ਆਇਆ ਸਾਉਣ ਦਾ ਮਹੀਨਾ, ਮੈਨੂੰ ਚਾਅ ਕੁੜੀਓ।
ਲੈਣ ਆਇਆ ਮੈਨੂੰ, ਮੇਰਾ ਨੀ ਭਰਾ ਕੁੜੀਓ।
ਪੇਕੇ ਜਾ ਸਹੇਲੀਆਂ ਦੇ, ਨਾਲ ਅਸਾਂ ਹੱਸਣਾ।
ਦੁੱਖ ਸੁੱਖ ਪੁੱਛਣਾ ਤੇ, ਆਪਣਾ ਮੈਂ ਦਸਣਾ।
ਅਸਾਂ ਮਾਹੀਏ ਨੂੰ ਵੀ, ਲਿਆ ਏ ਮਨਾ ਕੁੜੀਓ
ਆਇਆ…..
ਸਾਡਾ ਪਿੱਪਲ ਉਡੀਕੇ ਸਾਨੂੰ, ਪੀਂਘਾਂ ਪਾਉਣ ਨੂੰ।
ਸਾਲ ਪਿੱਛੋਂ ਹੋਣਾ ‘ਕੱਠੀਆਂ, ਮਹੀਨੇ ਸਾਉਣ ਨੂੰ।
ਲੈਣੀ ਪੀਂਘ ਅਸਮਾਨੇ, ਮੈਂ ਚੜ੍ਹਾ ਕੁੜੀਓ
ਆਇਆ…….
ਲਾ ਕੇ ਤੀਆਂ ਵਾਲਾ ਪਿੜ, ਬੋਲੀ ਖ਼ਾਸ ਛੱਡਣੀ।
ਪਾ ਪਾ ਬੋਲੀਆਂ ਹੈ, ਮਨ ਦੀ ਭੜਾਸ ਕੱਢਣੀ।
ਮੈਂ ਤਾਂ ਨੱਚ ਨੱਚ ਹੋਣਾ, ਸਾਹੋ ਸਾਹ ਕੁੜੀਓ
ਆਇਆ…….
ਸਦਾ ਕੁੜੀਆਂ ਦੀ ਜ਼ਿੰਦਗੀ ‘ਚ, ਖੁਸ਼ੀਆਂ ਲਿਆਈਂ।
ਰੱਬਾ ਮੇਰਿਆ ਇਹਨਾਂ ਦੇ ਉੱਤੇ, ਮਿਹਰ ਵਰਸਾਈਂ।
‘ਦੀਸ਼’ ਕਰਦੀ ਹਮੇਸ਼ਾ, ਇਹ ਦੁਆ ਕੁੜੀਓ
ਆਇਆ……..