ਅੰਮ੍ਰਿਤਸਰ – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੇ ਇਕਸਾਰ ਵਿਕਾਸ ਲਈ ਸਰਹੱਦੀ ਖੇਤਰ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਵਿਕਸਤ ਕੀਤਾ ਜਾਵੇਗਾ, ਇੱਥੋਂ ਦੇ ਪਿੰਡਾਂ ਤੇ ਕਸਬਿਆਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਛੇਤੀ ਹੀ ਸਰਹੱਦੀ ਹਲਕਿਆਂ ਨੂੰ ਹੋਰ ਲੋੜੀਂਦੀ ਗਰਾਂਟ ਜਾਰੀ ਕੀਤੀ ਜਾਵੇਗੀ।
ਸ. ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਧਰਮ ਪਤਨੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅੱਜ ਸਵੇਰੇ ਮੁੱਖ ਸੰਸਦੀ ਸਕੱਤਰ ਸ. ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਸਾਬਕਾ ਸੰਸਦ ਡਾ. ਰਤਨ ਸਿੰਘ ਅਜਨਾਲਾ ਦੇ ਸਥਾਨਿਕ ਰਣਜੀਤ ਐਵਿਨਿਊ ਸਥਿਤ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਹਨਾਂ ਅਜਨਾਲਾ ਪਰਿਵਾਰ ਨਾਲ ਸਵੇਰ ਦਾ ਖਾਣਾ ਖਾਣ ਤੋਂ ਇਲਾਵਾ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਕਾਸ ਲਈ ਸਲਾਹ-ਮਸ਼ਵਰਾ ਕੀਤਾ। ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕਾਂ ਨੇ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ ਅਤੇ ਸਾਨੂੰ ਇਨ੍ਹਾਂ ਬਹਾਦਰ ਲੋਕਾਂ ’ਤੇ ਮਾਣ ਹੈ। ਅਜਨਾਲਾ ਵਿਧਾਨ ਸਭਾ ਹਲਕੇ ਦਾ ਬਹੁਤਾ ਹਿੱਸਾ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ ਸਰਹੱਦੀ ਖੇਤਰ ਹੈ ਅਤੇ ਇਸ ਇਲਾਕੇ ਦੇ ਵਿਕਾਸ ਵਲ ਬਾਦਲ ਸਰਕਾਰ ਪੂਰਾ ਧਿਆਨ ਦੇ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਅਜਨਾਲਾ ਪਰਿਵਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਨਾਲਾ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਚੜ੍ਹਦੀਕਲਾ ਲਈ ਵੱਡੀ ਦੇਣ ਹੈ, ਇਸ ਨੂੰ ਕਦੇ ਵੀ ਅਣਗੌਲਿਆ ਨਹੀਂ ਜਾ ਸਕਦਾ। ਇਸ ਮੌਕੇ ਅਜਨਾਲਾ ਪਰਿਵਾਰ ਵਲ਼ੋਂ ਸ: ਬਾਦਲ, ਬੀਬੀ ਬਾਦਲ ਅਤੇ ਸ. ਮਜੀਠੀਆ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ.ਹਰਮੀਤ ਸਿੰਘ ਸੰਧੂ, ਵਿਧਾਇਕ ਮਨਜੀਤ ਸਿੰਘ ਮੰਨਾ, ਡਾ. ਅਵਤਾਰ ਕੌਰ ਅਜਨਾਲਾ, ਡਾ. ਅਨੂੰ ਅਜਨਾਲਾ, ਬੀਬੀ ਜਸਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ ਰਮਦਾਸ, ਪ੍ਰੋ: ਸਰਚਾਂਦ ਸਿੰਘ, ਵਰਿੰਦਰ ਕੌਰ, ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰੀਕ ਸਿੰਘ ਵਿਛੋਆ ਤੇ ਕੁਲਦੀਪ ਸਿੰਘ ਤੇੜਾ, ਸ. ਜ਼ੋਰਾਵਰ ਸਿੰਘ ਪ੍ਰਧਾਨ ਨਗਰ ਕੌਂਸਲ ਅਜਨਾਲਾ, ਚੇਅਰਮੈਨ ਮਾਰਕੀਟ ਕਮੇਟੀ ਰੁਪਿੰਦਰ ਸਿੰਘ ਰੂਬੀ, ਚੇਅਰਮੈਨ ਅਸ਼ੋਕ ਮੰਨਣ, ਮੁਖਤਾਰ ਸਿੰਘ ਸੂਫੀਆਂ, ਸਰਕਲ ਪ੍ਰਧਾਨ ਸ਼ਵਿੰਦਰ ਸਿੰਘ ਛਿੰਦਾ, ਮਲਕੀਤ ਸਿੰਘ ਪੰਡੋਰੀ, ਮੈਂਬਰ ਬਲਾਕ ਸੰਮਤੀ ਗੁਰਚਰਨਜੀਤ ਸਿੰਘ, ਅਜੈਬ ਸਿੰਘ, ਜਤਿੰਦਰ ਸਿੰਘ ਬੱਬਲੂ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।