ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਆਤ ਦਾ ਘਰ ਹੈ।ਤਕਰੀਬਨ ਹਰ ਰੋਜ਼ 75 ਹਜ਼ਾਰ ਦੇ ਕਰੀਬ ਵੱਖ-ਵੱਖ ਧਰਮਾਂ ਦੇ ਲੋਕ ਦੇਸ਼-ਵਿਦੇਸ਼ਾਂ ਤੋਂ ਇਸ ਮੁਕੱਦਸ ਅਸਥਾਨ ਦੇ ਦਰਸ਼ਨਾਂ ਲਈ ਆਉਂਦੇ ਹਨ।ਇਸ ਅਸਥਾਨ ਦੇ ਪ੍ਰਬੰਧਕ ਹੋਣ ਦੇ ਨਾਤੇ ਸਾਡਾ ਨੈਤਿਕ ਫਰਜ ਹੈ ਕਿ ਇਥੇ ਆਉਣ ਵਾਲੇ ਯਾਤਰੂਆਂ ਨੂੰ ਆਉਂਦੀਆਂ ਸਮੱਸਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਰੂਪ ਸਿੰਘ ਤੇ ਸ। ਮਨਜੀਤ ਸਿੰਘ ਸੱਕਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਕਮਿਸ਼ਨਰ ਕਾਰਪੋਰੇਸ਼ਨ ਅਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਹੋਈ ਅਹਿਮ ਬੈਠਕ ‘ਚ ਕੀਤਾ।
ਉਨ੍ਹਾਂ ਕਿਹਾ ਕਿ ਸਰਾਂ ਦੇ ਬਾਹਰ ਦੁਕਾਨਾਂ ਅੱਗੇ ਯਾਤਰੂਆਂ ਲਈ ਬਣੇ ਬਰਾਂਡੇ ਪੂਰੀ ਤਰਾਂ ਸਮਾਨ ਰੱਖ ਕੇ ਦੁਕਾਨਦਾਰਾਂ ਨੇ ਨਜਾਇਜ ਮੱਲੇ ਹੋਏ ਹਨ, ਬੁਰਜ ਅਕਾਲੀ ਫੂਲਾ ਸਿੰਘ ਸਾਈਡ ਤੋਂ ਜੋ ਪੁਲ ਦੇ ਦੋਵਾਂ ਪਾਸੇ ਰਸਤਾ ਹੈ ਉਹ ਰਸਤਾ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਲਈ ਮੇਨ ਹੈ, ਲੇਕਿਨ ਉਸ ਉਪਰ ਖੜੇ ਟਰੱਕ ਜਾਂ ਹੋਰ ਵਹੀਕਲ ਖੜੇ ਹੁੰਦੇ ਹਨ, ਰਸਤਿਆਂ ਦੀ ਸਫਾਈ ਦਾ ਬੁਰਾ ਹਾਲ ਹੈ।ਕੇਵਲ ਸ਼੍ਰੋਮਣੀ ਕਮੇਟੀ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਨੁਮਾਇੰਦੇ ਹੀ ਇਸ ਸੜਕ ਤੇ ਸਫਾਈ ਕਰਵਾ ਰਹੇ ਹਨ, ਪਰ ਇਸ ਸੜਕ ਉਪਰ ਜਿਹੜੇ ਦੁਕਾਨਦਾਰ ਹਨ ਉਨ੍ਹਾਂ ‘ਚ ਜਾਗਰੁਕਤਾ ਦੀ ਘਾਟ ਕਾਰਨ ਉਹ ਸੜਕ ਉਪਰ ਹੀ ਕੂੜਾ ਕਰਕਟ ਸੁੱਟ ਰਹੇ ਹਨ।ਇਸ ਲਈ ਦੁਕਾਨਦਾਰਾਂ ਤੇ ਘਰਾਂ ਵਾਲਿਆਂ ਨੂੰ ਕੂੜਾ ਕਰਕਟ ਨਿਸ਼ਚਿਤ ਸਥਾਨਾਂ ਪਰ ਸੁੱਟਣ ਲਈ ਕਿਹਾ ਜਾਵੇ।ਗਲਿਆਰੇ ‘ਚ ਸੰਗਤਾਂ ਲਈ ਬਣੇ ਬਾਥਰੂਮਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ।ਜਿਹੜੇ ਕਰਮਚਾਰੀ ਯਾਤਰੂਆਂ ਕੋਲੋਂ ਬਾਥਰੂਮ ਜਾਣ ਲਈ ਪੈਸੇ ਲੈਂਦੇ ਹਨ ਉਹ ਬੰਦ ਕਰਵਾਏ ਜਾਣ, ਟਰੈਫਿਕ ਸਮੱਸਿਆ ਮੁੱਖ ਮੁੱਦਾ ਹੈ ਇਸ ਦਾ ਸਾਰਥਕ ਹੱਲ ਕੱਢਿਆ ਜਾਵੇ ਅਤੇ ਲਾਈਟ ਆਦਿ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਸ਼੍ਰੋਮਣੀ ਕਮੇਟੀ ਦੇ ਦੋਵਾਂ ਅਧਿਕਾਰੀਆਂ ਵੱਲੋਂ ਦੱਸੀਆਂ ਇਨ੍ਹਾਂ ਮੁਸ਼ਕਲਾਂ ਨੂੰ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਨੇ ਬੜੇ ਧਿਆਨ ਨਾਲ ਸੁਣਿਆਂ ਤੇ ਇਨ੍ਹਾਂ ਖਾਮੀਆਂ ਨੂੰ ਸਵੀਕਾਰਦਿਆਂ ਨਾਲ ਆਏ ਸਾਰੇ ਵਿਭਾਗਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਹੱਲ ਕਰਨ ਲਈ ਸ਼ਖਤ ਨਿਰਦੇਸ਼ ਦਿੱਤੇ।ਉਨ੍ਹਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਇਨ੍ਹਾਂ ਸਾਰੀਆਂ ਸਮੱਸਿਆਂ ਤੋਂ ਉਹ ਜਾਣੂ ਹਨ ਤੇ ਇਨਾਂ ਦਾ ਸਾਰਥਿਕ ਹੱਲ 15 ਦਿਨਾਂ ਦੇ ਅੰਦਰ-ਅੰਦਰ ਕੱਢਿਆ ਜਾਵੇਗਾ।ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਦਿੰਦਿਆਂ ਕਿਹਾ ਕਿ ਜਿਹੜਾ ਅਧਿਕਾਰੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਅਧਿਕਾਰੀ ਨੂੰ ਸਸਪੈਂਡ ਵੀ ਹੋਣਾ ਪਵੇਗਾ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਆਉਣ ਵਾਲੇ ਹਰੇਕ ਯਾਤਰੂ ਨੂੰ ਪ੍ਰਾਥਮਿਕਤਾ ਦੇਣੀ ਸਾਡਾ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਏਰੀਏ ਨੂੰ ਨੋ ਵਹੀਕਲ ਜ਼ੋਨ ਐਲਾਨਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਦਰਾਂ ਦਿਨਾਂ ਬਾਆਦ ਜਿਹੜਾ ਦੁਕਾਨਦਾਰ ਦੁਕਾਨ ਦੇ ਬਾਹਰ ਬਰਾਂਡਿਆਂ ‘ਚ ਸਮਾਨ ਲਗਾਵੇਗਾ ਉਸ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ।ਇਸ ਸਮੇਂ ਡਾਕਟਰ ਰੂਪ ਸਿੰਘ ਤੇ ਸ। ਮਨਜੀਤ ਸਿੰਘ ਸਕੱਤਰ ਨੇ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਇਕੱਤਰਤਾ ਵਿੱਚ ਸ। ਸਤਿੰਦਰ ਸਿੰਘ ਪੀ।ਏ, ਸ। ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ। ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ ਤੇ ਕਾਰਪੋਰੇਸ਼ਨ ਵੱਲੋਂ ਸ੍ਰੀ ਪੀ।ਕੇ ਗੋਇਲ, ਸ। ਪਰਦੁਮਨ ਸਿੰਘ, ਸ੍ਰੀ ਤਿਲਕ ਰਾਜ, ਸ੍ਰੀ ਐਸ। ਐਸ ਮੱਲੀ, ਸ੍ਰੀ ਅਨਿਲ ਅਰੋੜਾ, ਸ੍ਰੀ ਸੁਨੀਲ ਮਹਾਜਨ, ਸ੍ਰੀ ਸੁਭਾਸ਼ ਚੰਦਰ, ਸ। ਅਮਰ ਸਿੰਘ ਤੇ ਸ। ਨਿਰਭੈ ਸਿੰਘ ਆਦਿ ਹਾਜ਼ਰ ਸਨ।