਦਾ। ਹੁਣ ਤਾਂ ਰਾਜਿੰਦਰ ਕੌਰ ਭੱਠਲ ਨੇ ਵੀ ਆਪਣੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਸਮਝ ਰਹੀ ਹੈ ਕਿ ਬਾਂਦਰਾਂ ਦੀ ਲੜਾਈ ਵਿਚੋਂ ਸ਼ਾਇਦ ਰੋਟੀ ਉਹਦੇ ਹੱਥ ਆ ਜਾਵੇਗੀ। ਉਧਰ ਵਰਕਰ ਸਰਕਾਰ ਦੀ ਮਾਰ ਦਾ ਸ਼ਿਕਾਰ ਹੋ ਰਹੇ ਹਨ। ਹੇਠਲੇ ਪੱਧਰ ਦੇ ਵਰਕਰਾਂ ਤੇ ਅਕਾਲੀ ਦਲ ਦੇ ਹਲਕਾ ਇਨਚਾਰਜ ਜ਼ਿਆਦਤੀਆਂ ਕਰੀ ਜਾਂਦੇ ਹਨ। ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ। ਸਰਕਾਰ ਕਾਂਗਰਸੀਆਂ ਦੀ ਫੁੱਟ ਕਰਕੇ ਵਾਘੀਆਂ ਪਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਚੈਲੰਜ ਕਰਨ ਵਾਲਾ ਹੀ ਨਹੀਂ ਰਿਹਾ। ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਵੀ ਹਨੀਮੂਨ ਪੀਰੀਅਡ ਖ਼ਤਮ ਹੋ ਚੁੱਕਾ ਹੈ। ਕਾਂਗਰਸੀਆਂ ਦਾ ਮਨੋਬਲ ਡਿਗਿਆ ਪਿਆ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਵਿਚ ਉਭਰ ਕੇ ਆ ਰਹੀ ਸੀ ਉਸਦਾ ਵੀ ਗ੍ਰਾਫ਼ ਨੀਚੇ ਗਿਰ ਗਿਆ ਹੈ। ਸਰਕਾਰ ਵਿਚ ਵੀ ਵਿਰੋਧਤਾ ਦੀ ਖਿਚੜੀ ਪੱਕ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਗੁਠੇ ਲਾ ਰਹੇ ਹਨ। ਕਾਂਗਰਸੀਆਂ ਨੂੰ ਅਕਾਲੀ ਭਾਜਪਾ ਸਰਕਾਰ ਨੇ ਬੜੇ ਮਹੱਤਵਪੂਰਨ ਮੁੱਦੇ ਦਿੱਤੇ ਹਨ ਪ੍ਰੰਤੂ ਕਾਂਗਰਸੀ ਆਪਸੀ ਖਿਚੋਤਾਣ ਵਿਚ ਹੀ ਉਲਝੇ ਪਏ ਹਨ। ਕਾਂਗਰਸੀ ਨੇਤਾਵਾਂ ਦੀ ਸੋਚ ਤੇ ਤਰਸ ਆਉਂਦਾ ਹੈ, ਅਜੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਡੇਢ ਸਾਲ ਬਾਕੀ ਹੈ। ਮੁਖ ਮੰਤਰੀ ਦੀ ਕੁਰਸੀ ਪਿੱਛੇ ਲੜਾਈ ਪਈ ਹੋਈ ਹੈ, ਲਟਾ ਪੀਂਘ ਹੋ ਰਹੇ ਹਨ, ਜਦੋਂ ਕਿ ਅਜੇ ਕੁਰਸੀ ਖਾਲੀ ਹੀ ਨਹੀਂ ਕਾਂਗਰਸੀ ਨੇਤਾ ਤਰਲੋ ਮੱਛੀ ਹੋ ਰਹੇ ਹਨ। ਪਹਿਲਾਂ ਚੋਣਾਂ ਤਾਂ ਜਿੱਤ ਲਓ, ਮੁਖ ਮੰਤਰੀ ਤਾਂ ਬਹੁਮਤ ਲੈਣ ਤੋਂ ਬਾਅਦ ਹੀ ਬਣ ਸਕੋਗੇ, ਪਹਿਲਾਂ ਹੀ ਪਾਣੀ ਵਿਚ ਮਧਾਣੀ ਪਾਈ ਅਤੇ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਬੈਠੇ ਹੋ। ਮੌਜੇ ਪਾ ਕੇ ਮੈਦਾਨ ਵਿਚ ਆਵੋ। ਇਸ ਲੜਾਈ ਵਿਚੋਂ ਹਾਰ ਹੀ ਨਿਕਲੇਗੀ ਜਿਵੇਂ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸੀ ਇੱਕ ਦੂਜੇ ਨੂੰ ਹਰਾਉਣ ਲਈ ਠਿੱਬੀ ਲਾਉਂਦੇ ਰਹੇ ਤਾਂ ਜੋ ਚੋਣ ਜਿੱਤ ਕੇ ਉਨ੍ਹਾਂ ਲਈ ਮੰਤਰੀ ਬਣਨ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਬਣ ਸਕੇ, ਤੇ ਚੋਣਾਂ ਹੀ ਹਾਰ ਗਏ। ਸਭ ਕੁਝ ਹੀ ਚੌੜ ਹੋ ਗਿਆ। ਸੱਭ ਕੁਝ ਧਰਿਆ ਧਰਾਇਆ ਹੀ ਰਹਿ ਗਿਆ। ਜੇਕਰ ਕਾਂਗਰਸੀ ਇਸੇ ਤਰ੍ਹਾਂ ਜੁਤੀ ਪਤਾਣ ਹੁੰਦੇ ਰਹੇ ਤਾਂ 2017 ਵਿਚ ਵੀ 2012 ਵਾਲਾ ਗੁਲ ਖਿਲੇਗਾ। ਸੁਪਰੀਮੇਸੀ ਦੀ ਲੜਾਈ ਹੀ ਕਾਂਗਰਸ ਪਾਰਟੀ ਦਾ ਭੱਠਾ ਬਠਾਏਗੀ। ਪਾਰਟੀ ਅਤੇ ਲੈਜਿਸਲੇਚਰ ਪਾਰਟੀ ਆਹਮੋ ਸਾਹਮਣੇ ਹਨ। ਪ੍ਰਧਾਨ ਕੁਝ ਹੋਰ ਕਹਿੰਦਾ ਹੈ, ਵਿਧਾਨਕਾਰ ਕੁਝ ਹੋਰ ਕਹਿੰਦੇ ਹਨ। ਕੋਈ ਇੱਕ ਦੂਜੇ ਦੀ ਸੁਣਦਾ ਨਹੀਂ, ਆਪੋ ਆਪਣੀ ਡਫਲੀ ਵਜਾ ਰਹੇ ਹਨ। ਉਨ੍ਹਾਂ ਨੂੰ ਲਗਾਮ ਪਾਉਣ ਵਿਚ ਕੇਂਦਰੀ ਕਾਂਗਰਸ ਅਸਫਲ ਰਹੀ ਹੈ। ਕੇਂਦਰੀ ਕਾਂਗਰਸ ਵਿਚ ਵੀ ਦੋ ਧੜੇ ਬਰਾਬਰ ਦੇ ਬਣੇ ਹੋਏ ਹਨ। ਇੱਕ ਨੌਜਵਾਨਾਂ ਦਾ ਜਿਸ ਦੀ ਅਗਵਾਈ ਰਾਹੁਲ ਗਾਂਧੀ ਕਰ ਰਿਹਾ ਹੈ ਅਤੇ ਦੂਜਾ ਬਜ਼ੁਰਗਾਂ ਦਾ ਜਿਸ ਦੇ ਮੁੱਖੀ ਸੋਨੀਆਂ ਗਾਂਧੀ ਹਨ। ਮਾਂ ਪੁਤ ਲੀਡਰਾਂ ਨੂੰ ਮੋਹਰੇ ਬਣਾ ਰਹੇ ਹਨ ਤਾਂ ਜੋ ਤਾਕਤ ਉਨ੍ਹਾਂ ਦੁਆਲੇ ਹੀ ਘੁੰਮਦੀ ਰਹੇ। ਦੋਵੇਂ ਧੜੇ ਇੱਕ ਦੂਜੇ ਨੂੰ ਠਿੱਬੀ ਲਗਾ ਰਹੇ ਹਨ।
ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਲੱਗਣਾ ਚਾਹੁੰਦੇ ਹਨ ਪ੍ਰੰਤੂ ਉਹ ਸ਼ਸ਼ੋਪੰਜ ਵਿਚ ਹਨ ਕਿ ਉਹ ਕਿਸ ਲੀਡਰ ਦੇ ਨਾਲ ਲੱਗਣ। ਲੀਡਰਾਂ ਵਿਚ ਤਾਂ ਕਾਟੋ ਕਲੇਸ਼ ਪਿਆ ਹੋਇਆ ਹੈ। ਕਾਂਗਰਸ ਹਾਈ ਕਮਾਂਡ ਵੀ ਗੁੜ ਦੀ ਭੇਲੀ ਸੁਟ ਕੇ ਤਮਾਸ਼ਾ ਵੇਖ ਰਹੀ ਹੈ। ਵੇਖਿਓ ਇਹ ਭੇਲੀ ਕਿਤੇ ਕੋਈ ਹੋਰ ਹੀ ਨਾ ਲੈ ਜਾਵੇ, ਤੁਸੀਂ ਵੇਖਦੇ ਹੀ ਰਹਿ ਜਾਵੋ। ਇਸ ਤਮਾਸ਼ੇ ਦਾ ਸੇਕ ਕਾਂਗਰਸ ਹਾਈ ਕਮਾਂਡ ਤੱਕ ਵੀ ਪਹੁੰਚੇਗਾ। ਕਾਂਗਰਸ ਹਾਈ ਕਮਾਂਡ ਦੀ ਨੀਤੀ ਹੈ ਕਿ ਰਾਜਾਂ ਵਿਚ ਧੜੇਬੰਦੀ ਬਣਾਕੇ ਰੱਖੋ ਤਾਂ ਜੋ ਨੇਤਾਵਾਂ ਵਿਚ ਆਪਸੀ ਇੱਟ ਖੜੱਕਾ ਹੁੰਦਾ ਰਹੇ ਤੇ ਉਹ ਉਨ੍ਹਾਂ ਦੁਆਲੇ ਦਿੱਲੀ ਵਿਚ ਗੇੜੇ ਮਾਰਦੇ ਰਹਿਣ ਤੇ ਉਨ੍ਹਾਂ ਦੀ ਦੁਕਾਨਦਾਰੀ ਚਲਦੀ ਰਹੇ। ਦੋਹਾਂ ਧੜਿਆਂ ਨੂੰ ਇਕੱਠਾ ਬਿਠਾ ਕੇ ਕਿਉਂ ਨਹੀਂ ਸਮਝਾਇਆ ਜਾਂਦਾ? ਇਹ ਧੜੇ ਤਾਂ ਇੱਕ ਦੂਜੇ ਬਾਰੇ ਅਫਵਾਹਾਂ ਫੈਲਾ ਕੇ ਆਪੋ ਆਪਣਾ ਉਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਅਸਲ ਵਿਚ ਉਹ ਆਪਣਾ ਆਪ ਹੀ ਬੇੜਾ ਗਰਕ ਕਰ ਰਹੇ ਹਨ। ਮੁਖ ਮੰਤਰੀ ਤਾਂ ਇੱਕ ਵਿਅਕਤੀ ਨੇ ਹੀ ਬਣਨਾ ਹੈ। ਹੈਰਾਨੀ ਦੀ ਗੱਲ ਹੈ ਕਿ ਕਈ ਕਾਂਗਰਸੀ ਤਾਂ ਕਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਗੱਲ ਕਰਦੇ ਹਨ। ਕਦੀਂ ਜ਼ਮਾਨਾ ਸੀ ਕਿ ਸਾਰੀ ਜ਼ਿੰਦਗੀ ਕੁਰਸੀਆਂ ਲਾਉਂਦਿਆਂ ਅਤੇ ਦਰੀਆਂ ਵਿਛਾਉਂਦਿਆਂ ਦੀ ਲੰਘ ਜਾਂਦੀ ਸੀ, ਤਜ਼ਰਬੇ ਤੋਂ ਬਾਅਦ ਹੀ ਫਿਰ ਕਿਤੇ ਜਾ ਕੇ ਅਹੁਦਾ ਮਿਲਦਾ ਸੀ। ਅੱਜ ਕਲ੍ਹ ਤਾਂ ਸ਼ਾਰਟ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੀ ਪੌੜੀ ਤੋਂ ਬਾਅਦ ਸਿੱਧਾ ਹੀ ਸਿਰੇ ਦੇ ਡੰਡੇ ਤੇ ਪਹੁੰਚਣ ਦੀ ਲਾਲਸਾ ਭਾਰੂ ਪੈ ਰਹੀ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਦਿੱਲੀ ਬੈਠੇ ਨੇਤਾਵਾਂ ਨੂੰ ਜ਼ਮੀਨੀ ਹਕੀਕਤਾਂ ਬਾਰੇ ਜਾਣਕਾਰੀ ਹੀ ਨਹੀਂ ਹੈ। ਕੌਣ ਕਿੰਨੇ ਪਾਣੀ ਵਿਚ ਹੈ। ਸੁਣੀ ਸੁਣਾਈ ਗੱਲ ਤੇ ਯਕੀਨ ਕਰ ਲੈਂਦੇ ਹਨ ਕਿਉਂਕਿ ਆਮ ਕਾਂਗਰਸੀ ਵਰਕਰ ਤਾਂ ਉਨ੍ਹਾਂ ਨੂੰ ਦਿੱਲੀ ਜਾ ਕੇ ਮਿਲ ਹੀ ਨਹੀਂ ਸਕਦਾ। ਜਿੰਨੀ ਦੇਰ ਦਿੱਲੀ ਬੈਠੇ ਲੀਡਰ ਲੋਕਾਂ ਵਿਚ ਆ ਕੇ ਵਿਚਰਦੇ ਨਹੀਂ ਉਤਨੀ ਦੇਰ ਕਾਂਗਰਸ ਪਾਰਟੀ ਆਪਣੇ ਖ਼ਤਮ ਹੋਏ ਵਕਾਰ ਨੂੰ ਬਹਾਲ ਨਹੀਂ ਕਰ ਸਕਦੀ। ਕੇਂਦਰੀ ਨੇਤਾ ਤਾਂ ਕਾਂਗਰਸੀ ਵਰਕਰਾਂ ਦੀ ਜ਼ੁਬਾਨ ਨੂੰ ਹੀ ਨਹੀਂ ਸਮਝਦੇ ਫਿਰ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਸਮਝਣਗੇ। ਵਰਕਰ ਹੀ ਪਾਰਟੀ ਦਾ ਧੁਰਾ ਹੁੰਦੇ ਹਨ, ਜੇ ਉਨ੍ਹਾਂ ਨੂੰ ਹੀ ਤਰਜੀਹ ਨਹੀਂ ਦਿੱਤੀ ਜਾਂਦੀ ਫਿਰ ਤੁਸੀਂ ਕੀ ਭਾਲਦੇ ਹੋ।
ਦਿੱਲੀ ਬੈਠੇ ਲੀਡਰੋ ਆਪਣੀਆਂ ਦੁਕਾਨਦਾਰੀਆਂ ਬੰਦ ਕਰੋ, ਲੋਕਾਂ ਵਿਚ ਆ ਕੇ ਉਨ੍ਹਾਂ ਦੀ ਰਮਜ਼ ਸਮਝੋ ਤਾਂ ਹੀ ਕੁਝ ਪੱਲੇ ਪਵੇਗਾ । ਅਜੇ ਸਥਿਤੀ ਨੂੰ ਸਮਝਣ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਦੀ ਵੀ ਇੱਕ ਸਾਲ ਵਿਚ ਹੀ ਫੂਕ ਨਿਕਲ ਗਈ ਹੈ। ਇਮਾਨਦਾਰੀ ਦਾ ਪੱਲਾ ਫੜੋ। ਪੰਜਾਬ ਦੇਸ਼ ਦੀ ਖੜਗਭੁਜਾ ਹੈ। ਪੰਜਾਬ ਨੇ ਬਥੇਰਾ ਸੰਤਾਪ ਭੋਗਿਆ ਹੈ, ਇਨ੍ਹਾਂ ਦੀ ਦੁੱਖਦੀ ਰਗ ਤੇ ਹੱਥ ਰੱਖੋ। ਵਰਤਮਾਨ ਪੰਜਾਬ ਸਰਕਾਰ ਦਾ ਖਜਾਨਾ ਖਾਲ੍ਹੀ ਹੈ। ਨੌਜਵਾਨੀ ਨਸ਼ਿਆਂ ਦਾ ਸੰਤਾਪ ਭੋਗ ਰਹੀ ਹੈ। ਤੁਸੀਂ ਦਿੱਲੀ ਬੈਠੇ ਤਮਾਸ਼ਾ ਵੇਖ ਰਹੇ ਹੋ। ਪੰਜਾਬ ਦੀ ਨੌਜਵਾਨੀ ਦੇ ਸੁਨਹਿਰੇ ਭਵਿਖ ਲਈ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਕੇ ਪੜਾਅਵਾਰ ਸਮੁਚੇ ਪੰਜਾਬ ਨੂੰ ਗਾਹ ਮਾਰੋ, ਨੌਜਵਾਨਾਂ ਨੂੰ ਮੁਖ ਧਾਰਾ ਵਿਚ ਲਿਆਓ। ਪੰਜਾਬ ਦੇ ਦਰਦ ਨੂੰ ਮਹਿਸੂਸ ਕਰੋ। ਪੰਜਾਬ ਦੇ ਲੋਕ ਅੱਕੇ ਹੋਏ ਬੈਠੇ ਹਨ ਤੁਹਾਡੇ ਵਲ ਵੇਖ ਰਹੇ ਹਨ, ਤੁਸੀਂ ਵੀ ਲੋਕਾਂ ਵਲ ਵੇਖੋ। ਪਹਿਲਾਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਦੇ ਰਾਖਵੇਂ ਹਲਕਿਆਂ ਵਿਚ ਰੈਲੀਆਂ ਕਰ ਰਿਹਾ ਹੈ। ਉਸ ਦੀਆਂ ਰੈਲੀਆਂ ਵਿਚ ਇੱਕ ਧੜਾ ਹੀ ਸ਼ਾਮਲ ਹੋ ਰਿਹਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਮਰਥਕਾਂ ਦੇ ਹਲਕਿਆਂ ਵਿਚ ਜੁਲਾਈ ਤੋਂ ਲਗਾਤਾਰ ਰੈਲੀਆਂ ਕਰ ਰਹੇ ਹਨ। ਇਹ ਵੇਖਣ ਵਾਲੀ ਗੱਲ ਹੈ ਕਿ ਪੈਰਲਲ ਰੈਲੀਆਂ ਕਾਂਗਰਸ ਨੂੰ ਮਜ਼ਬੂਤ ਕਰਨਗੀਆਂ ਜਾਂ ਬਖੇੜਾ ਪਾਉਣਗੀਆਂ। ਹਾਈ ਕਮਾਂਡ ਨੇ ਕਹਿ ਦਿੱਤਾ ਹੈ ਕਿ ਉਹ ਸੀਨੀਅਰ ਨੇਤਾ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਕਰਕੇ ਮੀਟਿੰਗਾਂ ਕਰ ਸਕਦੇ ਹਨ। ਪਰਤਾਪ ਸਿੰਘ ਬਾਜਵਾ ਲਈ ਹਾਈ ਕਮਾਂਡ ਨੇ ਸੇਹ ਦਾ ਤਕਲਾ ਗੱਡ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਹਰਮਨ ਪਿਆਰੇ ਹਨ, ਫਿਰ ਹਾਈ ਕਮਾਂਡ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਲਾਭ ਕਿਉਂ ਨਹੀਂ ਉਠਾ ਰਹੀ? ਇਹ ਗੱਲ ਸਮਝ ਵਿਚ ਨਹੀਂ ਆ ਰਹੀ। ਕਾਂਗਰਸ ਦੇ ਇਤਿਹਾਸ ਵਿਚ ਪਹਿਲੀ ਵਾਰੀ ਲੋਕ ਸਭਾ ਵਿਚ ਕਾਂਗਰਸ ਦੀ ਪੁਜੀਸ਼ਨ ਐਨੀ ਮਾੜੀ ਰਹੀ ਹੈ। ਇਉਂ ਲਗਦਾ ਹੈ ਕਿ ਕਾਂਗਰਸ ਪਾਰਟੀ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀ ਹੈ। ਅਸਲ ਵਿਚ ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਕੋਈ ਮਜ਼ਬੂਤ ਲੀਡਰ ਪੈਦਾ ਹੀ ਨਹੀਂ ਕਰ ਸਕੀ। ਜੇ ਕਾਂਗਰਸ ਪਾਰਟੀ ਨੇ ਆਪਣਾ ਭਵਿਖ ਤਹਿ ਕਰਨਾ ਹੈ ਤਾਂ ਉਨ੍ਹਾਂ ਨੂੰ ਚਾਪਲੂਸੀ ਤੋਂ ਖਹਿੜਾ ਛੁਡਾਉਣਾ ਹੋਵੇਗਾ ਅਤੇ ਸਹੀ ਮਾਅਨਿਆਂ ਵਿਚ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਨੂੰ ਅੱਗੇ ਲਿਆਉਣਾ ਪਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ