ਨਵੀਂ ਦਿੱਲੀ – ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਵਿੱਚ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਗੁਰੂਦੁਆਰਾ ਰਕਾਬ ਗੰਜ ਤੋਂ ਜੰਤਰ ਮੰਤਰ ਤੱਕ ਕੱਢੇ ਗਏ ਮਾਰਚ ਸਮੇਂ ਇਕੱਠੀਆਂ ਹੋਈਆਂ ਭਾਰੀ ਗਿਣਤੀ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਕੱਢੇ ਗਏ ਇਸ ਮਾਰਚ ਨੇ ਸਾਬਤ ਕਰ ਦਿੱਤਾ ਹੈ ਕਿ ਕੁਰਸੀ ਦੀ ਲਾਲਸਾ ਵਿੱਚ ਪੰਥ ਨੂੰ ਢਾਹ ਲਗਾਉਣ ਵਾਲਿਆਂ ਤੋਂ ਇਲਾਵਾ ਬਾਕੀ ਸਾਰਾ ਪੰਥ ਇੱਕਠਾ ਹੈ ਤੇ ਬਾਪੂ ਸੂਰਤ ਸਿੰਘ ਦੀ ਸੰਘਰਸ਼ ਦੀ ਹਮਾਇਤ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ।
ਸ੍ਰ. ਦਮਨਦੀਪ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਦਿੱਲੀ (ਇਕਾਈ ਦਿੱਲੀ) ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੀ ਹਮਾਇਤ ਵਿੱਚ ਕੱਢੇ ਗਏ ਮਾਰਚ ਨੂੰ ਸੰਬੋਧਨ ਕਰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਕਿਸੇ ਨਿੱਜੀ ਉਦੇਸ਼ ਲਈ ਨਹੀਂ ਹੈ ਸਗੋਂ ਪੰਥਕ ਕਾਜ ਲਈ ਹੈ ਤੇ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹਿੰਦੋਸਤਾਨ ਨੂੰ ਦੁਨੀਆਂ ਦੇ ਸੱਭ ਤੋਂ ਵੱਡਾ ਲੋਕਤੰਤਰ ਦੇਸ਼ ਮੰਨਿਆ ਗਿਆ ਹੈ ਪਰ ਘੱਟ ਗਿਣਤੀਆਂ ਲਈ ਇਹ ਲੋਕਤੰਤਰ ਸਿਰਫ ਵਿਖਾਵਾ ਹੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਨੂੰ ਮੌਲਿਕ ਅਧਿਕਾਰ ਦਿੱਤੇ ਜਾਂਦੇ ਹਨ ਤੇ ਉਹਨਾਂ ਮੌਲਿਕ ਅਧਿਕਾਰਾਂ ਦੀ ਰਾਖੀ ਕਰਨਾ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਕਰਨਾ ਫਰਜ ਹੁੰਦਾ ਹੈ ਪਰ ਹਿੰਦੋਸਤਾਨ ਤੇ ਪੰਜਾਬ ਸਰਕਾਰ ਵੱਲੋ ਘੱਟ ਗਿਣਤੀਆ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਅਨੁਸਾਰ ਕਿਸੇ ਵੀ ਉਸ ਕੈਦੀ ਨੂੰ ਜੇਲ ਵਿੱਚ ਨਹੀਂ ਰੱਖਿਆ ਜਾ ਸਕਦਾ ਜਿਸ ਦੀ ਅਦਾਲਤ ਦੁਆਰਾ ਸੁਣਾਈ ਗਈ ਸਜਾ ਪੂਰੀ ਹੋ ਗਈ ਹੋਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਵਿਧਾਨ ਅਨੁਸਾਰ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਕੇ ਸਿੱਖ ਨੌਜਵਾਨਾਂ ਨੂੰ ਜੇਲਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਸੁਪਰੀਮ ਦੇ ਖਾਤੇ ਵਿੱਚ ਸੁੱਟ ਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਚਣ ਪਾਈ ਜਾ ਰਹੀ ਹੈ ਉਸ ਮੁਤਾਬਕ ਸਿਰਫ ਸੁਪਰੀਮ ਕੋਰਟ ਨੇ ਉਹਨਾਂ ਬੰਦੀਆਂ ਦੀ ਰਿਹਾਈ ਰੋਕ ਲਗਾਈ ਹੈ ਜਿਹਨਾਂ ਦੀ ਅਦਾਲਤ ਜਾਂ ਰਾਸ਼ਟਰਪਤੀ ਨੇ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਤਬਦੀਲ ਕੀਤੀ ਹੈ ਪਰ ਉਹਨਾਂ ਦੀ ਰਿਹਾਈ ਵੀ ਸਰਕਾਰ ਸੁਪਰੀਮ ਕੋਰਟ ਦੇ ਧਿਆਨ ਵਿੱਚ ਲਿਆ ਕੇ ਕਰ ਸਕਦੀ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੇਕਰ ਅਦਾਲਤ ਵਿੱਚ ਜਾਣ ਦੀ ਲੋੜ ਪੈਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਦਾਲਤ ਦਾ ਦਰਵਾਜਾ ਪਹਿਲ ਦੇ ਆਧਾਰ ਤੇ ਖੜਕਾਏਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਪੂ ਸੂਰਤ ਸਿੰਘ ਦਾ ਸੰਘਰਸ਼ ਸਿੱਖ ਕੌਮ ਲਈ ਕੌਮੀ ਸੰਘਰਸ਼ ਬਣ ਚੁੱਕਾ ਹੈ ਤੇ ਸਮੁੱਚੀ ਕੌਮ ਬਾਪੂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਆਰ ਪਾਰ ਦੀ ਜੰਗ ਸ਼ੁਰੂ ਹੋ ਚੁੱਕੀ ਹੈ ਤੇ 1990 ਤੋਂ ਲੈ ਕੇ ਹੁਣ ਤੱਕ ਸਾਰੇ ਬੰਦੀ ਸਰਕਾਰ ਨੂੰ ਜਾਂ ਤਾਂ ਰਿਹਾਅ ਕਰਨੇ ਪੈਣਗੇ ਜਾਂ ਫਿਰ ਬਾਪੂ ਦੀ ਸ਼ਹਾਦਤ ਹੋਵੇਗੀ ਜਿਹੜੀ ਬਾਦਲ ਅਕਾਲੀ ਦਲ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਇਹ ਬੰਦੀ ਸਿੰਘ ਉਹਨਾਂ ਅਕਾਲੀਆਂ ਦੇ ਭਾਸ਼ਨ ਤੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜੇਲਾਂ ਵਿੱਚ ਬੈਠੇ ਹਨ ਜਿਹੜੇ ਅੱਜ ਕੁਰਸੀ ਨਾਲ ਲਸੂੰੜੇ ਦੀ ਗਿਟਕ ਵਾਂਗ ਚੰਬੜੇ ਹੋਏ ਹਨ।
ਦਮਨਦੀਪ ਸਿੰਘ ਨੇ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਤੱਕ ਬੰਦੀ ਸਿੰਘ ਰਿਹਾਅ ਨਹੀ ਹੋ ਜਾਂਦੇ। ਇਸੇ ਤਰ੍ਹਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪੰਥ ਹੁਣ ਜਾਗ ਪਿਆ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਹੋ ਕੇ ਹੀ ਰਹੇਗੀ। ਇਸ ਸਮੇਂ ਤੇਜਿੰਦਰਪਾਲ ਸਿੰਘ ਗੋਪਾ ਮੈਂਬਰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਸਰਨਾ, ਰਾਜਿੰਦਰ ਸਿੰਘ ਵਾਸਨ, ਇੰਦਰਜੀਤ ਸਿੰਘ ਪਰਮਜੀਤ ਸਿੰਘ ਚੋਪੜਾ ਆਦਿ ਤੇ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।