ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੋਘੇ ਭਾਸ਼ਾ ਵਿਗਿਆਨੀ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਅਤੇ ਸੁਚਰਚਿਤ ਨਾਵਲਕਾਰ ਤੇ ਬਹੁ-ਪੱਖੀ ਸ਼ਖ਼ਸੀਅਤ ਪ੍ਰੋ. ਨਰਿੰਜਨ ਤਸਨੀਮ ਨੂੰ ਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ, ਮਜਬੂਤੀ ਅਤੇ ਪ੍ਰਫੁੱਲਤਾ ਲਈ ਨਿਰੰਤਰ ਕੀਤੇ ਜਾ ਰਹੇ ਯਤਨਾਂ ਸ਼ਲਾਘਾ ਕਰਦਿਆਂ ਅਕਾਡਮੀ ਦੀਆਂ ਭਵਿੱਖੀ ਸਰਗਰਮੀਆਂ ਲਈ ਆਪਣੇ ਅਖ਼ਤਿਆਰੀ ਕੋਟੇ ’ਚੋ ਤਿੰਨ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸ. ਸ. ਜੌਹਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਡਾ. ਪੁਆਰ ਅਤੇ ਪ੍ਰੋ. ਤਸਨੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਇਹ ਦੋਵੇਂ ਵਿਦਵਾਨ ਭਵਿੱਖ ਵਿਚ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਵਡਮੁੱਲੀ ਸੇਵਾ ਕਰਦੇ ਰਹਿਣਗੇ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਅਕਾਡਮੀ ਦੀਆਂ ਪਿਛਲੇ ਛੇ ਮਹੀਨਿਆਂ ਦੀਆਂ ਗਤੀਵਿਧੀਆਂ ਦਾ ਵੇਰਵਾ ਪੇਸ਼ ਕਰਦਿਆਂ ਸ. ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਅਕਾਡਮੀ ਨੂੰ ਦਿੱਤੀ ਮਾਇਕ ਸਹਾਇਤਾ ਲਈ ਧੰਨਵਾਦ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਆਜੀਵਨ ਫ਼ੈਲੋਸ਼ਿਪ ਪ੍ਰਾਪਤ ਇਨ੍ਹਾਂ ਦੋ ਵੱਡੀਆਂ ਸ਼ਖ਼ਸੀਅਤਾਂ ਦੀ ਭਾਸ਼ਾ ਤੇ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰੋ. ਨਰਿੰਜਨ ਤਸਨੀਮ ਪੰਜਾਬੀ ਨਾਵਲ ਅਤੇ ਨਾਵਲ ਆਲੋਚਨਾ ਵਿਚ ਵੱਖਰੀਆਂ ਪ੍ਰਵਿਰਤੀਆਂ ਦੇ ਸੰਸਥਾਪਕ ਹਨ। ਉਨ੍ਹਾਂ ਕਿਹਾ ਪ੍ਰੋ. ਤਸਨੀਮ ਮਨੁੱਖ ਦੇ ਮਨੋ ਸੰਸਾਰ ਨੂੰ ਗਲਪੀ ਸਿਰਜਨਾ ਦੇ ਕੇਂਦਰ ਵਿਚ ਲਿਆਂਦਾ ਹੈ।
ਡਾ. ਜੋਗਿੰਦਰ ਸਿੰਘ ਪੁਆਰ ਬਾਰੇ ਬੋਲਦਿਆਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਡਾ. ਪੁਆਰ ਨੇ ਭਾਸ਼ਾ ਵਿਗਿਆਨ, ਭਾਸ਼ਾ ਅਧਿਆਪਨ ਤੇ ਭਾਸ਼ਾ ਨੀਤੀ ਬਾਰੇ ਬੁਨਿਆਦੀ ਕਾਰਜ ਕੀਤਾ ਹੈ ਜਿਸ ਦੀ ਲੰਮੇ ਸਮੇਂ ਤੱਕ ਸਾਰਥਿਕਤਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਡਾ. ਪੁਆਰ ਸਨਮਾਨ ਅਸਲ ਵਿਚ ਸਮੂਹ ਭਾਸ਼ਾ ਵਿਗਿਆਨੀਆਂ ਦਾ ਸਨਮਾਨ ਹੈ। ਡਾ. ਜੋਗਿੰਦਰ ਸਿੰਘ ਪੁਆਰ ਅਤੇ ਪ੍ਰੋ. ਨਰਿੰਜਨ ਤਸਨੀਮ ਬਾਰੇ ਸ਼ੋਭਾ ਪੱਤਰ ਕ੍ਰਮਵਾਰ ਡਾ. ਬਲਦੇਵ ਸਿੰਘ ਚੀਮਾ ਅਤੇ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਪੇਸ਼ ਕੀਤੇ। ਸਨਮਾਨ ਪੇਸ਼ ਕਰਨ ਮੌਕੇ ਸ. ਸ਼ਰਨਜੀਤ ਸਿੰਘ ਢਿੱਲੋਂ, ਡਾ. ਸ. ਸ. ਜੌਹਲ ਤੇ ਸਮੁੱਚਾ ਪ੍ਰਧਾਨਗੀ ਮੰਡਲ ਸ਼ਾਮਲ ਸੀ। ਸਨਮਾਨਤ ਸ਼ਖ਼ਸੀਅਤਾਂ ਨੂੰ ਅਕਾਡਮੀ ਵੱਲੋਂ ਸਨਮਾਨ ਵਜੋਂ ਇੱਕੀ -ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲੇ, ਪੁਸਤਕਾਂ ਦੇ ਸੈ¤ਟ ਅਤੇ ਸ਼ੋਭਾ-ਪੱਤਰ ਭੇਟ ਕੀਤੇ ਗਏ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਪੰਜਾਬ ਸਰਕਾਰ ਵੱਲੋਂ 2011-2012 ਦੇ ਬਜਟ ਦੌਰਾਨ ਅਕਾਡਮੀ ਲਈ ਦੋ ਕਰੋੜ ਰੁਪਏ ਦੀ ਵਿਵਸਥਾ ਕਰਨ ਬਾਰੇ ਸਤਿਕਾਰਯੋਗ ਮੰਤਰੀ ਜੀ ਨੂੰ ਯਾਦ ਕਰਵਾਉਂਦਿਆਂ ਅਗਲੇਰੇ ਬਜਟ ਵਿਚ ਇਸ ਦੀ ਮੁੜ ਵਿਵਸਥਾ ਕਰਨ ਦੀ ਮੰਗ ਕੀਤੀ ਕਿਉਂਕਿ ਉਹ ਰਾਸ਼ੀ ਅਜੇ ਤੱਕ ਅਕਾਡਮੀ ਨੂੰ ਪ੍ਰਾਪਤ ਨਹੀਂ ਹੋਈ। ਇਸ ਮੌਕੇ ਅਕਾਡਮੀ ਦੇ ਸਰਪ੍ਰਸਤ ਸ੍ਰੀ ਐਨ. ਐੱਸ.ਨੰਦਾ ਨੇ ਅਕਾਡਮੀ ਦੀਆਂ ਸਰਗਰਮੀਆਂ ਲਈ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਭੇਟਾ ਕੀਤਾ।
ਇਸ ਮੌਕੇ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸੀ. ਮਾਰਕੰਡਾ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਪ੍ਰ੍ਹੈਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਦਫ਼ਤਰ ਸਕੱਤਰ ਸ੍ਰੀ ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ, ਪ੍ਰੀਤਮ ਸਿੰਘ ਭਰੋਵਾਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਲਾਭ ਸਿੰਘ ਖੀਵਾ, ਡਾ. ਸ. ਨ. ਸੇਵਕ, ਡਾ. ਅਮਰਜੀਤ ਸਿੰਘ ਦੂਆ, ਐਨ. ਐਸ.ਨੰਦਾ, ਡਾ. ਫਕੀਰ ਚੰਦ ਸ਼ੁਕਲਾ, ਬਾਬਾ ਬਾਜਵਾ, ਦਵਿੰਦਰ ਦੀਦਾਰ, ਜਸਵੰਤ ਹਾਂਸ, ਕਰਮਜੀਤ ਸਿੰਘ ਔਜਲਾ, ਗੁਰਸ਼ਰਨ ਸਿੰਘ ਨਰੂਲਾ, ਇੰਜ. ਡੀ.ਐਮ.ਸਿੰਘ, ਮਨਜਿੰਦਰ ਧਨੋਆ, ਰਵੀ ਰਵਿੰਦਰ, ਇੰਦਰਜੀਤਪਾਲ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਸੁਰਿੰਦਰ ਕੌਰ, ਹਰਲੀਨ ਸੋਨਾ, ਰਘਬੀਰ ਸਿੰਘ ਭਰਤ, ਗੁਰਮੇਲ ਸਿੰਘ ਬੈਨੀਵਾਲ, ਅੰਮ੍ਰਿਤਬੀਰ ਕੌਰ, ਡਾ. ਗੁਰਦੀਪ ਕੌਰ, ਬਲਦੇਵ ਸਿੰਘ ਤੋਂ ਛੁੱਟ ਦਰਜਨਾਂ ਸਾਹਿਤਕਾਰ ਹਾਜ਼ਰ ਸਨ।