ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ‘‘ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ” ਵਿਸ਼ੇ ਤੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸੁਖਦਿਆਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਰੇ ਵਿਸਤਾਰ ਨਾਲ ਦੱਸਿਆ।ਸ਼ਹਾਦਤ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਨੇ ਸਿੱਖ ਇਤਿਹਾਸ ਵਿੱਚੋਂ ਅਨੇਕਾਂ ਹਵਾਲੇ ਵੀ ਦਿੱਤੇ। ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਖੇ ਹੋਏ ਇਸ ਸੈਮੀਨਾਰ ’ਚ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸਿੱਖ ਇਤਿਹਾਸ ਨੂੰ ਮੁੜ੍ਹ ਵਿਚਾਰੇ ਜਾਉਣ ਦੀ ਜਰੂਰਤ ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਸਿੱਖ ਇਤਿਹਾਸਕਾਰਾਂ ਵੱਲੋਂ ਇਤਿਹਾਸ ਨੂੰ ਸਾਂਭਣ ’ਚ ਕੀਤੀ ਗਈ ਅਨਗਹਿਲੀ ਤੇ ਵਿਚਾਰਨ ਦਾ ਵੀ ਸੰਗਤਾਂ ਨੂੰ ਸੱਦਾ ਦਿੱਤਾ।
ਡਾ. ਸੁਖਦਿਆਲ ਸਿੰਘ ਨੇ ਤਸੀਹਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਬਾਬਾ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਵੱਲੋਂ ਧਰਮ ’ਚ ਪੱਕਾ ਰਹਿ ਕੇ ਦਿੱਤੀ ਗਈ ਸ਼ਹਾਦਤ ਨੂੰ ਬੇਮਿਸ਼ਾਲ ਦੱਸਿਆ। ਬਾਬਾ ਜੀ ਦੀ ਫੌਜ ਦੇ ਕਿਸੇ ਵੀ ਸਿਪਾਹੀ ਵੱਲੋਂ ਕੋਈ ਬਗਾਵਤ ਨਾ ਕਰਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਤਿਹਾਸ ’ਚ ਕਿਸੇ ਹੋਰ ਰਾਜ ਵਿੱਚ ਅਜਿਹੀ ਮਿਸ਼ਾਲ ਨਾ ਮਿਲਣ ਦਾ ਵੀ ਦਾਅਵਾ ਕੀਤਾ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਮੂਹ ਪਤਿਵੰਤਆਂ ਨੂੰ ਜੀ ਆਇਆ ਕਿਹਾ ਗਿਆ। ਜੀ.ਕੇ. ਨੇ ਆਦਾਰੇ ਵੱਲੋਂ ਕਰਾਏ ਜਾ ਰਹੇ ਉਕਤ ਸੈਮੀਨਾਰਾਂ ਸੱਦਕਾ ਕੌਮ ਦੇ ਪ੍ਰਚਾਰਕਾਂ ਅਤੇ ਖੋਜਕਾਰਾਂ ਨੂੰ ਤੱਥਾਂ ਭਰਪੂਰ ਜਾਣਕਾਰੀ ਮਿਲਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਕਮੇਟੀ ਵੱਲੋਂ ਮਨਾਉਣ ਵਾਸਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਵੀ ਵੇਰਵਾ ਦਿੱਤਾ।
ਅਦਾਰੇ ਦੇ ਕਨਵੀਨਰ ਤ੍ਰਿਲੋਚਨ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਅਦਾਰੇ ਦੀ ਡਾਇਰੈਕਟਰ ਬੀਬੀ ਹਰਬੰਸ ਕੌਰ ਸੱਗੂ ਵੱਲੋਂ ਮੰਚ ਸੰਚਾਲਨ ਸੁਚੱਜੇ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਸੀਨੀਅਰ ਕਮੇਟੀ ਮੈਂਬਰ ਕੁਲਮੋਹਨ ਸਿੰਘ, ਮੈਂਬਰ ਗੁਰਲਾਡ ਸਿੰਘ, ਦਰਸ਼ਨ ਸਿੰਘ, ਅਤੇ ਡਾ. ਹਰਮੀਤ ਸਿੰਘ ਮੌਜ਼ੂਦ ਸਨ।