ਪਟਨਾ – ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਵੱਲੋਂ ਬਿਹਾਰ ਨੂੰ ਦਿੱਤੇ ਗਏ ਸਵਾ ਲੱਖ ਕਰੋੜ ਰੁਪੈ ਦੇ ਵਿਸ਼ੇਸ਼ ਆਰਥਿਕ ਪੈਕੇਜ ਦੀ ਘੋਸ਼ਣਾ ਨੂੰ ਝੂਠ ਦਾ ਪੁਲੰਦਾ ਅਤੇ ਚੋਣ ਬੰਬ ਕਰਾਰ ਦਿੱਤਾ ਹੈ।
ਲਾਲੂ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਕਾਲਾ ਧੰਨ ਵਾਪਿਸ ਲਿਆਉਣ ਅਤੇ ਹਰ ਵਿਅਕਤੀ ਨੂੰ 15 ਤੋਂ 20 ਲੱਖ ਰੁਪੈ ਦੇਣ ਦਾ ਝੂਠਾ ਵਾਅਦਾ ਕੀਤਾ ਸੀ,ਉਸ ਤਰ੍ਹਾਂ ਹੀ ਵਿਸ਼ੇਸ਼ ਪੈਕੇਜ ਦੀ ਘੋਸ਼ਣਾ ਵੀ ਝੂਠ ਦਾ ਪੁਲੰਦਾ ਹੀ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਦਾ ਚੋਣ ਬੰਬ ਹੈ ਅਤੇ ਉਹ ਬਿਹਾਰ ਵਿੱਚ ਝੂਠ ਬੋਲ ਕੇ ਚਲੇ ਗਏ ਹਨ। ਬਜਟ ਵਿੱਚ ਇਸ ਸਬੰਧੀ ਕੋਈ ਜਿਕਰ ਨਹੀਂ ਹੈ। ਬਿਨਾਂ ਬੱਜਟ ਵਿੱਚ ਇਸ ਨੂੰ ਸ਼ਾਮਿਲ ਕੀਤੇ ਬਿਨਾਂ ਬਿਹਾਰ ਨੂੰ ਕੋਈ ਵੀ ਰਾਸ਼ੀ ਕਿਵੇਂ ਮਿਲ ਸਕਦੀ ਹੈ। ਜਦੋਂ ਤੱਕ ਫਰਵਰੀ ਵਿੱਚ ਬਜਟ ਪੇਸ਼ ਹੋਵੇਗਾ ਤਦ ਤੱਕ ਬਿਹਾਰ ਵਿੱਚ ਵਿਧਾਨਸਭਾ ਚੋਣਾਂ ਸੰਪੂਰਨ ਹੋ ਜਾਣਗੀਆਂ ਅਤੇ ਫਿਰ ਲੋਕਾਂ ਨੂੰ ਕੁਝ ਵੀ ਨਹੀਂ ਮਿਲੇਗਾ। ਉਨ੍ਹਾਂ ਅਨੁਸਾਰ ਵਿਸ਼ੇਸ਼ ਪੈਕੇਜ ਵਿੱਚ ਪੁਰਾਣੀਆਂ ਯੋਜਨਾਵਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਜਿਸ ਤੋਂ ਰਾਜ ਦੇ ਲੋਕ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਲਾਲੂ ਯਾਦਵ ਨੇ ਇਹ ਵੀ ਕਿਹਾ ਕਿ ਜਦੋਂ ਖਜ਼ਾਨਾ ਹੀ ਖਾਲੀ ਹੈ ਤਾਂ ਸਰਕਾਰ ਪੈਸਾ ਕਿਥੋਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਚਾਣਕਿਆ ਨੇ ਕਿਹਾ ਸੀ ਕਿ ਜਦੋਂ ਦੇਸ਼ ਦਾ ਸ਼ਾਸਕ ਵਪਾਰੀ ਹੋ ਜਾਵੇਗਾ ਤਾਂ ਜਨਤਾ ਭਿਖਾਰੀ ਹੋ ਜਾਵੇਗੀ। ਸੋ ਅੱਜ ਵੀ ਅਦਾਨੀ ਅਤੇ ਅੰਬਾਨੀ ਵਰਗੇ ਉਦਯੋਗਪਤੀ ਹੀ ਪਰਦੇ ਦੇ ਪਿੱਛੇ ਸ਼ਾਸਨ ਚਲਾ ਰਹੇ ਹਨ।