ਅੰਮ੍ਰਿਤਸਰ – ਜ਼ਿਲ੍ਹੇ ਦੇ ਪਿੰਡ ਮਜਵਿੰਡ-ਗੋਪਾਲਪੁਰਾ ਦੇ ਵਾਸੀਆਂ ਦੁਆਰਾ ਆਪਣੇ ਆਪ ਨੂੰ ਮਹੰਤ ਦੱਸਦੇ ਸਿਮਰਨ ਦੇਵਾ ਨਾਮਕ ਇੱਕ ਵਿਅਕਤੀ ਵੱਲੋਂ ਆਪਣੇ ‘ਚ ਕਥਿਤ ਗ਼ੈਬੀ ਅਤੇ ਦੈਵੀ ਸ਼ਕਤੀ ਹੋਣ ਦਾ ਦਾਅਵਾ ਕਰਕੇ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਅੰਧਵਿਸ਼ਵਾਸ਼ ਫੈਲਾਏ ਜਾਣ ਦਾ ਸਖ਼ਤ ਵਿਰੋਧ ਕੀਤੇ ਜਾਣ ਤੋਂ ਇਲਾਵਾ ਪਿੰਡ ਦੀ ਤਰਕਸ਼ੀਲ ਸੁਸਾਇਟੀ ਦੀ ਇਕਾਈ ਨੇ ਉਸ ਮਹੰਤ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਤਰਕਸ਼ੀਲ ਆਗੂਆਂ ਮੁਖ਼ਤਾਰ ਸਿੰਘ ਅਤੇ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਬਾਬਾ ਬਕਾਲਾ ਸਾਹਿਬ ਨਿਵਾਸੀ ਸਿਮਰਨ ਦੇਵਾ ਨਾਮਕ ਵਿਅਕਤੀ ਪਿੰਡ ਦੇ ਇੱਕ ਘਰ ‘ਚ ਡੇਰਾ ਜਮਾਅ ਕੇ ਸਧਾਰਨ ਲੋਕਾਂ ਨੂੰ ਸ਼ੈਤਾਨ, ਭੈਰੋਂ, ਮਾਤਾ, ਚੰਡੀ ਅਤੇ ਕਈ ਕਲਪਿਤ ਦੈਵੀ ਸ਼ਕਤੀਆਂ ਦੇ ਡਰਾਵੇ ਦੇ ਕੇ ਅੰਧਵਿਸ਼ਵਾਸ਼ ਦਾ ਦੌਰ ਚਲਾ ਰਿਹਾ ਸੀ, ਜਿਸ ਦਾ ਪਿੰਡ ਵੱਲੋਂ ਭਰਵਾਂ ਵਿਰੋਧ ਹੋ ਰਿਹਾ ਸੀ। ਬੀਤੇ ਇੱਕ ਹਫ਼ਤੇ ਤੋਂ ਪਿੰਡ ‘ਚ ਮੀਟਿੰਗਾਂ ਤੇ ਅਜਲਾਸਾਂ ਉਪਰੰਤ ਇੱਕ ਸਾਂਝੀ ਕਮੇਟੀ ਨੇ ਅੱਜ ਉਸ ਦੇਵਾ ਦੇ ਪੈਰੋਕਾਰਾਂ ਨੂੰ ਬੁਲਾਇਆ ਜਿੱਥੇ ਉਹ ਪੈਰੋਕਾਰ ਸਿਮਰਨ ਦੇਵਾ ਦੀ ਕਥਿਤ ਦੈਵੀ ਸ਼ਕਤੀ ਦੀ ਖੁੱਲ੍ਹੀ ਜਨਤਕ ਪਰਖ਼ ਵਾਸਤੇ ਤਿਆਰ ਹੋ ਗਏ। ਇਸ ਉਪਰੰਤ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮਾਮਲਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਨੂੰ ਸੌਂਪ ਦਿੱਤਾ ਗਿਆ। ਤਰਕਸ਼ੀਲ ਸੁਸਾਇਟੀ ਨੇ ਪਿੰਡ ‘ਚ ਅੰਧਵਿਸ਼ਵਾਸ਼, ਵਹਿਮਾਂ-ਭਰਮਾਂ ਅਤੇ ਆਰਥਿਕ-ਮਾਨਸਿਕ ਲੁੱਟ ਦਾ ਇਹ ਕੇਂਦਰ ਕਿਸੇ ਵੀ ਕੀਮਤ ‘ਤੇ ਨਾ ਖੋਹਲਣ ਦੇਣ ਦਾ ਅਹਿਦ ਕਰਦਿਆਂ ਐਲਾਨ ਕੀਤਾ ਕਿ ਉਕਤ ਮਹੰਤ ਸਿਮਰਨ ਦੇਵਾ ਦੀ ਸ਼ਕਤੀ ਪਰਖ਼ਣ ਲਈ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ ਅਤੇ ਵਿਸ਼ਾਲ ਜਨਤਕ ਕਚਹਿਰੀ ‘ਚ ਗ਼ੈਬੀ ਤਾਕਤਾਂ ਦੀ ਪਰਖ਼ ਵਾਸਤੇ ਸਿਮਰਨ ਦੇਵਾ ਨੂੰ ਚੁਣੌਤੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਇਸ ਕਾਰਜ ਦੌਰਾਨ ਪੁਲਿਸ, ਪ੍ਰਸ਼ਾਸ਼ਨ ਅਤੇ ਮੀਡੀਆ ਦਾ ਪੂਰਨ ਸਹਿਯੋਗ ਲਿਆ ਜਾਵੇਗਾ। ਮੀਟਿੰਗ ਵਿੱਚ ਦੋਹਵਾਂ ਪਿੰਡਾਂ ਦੀਆਂ ਪੰਚਾਇਤਾਂ, ਤਰਕਸ਼ੀਲ ਆਗੂ ਅਤੇ ਮੋਹਤਬਰ ਮੌਜੂਦ ਸਨ।