ਲੁਧਿਆਣਾ – ਬਣਦੀਆਂ ਸਜ਼ਾਵਾਂ ਭੁਗਤ ਚੁੱਕੇ ਜੇਲ੍ਹਾਂ ਵਿਚ ਨਜ਼ਰਬੰਦਾਂ ਦੀ ਰਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕ ਵਿਚ ਵੱਖ ਵੱਖ ਪੰਥਕ ਜੱਥੇਬੰਦੀਆਂ ਤੇ ਸਿਆਸੀ ਧਿਰਾਂ ਵੱਲੋਂ 4 ਅਗਸਤ 2015 ਨੂੰ ਦਿੱਲੀ ਵਿਖੇ ਸਥਿਤ ਗੁਰਦੁਆਰਾ ਰਕਾਬ ਗੰਜ ਤੋਂ ਵੱਡੀ ਗਿਣਤੀ ਵਿਚ ਸਿੰਘਾਂ ਨੇ ਵਿਸ਼ਾਲ ਮਾਰਚ ਕਰਕੇ ਪਾਰਲੀਮੈਂਟ ਤੱਕ ਜਿਸ ਤਰ੍ਹਾਂ ਪਹੁੰਚ ਕਰਕੇ ਆਪਣਾ ਪੱਖ ਸਪਸ਼ਟ ਕਰਕੇ ਇਕ ਪਟੀਸ਼ਨ ਪਾਰਲੀਮੈਂਟ ਨੂੰ ਸੌਂਪੀ ਉਸ ਤੋਂ ਬੁਖਲਾਹਟ ਵਿਚ ਆਈ ਸੂਬੇ ਦੀ ਬਾਦਲ ਸਰਕਾਰ ਨੇ ਬੀਤੀ ਰਾਤ ਰੋਜ਼ਾਨਾਂ ਪਹਿਰੇਦਾਰ ਅਖ਼ਬਾਰ ਉਪਰ ਹੀ ਪੰਜਾਬ ਪੁਲਿਸ ਤੋਂ ਧੱਕਾ ਕਰਾਉਂਣਾ ਸ਼ੁਰੂ ਕਰ ਦਿੱਤਾ ਤਾਂ ਕਿ ਜੋ ਖ਼ਬਰਾਂ ਬਾਪੂ ਸੂਰਤ ਸਿੰਘ ਦੇ ਸੰਘਰਸ਼ ਸੰਬੰਧੀ ਰੋਜ਼ਾਨਾਂ ਪੰਜਾਬੀ ਅਖ਼ਬਾਰ ਵਿਚ ਲਗਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਰੋਕਿਆ ਜਾ ਸਕੇ। ਪੁਲਿਸ ਨੇ ਰਾਤ 11:30 ਵਜੇ ਅਖ਼ਬਾਰ ਦੇ ਇਆਲੀ ਥਰੀਕੇ ਚੌਂਕ ਸਥਿਤ ਲੁਧਿਆਣਾ ਦਫ਼ਤਰ ਵਿਚ ਆ ਕੇ ਜਿੱਥੇ ਇਕ ਕੰਪਿਊਟਰ ਚੁੱਕ ਲਿਆ ਗਿਆ ਤੇ ਉਥੇ ਹਾਜ਼ਰ ਸਟਾਫ਼ ਨੂੰ ਡਰਾਇਆ ਧਮਕਾਇਆ ਗਿਆ ਤੇ ਅਖ਼ਬਾਰ ਦੇ ਮੁੱਖ ਸੰਪਾਦਕ ਸ: ਜਸਪਾਲ ਸਿੰਘ ਹੇਰਾਂ ਜੋ ਪੁਲਿਸ ਰੇਡ ਤੋਂ ਕੁਝ ਪਲ ਪਹਿਲਾਂ ਹੀ ਕਿਸੇ ਕੰਮ ਲਈ ਰਵਾਨਾਂ ਹੋਏ ਸਨ ਸੰਬੰਧੀ ਪੁੱਛਦੀ ਰਹੀ ਕਿ ਹੇਰਾਂ ਸਾਹਿਬ ਕਿੱਥੇ ਹਨ। ਪੁਲਿਸ ਦੀ ਗੰਡਾਗਰਦੀ ਇਥੇ ਹੀ ਖ਼ਤਮ ਨਹੀਂ ਹੋਈ ਤੇ ਜਦੋਂ ਸ: ਹੇਰਾਂ ਦਾ ਉਨ੍ਹਾਂ ਨੂੰ ਇਥੇ ਪਤਾ ਨਾ ਲੱਗਾ ਤਾਂ ਰਾਤ 12:30 ਵਜੇ ਪੁਲਿਸ ਨੇ ਜਗਰਾਉਂ ਸਥਿਤ ਸ: ਹੇਰਾਂ ਦੀ ਰਿਹਾਇਸ਼ ਵਿਖੇ ਜਾ ਛਾਪਾ ਮਾਰਿਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕੀਤਾ। ਜਿਸ ਦੇ ਰੋਸ ਵਜੋਂ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿਚ ਡੀ.ਸੀ. ਦਫ਼ਤਰ ਇਕੱਤਰ ਹੋ ਕੇ ਪ੍ਰਸਾਸ਼ਨ ਨੂੰ ਜਿੱਥੇ ਇਕ ਮੰਗ ਪੱਤਰ ਭੇਂਟ ਕੀਤਾ ਗਿਆ ਉਥੇ ਇਹ ਗੱਲ ਵੀ ਕਹੀ ਗਈ ਕਿ ਪੰਜਾਬ ਪੁਲਿਸ ਵੱਲੋਂ ਮੀਡੀਆ ਉਪਰ ਇਹ ਸਿੱਧਾ ਹਮਲਾ ਕੀਤਾ ਗਿਆ ਹੈ। ਜਿਵੇਂ ਕਿ ਅੱਜ ਡੀ.ਸੀ. ਨੂੰ ਇਸ ਸੰਬੰਧੀ ਮਿਲਣ ਲਈ 2 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਸ ਸਮੇਂ ਕੋਈ ਵੀ ਪ੍ਰਸਾਸ਼ਨੀ ਅਫ਼ਸਰ ਆਪਣੇ ਦਫ਼ਤਰ ਵਿਚ ਹਾਜ਼ਰ ਨਹੀਂ ਸੀ। ਪੱਤਰਕਾਰਾਂ ਨੂੰ ਲੰਬਾ ਸਮਾਂ ਉਡੀਕ ਕਰਨ ਉਪਰੰਤ ਡੀ.ਆਰ.ਓ. ਦੀ ਡਿਊਟੀ ਨਿਭਾ ਰਹੇ ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਨੂੰ ਮੀਡੀਏ ਨੇ ਜਾ ਕੇ ਪੁਿਲਸ ਵੱਲੋਂ ਅਖ਼ਬਾਰ ਦੇ ਦਫ਼ਤਰ ਅਤੇ ਮੁੱਖ ਸੰਪਾਦਕ ਦੇ ਘਰ ਵਿਖੇ ਕੀਤੀ ਨਜਾਇਜ਼ ਛਾਪੇਮਾਰੀ ਤੋਂ ਜਾਣੂ ਕਰਵਾ ਕੇ ਸੰਬੰਧਤ ਪੁਲਸੀਆਂ ਵਿਰੁੱਧ ਕਾਰਵਾਈ ਕਰਨ ਅਤੇ ਪੱਤਰਕਾਰਾਂ ਉਪਰ ਕੀਤੇ ਜਾ ਰਹੇ ਜ਼ਬਰ ਨੂੰ ਰੋਕਣ ਲਈ ਕਿਹਾ ਗਿਆ। ਜਿਨ੍ਹਾਂ ਨੇ ਉਸ ਸਮੇਂ ਆਪਣੇ ਦਫ਼ਤਰ ਪੁੱਜੇ ਐਸ.ਡੀ.ਐਮ. ਪੂਰਬੀ ਪਰਮਜੀਤ ਸਿੰਘ ਨਾਲ ਮਿਲ ਕੇ ਗੱਲਬਾਤ ਕਰਨ ਲਈ ਕਿਹਾ। ਐਸ.ਡੀ.ਐਮ. ਪੂਰਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਖਰਕੇ ਇਹ ਵਿਸ਼ਵਾਸ਼ ਦਿੱਤਾ ਕਿ ਉਹ ਹੁਣੇ ਹੀ ਡੀ.ਸੀ. ਲੁਧਿਆਣਾ ਨਾਲ ਸਾਰੀ ਗੱਲ ਸਾਂਝੀ ਕਰਨਗੇ। ਪੱਤਰਕਾਰਾਂ ਨੇ ਇਸ ਸਮੇਂ ਇਹ ਵੀ ਦੱਸਿਆ ਕਿ 2 ਹਫ਼ਤੇ ਪਹਿਲਾਂ ਵੀ ਹਸਨਪੁਰ ਵਿਖੇ ਬਾਪੂ ਸੂਰਤ ਸਿੰਘ ਖਾਲਸਾ ਦੇ ਗ੍ਰਿਹ ਵਿਖੇ ਮੀਡੀਏ ਨਾਲ ਬਦਸਲੂਕੀ ਪੁਲਿਸ ਨੇ ਕੀਤੀ ਸੀ ਤੇ ਉਸ ਸੰਬੰਧੀ ਡੀ.ਸੀ. ਸਾਹਿਬ ਨੇ ਵਿਸ਼ਵਾਸ਼ ਦੁਆਇਆ ਸੀ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਪਰ ਰਾਤ ਪੁਲਿਸ ਵੱਲੋਂ ਮੀਡੀਏ ਉਪਰ ਇਹ ਵੱਡਾ ਹਮਲਾ ਕੀਤਾ ਗਿਆ ਹੈ। ਜੇ ਅਜਿਹਾ ਨਾ ਰੋਕਿਆ ਗਿਆ ਤਾਂ ਇਸ ਸੰਬੰਧੀ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ। ਇਸ ਸਮੇਂ ਪੱਤਰਕਾਰ ਵਰਿੰਦਰ ਕੁਮਾਰ, ਗੁਰਪ੍ਰੀਤ ਮਹਿਦੂਦਾ, ਆਰ.ਵੀ. ਸਮਰਾਟ, ਬਲਦੇਵ ਸਿੰਘ, ਰਾਜਿੰਦਰ ਸਿੰਘ ਕੋਟਲਾ, ਗੁਰਮੀਤ ਸਿੰਘ ਸ਼ੂਕਾ, ਜਤਿੰਦਰ ਸਿੰਘ ਖਾਲਸਾ, ਜੇ.ਪੀ. ਛਾਬੜਾ, ਬੀ.ਐਸ. ਬੱਲੀ, ਰਜ਼ਨੀਸ਼ ਬਾਂਸਲ, ਚਰਨਜੀਤ ਸਿੰਘ ਸਰਨਾ, ਧਰਮਪਾਲ, ਡੀ.ਪੀ. ਸਿੰਘ, ਚਰਨਜੀਤ ਸਲੂਜਾ, ਰਾਜ ਕੁਮਾਰ, ਦਵਿੰਦਰ ਖੁਰਾਣਾ, ਰਾਮ ਗੁਪਤਾ, ਅਸ਼ੋਕ ਪੁਰੀ, ਰਵਿੰਦਰ ਬੱਬਲ, ਕੁਲਵੰਤ ਸਿੰਘ, ਗੁਰਵਿੰਦਰ ਗਰੇਵਾਲ, ਪਰਮਜੀਤ ਬੰਟੀ, ਕੁਲਵਿੰਦਰ ਸਿੰਘ ਮਿੰਟੂ, ਸਤਪਾਲ ਸੋਨੀ, ਅਰਵਿੰਦ ਖੁਰਾਨਾ, ਬੰਟੀ ਲੁਹਾਰਾ, ਰਵੀ ਗਾਦੜਾ, ਮਨਜੀਤ ਸਿੰਘ ਦੁੱਗਰੀ, ਸਰਵਜੀਤ ਸਿੰਘ ਲੁਧਿਆਣਵੀ, ਰਜੇਸ਼ ਮਹਿਰਾ, ਅਮਿਤ ਕੁਮਾਰ, ਰਾਜ ਜੋਸ਼ੀ, ਰਜਿੰਦਰ ਮਹਿੰਮੀ ਆਦਿ ਵੀ ਮੰਗ ਪੱਤਰ ਦੇਣ ਵਾਲਿਆਂ ’ਚ ਹਾਜ਼ ਸਨ।
,
ਪੱਤਰਕਾਰ ਭਾਈਚਾਰੇ ਨੇ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਸਬੰਧੀ ਜਿਲ੍ਹਾ ਪ੍ਰਸਾਸ਼ਨ ਨੂੰ ਦਿੱਤਾ ਮੰਗ ਪੱਤਰ
This entry was posted in ਪੰਜਾਬ.