ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਖੋਜ ਵਿੱਚ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲਾਉਣਲਈ ਬੈਲਜੀਅਮ ਦੀ ਕਿੰਗਡਮ ਅੰਬੈਸੀ ਤੋਂ ਦੋ ਮੈਂਬਰੀ ਵਫ਼ਦ ਨੇ ਦੌਰਾ ਕੀਤਾ। ਇਸ ਵਫ਼ਦ ਵਿੱਚ ਮਾਣਯੋਗ ਸ਼੍ਰੀ ਜਨ ਲੂਇਕਸ, ਬੈਲਜੀਅਮ ਦੀ ਕਿੰਗਡਮ ਦੇ ਰਾਜਦੂਤ ਅਤੇ ਸ਼੍ਰੀ ਐਂਟੋਨੀ ਡਿਲਕੋਰਡ, ਕੌਸਲਰ, ਆਰਥਿਕ ਮਾਮਲੇ ਅੰਬੈਸੀ ਆਫ਼ ਦਿ ਕਿੰਗਡਮ ਆਫ ਬੈਲਜੀਅਮ ਸ਼ਾਮਲ ਸਨ, ਜਿਨ੍ਹਾਂ ਨੇ ਡਾ: ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ, ਡੀਨਜ਼, ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਅਤੇ ਹੋਰ ਸੀਨੀਅਰ ਅਫਸਰਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਪੀ ਏ ਯੂ ਵਿੱਚ ਚੱਲ ਰਹੇ ਖੇਤੀ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ ਫ਼ਸਲਾਂ ਦੀਆਂ 757 ਕਿਸਮਾਂ ਅਤੇ ਹਾਈਬ੍ਰਿਡਜ ਵਿਕਸਤ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 145 ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖੇਤੀ ਦੇ ਰੱਖ ਰਖਾਅ ਵਿੱਚ ਅਤੇ ਜ਼ੀਰੋ ਟਿੱਲੇਜ਼, ਪੱਤਾ ਰੰਗ ਚਾਰਟ, ਟੈਂਸ਼ੀਓਮੀਟਰ, ਹੈਪੀ ਸੀਡਰ ਅਤੇ ਲੇਜ਼ਰ ਭੂਮੀ ਕਰਾਹੇ ਵਰਗੀਆਂ ਤਕਨਾਲੋਜੀਆਂ ਵਿਕਸਿਤ ਕਰਨ ਵਿੱਚ ਪੀ ਏ ਯੂ ਦੇਸ਼ ਭਰ ਵਿੱਚ ਸਭ ਤੋਂ ਮੋਹਰੀ ਹੈ। ਉਨ੍ਹਾਂ ਦੱਸਿਆ ਕਿ ਤੁਪਕਾ ਸਿੰਚਾਈ ਤਕਨੀਕਾਂ, ਝਾੜ ਵਧਾਉਣ ਲਈ ਜੈਵਿਕ ਖਾਦਾਂ, ਸੰਯੁਕਤ ਕੀਟ ਪ੍ਰਬੰਧਨ, ਸੁਰੱਖਿਅਕ ਕਾਸ਼ਤਕਾਰੀ, ਫਾਰਮ ਮੈਕਾਨਾਈਜੇਸ਼ਨ, ਐਗਰੋ ਪ੍ਰੋਸੈਸਿੰਗ ਤਕਨਾਲੋਜੀਆਂ ਕਿਸਾਨ ਮੇਲੇ ਲਾਉਣ ਅਤੇ ਬੀਜ ਉਤਪਾਦਨ ਆਦਿ ਵਿੱਚ ਪੀ ਏ ਯੂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਲ ਹੈ। ਉਨ੍ਹਾਂ ਕਿਹਾ ਕਿ ਖੇਤੀ ਖੋਜ ਨੂੰ ਹੋਰ ਹੁਲਾਰਾ ਦੇਣ ਲਈ ਦੁਵੱਲੇ ਸਹਿਯੋਗ ਲਈ ਪੀ ਏ ਯੂ ਹਮੇਸ਼ਾਂ ਤਿਆਰ ਹੈ ਅਤੇ ਵਿਗਿਆਨੀਆਂ ਦਾ ਅਦਾਨ-ਪ੍ਰਦਾਨ ਅੱਜ ਸਮੇਂ ਦੀ ਲੋੜ ਵੀ ਹੈ।
ਇਸ ਮੌਕੇ ਸ਼੍ਰੀ ਜਨ ਲੂਇਕਸ ਨੇ ਹਰੀ ਕ੍ਰਾਂਤੀ ਲਿਆਉਣ ਵਿੱਚ ਪੀ ਏ ਯੂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਦੌਰੇ ਦਾ ਮੁੱਖ ਮੰਤਵ ਫੂਡ ਪ੍ਰੋਸੈਸਿੰਗ ਅਤੇ ਚੁਕੰਦਰ ਉੱਤੇ ਖੋਜ ਦੀਆਂ ਸੰਭਾਵਨਾਵਾਂ ਨੂੰ ਦੇਖਣਾ ਹੈ। ਉਨ੍ਹਾਂ ਨੇ ਇਸ ਮੌਕੇ ਪੀ ਏ ਯੂ ਦੇ ਅਕਾਦਮਿਕ ਅਤੇ ਪਸਾਰ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਡਾ: ਚੰਦਰ ਮੋਹਨ, ਅਪਰ ਨਿਰਦੇਸ਼ਕ ਸੰਚਾਰ ਨੇ ਵਫ਼ਦ ਨੂੰ ਜੀ ਆਇਆਂ ਕਿਹਾ ਅਤੇ ਡਾ: ਰਾਜਿੰਦਰ ਸਿਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਧੰਨਵਾਦ ਕੀਤਾ। ਇਸ ਮੌਕੇ ਡਾ: ਢਿੱਲੋਂ ਨੇ ਵਫ਼ਦ ਨੂੰ ਪੀ ਏ ਯੂ ਪ੍ਰਕਾਸ਼ਨਾਵਾਂ ਦਾ ਸੈੱਟ ਵੀ ਭੇਂਟ ਕੀਤਾ।