ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਜਿਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਨਕਾਰ ਕਰਨ ਦਾ ਕੜਾ ਨੋਟਿਸ ਲੈਂਦਿਆ ਮੰਗ ਕੀਤੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਸਰਕਾਰ ਹੁੰਦਿਆਂ ਵੀ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਤੁਰੰਤ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।
ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇੱਕ ਪਾਸੇ ਤਾਂ ਤਾਮਲਿਨਾਡੂ ਸਰਕਾਰ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀ ਤਾਮਿਲਾਂ ਨੂੰ ਛੁਡਾਉਣ ਲਈ ਹਰ ਪ੍ਰਕਾਰ ਦੇ ਯਤਨ ਕਰ ਰਹੀ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਕਹਿ ਕੇ ਜਿੰਮੇਵਾਰੀ ਤੋਂ ਭੱਜਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਸਕਦੇ। ਸ੍ਰ. ਸਰਨਾ ਨੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਪੰਥ ਨੂੰ ਖਤਰੇ ਦੀ ਕਾਵਾਂਰੌਲੀ ਪਾ ਕੇ ਪੰਥਕ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ਹਾਸਲ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਜੇਕਰ ਪੰਥ ਲਈ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਆਪਣੇ ਆਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਅੱਜ ਤਰ੍ਹਾਂ ਜੇਲ੍ਹਾਂ ਵਿੱਚ ਬੈਠੇ ਹਨ ਉਹਨਾਂ ਆਪਣੇ ਨਿੱਜੀ ਕਾਰਨਾਂ ਦੇ ਕਾਰਨ ਨਹੀਂ ਸਗੋਂ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਭੜਕਾਊ ਭਾਸ਼ਣਾਂ ਕਾਰਨ ਹੀ ਜੇਲਾਂ ਵਿੱਚ ਬੰਦ ਹਨ। ਉਹਨਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਜਦੋਂ ਉਹਨਾਂ ਨੇ ਦਿੱਲੀ ਦੀ ਤੱਤਕਾਲੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਨਾਲ ਗੱਲ ਕਰਕੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਕਿਸੇ ਤਰ੍ਹਾਂ ਜੇਲ੍ਹ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਦਿੱਲੀ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਦਾ ਜਵਾਬ ਦਿੰਦਿਆ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਭੁੱਲਰ ਨੂੰ ਇੱਕ ਖੂੰਖਾਰ ਅੱਤਵਾਦੀ ਤੇ ਵੱਖ ਵਾਦੀ ਦੱਸਦਿਆਂ ਕਿਹਾ ਸੀ ਕਿ ਭੁੱਲਰ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹਨਾਂ ਕਿਹਾ ਕਿ ਅੱਜ ਜਦੋਂ ਅਕਾਲੀ ਦਲ ਬਾਦਲ ਦੀ ਸੱਤਾ ਦੀ ਖੱਟੀਆ ਦੇ ਪਾਵੇ ਹਿੱਲਣ ਲੱਗੇ ਹਨ ਤਾਂ ਭੁੱਲਰ ਸਤਵਾਦੀ ਬਣ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਬਾਦਲ ਦੀ ਸੱਤਾ ਦੀ ਕੁਰਸੀ ਨੂੰ ਖਤਰਾ ਪੈਦਾ ਹੁੰਦਾ ਹੈ ਤਾਂ ਉਸ ਵੇਲੇ ਉਸ ਨੂੰ ਪੰਥ ਯਾਦ ਆ ਜਾਂਦਾ ਹੈ।
ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦਾ ਸੰਘਰਸ਼ ਵੀ ਕਾਫੀ ਲੰਮਾ ਹੋ ਗਿਆ ਹੈ ਪਰ ਬਾਦਲ ਸਰਕਾਰ ਉਹਨਾਂ ਦੀਆ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ । ਉਹਨਾਂ ਕਿਹਾ ਕਿ ਬਾਰ ਬਾਰ ਬਾਪੂ ਸ਼ੂਰਤ ਸਿੰਘ ਨੂੰ ਉਸ ਦੇ ਘਰੋਂ ਚੁੱਕ ਕੇ ਹਸਪਤਾਲ ਵਿੱਚ ਲਿਜਾ ਕੇ ਬੇਹੋਸ਼ ਕਰਕੇ ਗਲੂਕੋਜ਼ ਦਿੱਤਾ ਜਾਂਦਾ ਹੈ ਤਾਂ ਕਿ ਉਸ ਨੂੰ ਹੋਰ ਸਮਾਂ ਜਿੰਦਾ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਨਾਕਾਮੀ ਨਹੀਂ ਸਗੋਂ ਮੱਕਾਰੀ ਹੈ ਕਿਉਕਿ ਕੇਂਦਰ ਵਿੱਚ ਬਾਦਲ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾਅ ਨਹੀਂ ਹੋ ਰਹੇ। ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਸਰਕਾਰ ਵੱਲੋਂ ਤਸੀਹੇ ਦਿੱਤੇ ਜਾ ਰਹੇ ਹਨ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਤੇ ਜਿਸ ਤਰੀਕੇ ਨਾਲ ਇਤਿਹਾਸ ਦੇ ਪੰਨਿਆ ਸਿੱਖ ਵਿਰੋਧੀ ਨਾਦਰਸ਼ਾਹ ਦੀ ਨਾਦਰਸ਼ਾਹੀ ਨੂੰ ਯਾਦ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਇਤਿਹਾਸ ਦੇ ਪੰਨਿਆ ਤੋਂ ਬਾਦਲ ਦੇ ਬਾਦਲਸ਼ਾਹੀ ਦੇ ਪੰਥ ਵਿਰੋਧੀ ਹੋਣ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਨਾਦਰਸ਼ਾਹੀ ਤੇ ਬਾਦਲਸ਼ਾਹੀ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ ਕਿਉਕਿ ਅੱਜ ਰੁਜਗਾਰ ਮੰਗਦੀਆਂ ਧੀਆਂ ਤੇ ਉਸੇ ਤਰ੍ਹਾਂ ਹੀ ਬਾਦਲ ਮਾਰਕਾ ਪੁਲੀਸ ਤਸ਼ੱਦਦ ਕਰ ਰਹੀ ਹੈ ਜਿਸ ਤਰ੍ਵਾਂ ਨਾਦਰਸ਼ਾਹੀ ਦੇ ਜ਼ਮਾਨੇ ਵਿੱਚ ਕੀਤਾ ਜਾਂਦੀ ਸੀ । ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਦੇ ਹਮਾਇਤੀਆਂ ਨੂੰ ਵੀ ਬਾਦਲ ਵੱਲੋਂ ਜੇਲਾਂ ਵਿੱਚ ਡੱਕਣਾ ਤੇ ਉਸ ਦੀ ਮਜ਼ਾਜਪੁਰਸ਼ੀ ਲਈ ਉਸ ਦੇ ਪਿੰਡ ਜਾਣ ਤੋਂ ਸੰਗਤਾਂ ਨੂੰ ਬੈਰੀਅਰ ਲਗਾ ਕੇ ਰੋਕਣਾ ਸਾਬਤ ਕਰਦਾ ਹੈ ਕਿ ਬਾਦਲ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਤੇ ਉਹਨਾਂ ਨੂੰ ਕਿਸੇ ਮਨੋਵਿਗਿਆਨੀ ਚਕਿਤਸਾ ਵਿੱਚ ਲਿਜਾ ਕੇ ਇਲਾਜ ਕਰਾਉਣ ਦੀ ਸਖਤ ਲੋੜ ਹੈ।