ਮੁੰਬਈ – ਮਹਾਂਰਾਸ਼ਟਰ ਨਿਰਮਾਣ ਸੈਨਾ ਦੇ ਮੁੱਖੀ ਰਾਜ ਠਾਕੁਰੇ ਨੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਨਨ ਨੂੰ ਫਾਂਸੀ ਦੇਣ ਦੇ ਮਾਮਲੇ ਵਿੱਚ ਬੀਜੇਪੀ ਤੇ ਤਿੱਖੇ ਵਾਰ ਕੀਤੇ ਹਨ। ਠਾਕੁਰੇ ਨੇ ਆਰੋਪ ਲਗਾਇਆ ਹੈ ਕਿ ਮੇਮਨ ਦੀ ਫਾਂਸੀ ਦੇ ਬਹਾਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਜਿਹੜੇ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਉਨ੍ਹਾਂ ਦੀ ਮਣਸ਼ਾ ਸੀ ਕਿ ਦੇਸ਼ ਵਿੱਚ ਦੰਗੇ ਹੋ ਜਾਣ। ਯਾਕੂਬ ਮੇਨਨ ਦੀ ਫਾਂਸੀ ਨੂੰ ਕੇਂਦਰ ਅਤੇ ਰਾਜ ਸਰਕਾਰ ਨੇ ਡਰਾਮਾ ਬਣਾਇਆ ਹੋਇਆ ਸੀ।
ਠਾਕੁਰੇ ਨੇ ਠਾਣੇ ਜਿਲ੍ਹੇ ਵਿੱਚ ਆਪਣੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯਾਕੂਬ ਦੀ ਫਾਂਸੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨੂੰ ਵੇਖਿਆ ਜਾਵੇ ਤਾਂ ਮੈਨੂੰ ਅਜਿਹਾ ਲਗਦਾ ਹੈ ਕਿ ਦੋਵੇਂ ਸਰਕਾਰਾਂ ਚਾਹੁੰਦੀਆਂ ਸਨ ਕਿ ਦੇਸ਼ ਵਿੱਚ ਦੰਗੇ ਹੋ ਜਾਣ। ਉਨ੍ਹਾਂ ਨੇ ਕਿਹਾ ਕਿ ਵੋਟਾਂ ਖਾਤਿਰ ਬੀਜੇਪੀ ਦੀਆਂ ਸਰਕਾਰਾਂ ਧਾਰਮਿਕ ਧਰੁਵੀਕਰਣ ਕਰਨ ਵਿੱਚ ਲਗੀ ਹੋਈ ਹੈ ਅਤੇ ਔਵੈਸੀ ਭਰਾਵਾਂ ਦੇ ਨਾਲ ਮਿਲ ਕੇ ਦੇਸ਼ ਵਿੱਚ ਦੰਗੇ ਭੜਕਾਉਣ ਦਾ ਕੰਮ ਕਰ ਰਹੀਆਂ ਹਨ।
ਠਾਕੁਰੇ ਨੇ ਕਿਹਾ ਕਿ ਦੋਵਾਂ ਹੀ ਸਰਕਾਰਾਂ ਨੇ ਔਵੈਸੀ ਭਰਾਵਾਂ ਨੂੰ ਭੜਕਾਊ ਭਾਸ਼ਣ ਦੇਣ ਦੀ ਇਜਾਜ਼ਤ ਦਿੱਤੀ ਹੋਈ ਹੈ ਤਾਂ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਇਸ ਤਰ੍ਹਾਂ ਨਾਲ ਉਹ ਵੋਟਾਂ ਦਾ ਧਰੁਵੀਕਰਣ ਕਰਵਾ ਸਕਣ। ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ਼ 92ਵੇਂ ਕੇਸ ਦਰਜ਼ ਹਨ ਜਦੋਂ ਕਿ ਔਵੈਸੀ ਭਰਾਵਾਂ ਦੇ ਖਿਲਾਫ਼ ਕੋਈ ਵੀ ਕੇਸ ਦਰਜ਼ ਨਹੀਂ ਹੈ।