ਨਵੀਂ ਦਿੱਲੀ – ਮੋਦੀ ਸਰਕਾਰ ਵੱਲੋਂ ਸੰਸਦਾਂ ਨੂੰ ਸਸਪੈਂਡ ਕੀਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਨੇ ਅੱਜ ਵੀ ਧਰਨਾ ਜਾਰੀ ਰੱਖਿਆ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸੰਸਦ ਵਿੱਚ ਦਿੱਤੇ ਗਏ ਬਿਆਨ ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਸੁਸ਼ਮਾ ਡਰਾਮਾ ਕਰਨ ਵਿੱਚ ਮਾਹਿਰ ਹੈ।
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸੁਸ਼ਮਾ ਨੇ ਕੀਤਾ ਹੈ, ਉਸ ਤਰ੍ਹਾਂ ਸੋਨੀਆ ਨਹੀਂ ਕਰਦੀ। ਰਾਹੁਲ ਨੇ ਇਹ ਵੀ ਕਿਹਾ, ‘ਚੋਰੀ ਜਦੋਂ ਵੀ ਹੁੰਦੀ ਹੈ ਤਾਂ ਛੁਪ ਕੇ ਹੁੰਦੀ ਹੈ ਅਤੇ ਸੁਸ਼ਮਾ ਜੀ ਨੇ ਵੀ ਉਹੋ ਹੀ ਕੀਤਾ ਹੈ। ਸੁਸ਼ਮਾ ਜੀ ਇਹ ਦੱਸੇ ਕਿ ਲਲਿਤ ਮੋਦੀ ਨੇ ਖੁਦ ਨੂੰ ਜੇਲ੍ਹ ਤੋਂ ਬਾਹਰ ਰੱਖਣ ਲਈ ਸੁਸ਼ਮਾ ਜੀ ਦੇ ਪਰੀਵਾਰ ਨੂੰ ਕਿੰਨੇ ਪੈਸੇ ਦਿੱਤੇ ਹਨ।’
ਲਲਿਤ ਮੋਦੀ ਦੀ ਮੱਦਦ ਕਰਨ ਕਰਕੇ ਵਿਵਾਦਾਂ ਵਿੱਚ ਫਸੀ ਸੁਸ਼ਮਾ ਨੇ ਲੋਕਸਭਾ ਵਿੱਚ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਮਨੁੱਖੀ ਆਧਾਰ ਤੇ ਇੱਕ ਮਹਿਲਾ ਦੀ ਸਹਾਇਤਾ ਕੀਤੀ ਹੈ, ਅਗਰ ਕਿਸੇ ਜਾਨਲੇਵਾ ਬਿਮਾਰੀ ਨਾਲ ਜੂਝ ਰਹੀ ਮਹਿਲਾ ਦੀ ਮੱਦਦ ਕਰਨਾ ਗੁਨਾਹ ਹੈ ਤਾਂ ਮੈਂ ਮੰਨਦੀ ਹਾਂ ਕਿ ਇਹ ਗੁਨਾਹ ਕੀਤਾ ਹੈ। ਜੇ ਮੇਰੀ ਜਗ੍ਹਾ ਸੋਨੀਆ ਗਾਂਧੀ ਵੀ ਹੁੰਦੀ ਤਾਂ ਕੀ ਉਸ ਨੂੰ ਮਰਨ ਲਈ ਛੱਡ ਦਿੰਦੀ? ਸੋਨੀਆ ਨੇ ਸੁਸ਼ਮਾ ਦੇ ਇਸੇ ਬਿਆਨ ਦਾ ਅੱਜ ਜਵਾਬ ਦਿੱਤਾ ਹੈ।