ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਆਪਣੇ ਆਪ ਨੂੰ ਬਾਬਾ ਅਖਵਾਉਣ ਵਾਲੇ ਦੀ ਤਸਵੀਰ ਸਿੱਖ ਗੁਰੂ ਸਾਹਿਬਾਨ ਦੇ ਬਰਾਬਰ ਨਹੀਂ ਲਗਾਈ ਜਾ ਸਕਦੀ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਰਾਜਸਥਾਨ ਸਰਕਾਰ ਵੱਲੋਂ ਸਕੂਲਾਂ ਵਿੱਚ ਨੈਤਿਕ ਸਿੱਖਿਆ ਤੇ ਆਮ ਗਿਆਨ ਵਿਸ਼ੇ ਤੇ ਪ੍ਰਕਾਸ਼ਿਤ ਪੁਸਤਕ ‘ਨਵਾਂ ਉਜਾਲਾ’ ਜੋ ਤੀਸਰੀ ਕਲਾਸ ਦੇ ਬੱਚਿਆਂ ਨੂੰ ਪੜਾਈ ਜਾ ਰਹੀ ਹੈ ਵਿੱਚ ਆਮ ਵਿਅਕਤੀਆਂ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਛਾਪ ਕੇ ਭੱਦਰ ਅਪਮਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਜੋਧਪੁਰ ਵਿਚ ੮੦ ਫੀਸਦੀ ਤੋਂ ਵੱਧ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਸਾਰਾਮ ਦੇ ਮਹਾਨ ਸੰਤ ਹੋਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਨਾਲ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅਪਰਾਧੀ ਕਿਸਮ ਦੇ ਵਿਅਕਤੀਆਂ ਨਾਲ ਗੁਰੂ ਸਾਹਿਬ ਦੀ ਤਸਵੀਰ ਪ੍ਰਕਾਸ਼ਿਤ ਕਰਨ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾਂ ਨੂੰ ਭਾਰੀ ਸੱਟ ਵਜੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਵਿਵਾਦਤ ਕਿਤਾਬ ਤੇ ਪਾਬੰਦੀ ਲਗਾਵੇ ਅਤੇ ਇਸ ਕਿਤਾਬ ਨੂੰ ਛਾਪਣ ਵਾਲਿਆਂ ਖਿਲਾਫ ਜਾਂਚ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਮਹਾਨ ਪਰਉਪਕਾਰੀ, ਦਿਆਲੂ ਤੇ ਸੱਚ ਦਾ ਰਸਤਾ ਦਿਖਾਉਣ ਵਾਲੇ ਸਨ, ਇਸ ਲਈ ਅਜਿਹੇ ਅਪਰਾਧੀ ਵਿਅਕਤੀ ਤੇ ਹੋਰਨਾਂ ਵਿਅਕਤੀਆਂ ਦੀਆਂ ਤਸਵੀਰਾਂ ਨੂੰ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਦੇਸ਼ ਧਰਮ ਲਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਉਸ ਦੇ ਕੀਤੇ ਕੰਮਾਂ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਬਰਾਬਰ ਲਗਾਈਆਂ ਜਾਣ।ਉਨ੍ਹਾਂ ਕਿਹਾ ਕਿ ਅਜਿਹੀਆਂ ਕਿਤਾਬਾਂ ਜਿਨ੍ਹਾਂ ਉਪਰ ਇਹ ਤਸਵੀਰਾਂ ਛਾਪੀਆਂ ਗਈਆਂ ਹਨ ਉਹ ਤੁਰੰਤ ਜਬਤ ਕੀਤੀਆਂ ਜਾਣ ਤੇ ਅੱਗੇ ਤੋਂ ਕਿਸੇ ਵੀ ਦੁਨਿਆਵੀ ਵਿਅਕਤੀ ਦੀ ਤਸਵੀਰ ਗੁਰੂ ਸਾਹਿਬਾਨ ਦੀ ਤਸਵੀਰ ਦੇ ਬਰਾਬਰ ਨਾ ਛਾਪੇ ਜਾਣ ਨੂੰ ਯਕੀਨੀ ਬਣਾਇਆ ਜਾਵੇ।