ਫਤਿਹਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲਾਂ ਜੋ ਬਾਦਲ ਦਲੀਆਂ ਦੇ ਆਗੂਆਂ ਦੀਆਂ ਬਠਿੰਡਾ ਵਿਖੇ ਫੜੀਆਂ ਗਈਆਂ ਗੱਡੀਆਂ ਵਿੱਚੋਂ ਭਾਰੀ ਆਟੋਮੈਟਿਕ ਹਥਿਆਰ ਅਤੇ ਵਿਸਫੋਟਕ ਸਮੱਗਰੀ ਪੁਲਿਸ ਵੱਲੋਂ ਬਰਾਮਦ ਹੋਈ ਹੈ, ਅਜਿਹੇ ਅਮਲ ਹਿਟਲਰ ਦੀ ਤਰ੍ਹਾਂ ਜਿਵੇਂ ਉਸਦੀ ਮੀਟਿੰਗ ਵਿਚ ਬੰਬ ਰੱਖ ਕੇ ਉਸਨੂੰ ਮਾਰ ਦਿੱਤਾ ਗਿਆ ਸੀ, ਇਹ ਉਪਰੋਕਤ ਬਾਦਲ ਦਲ ਵਿਚ ਮੁਜਰਿਮ ਅਤੇ ਸਮਗਲਰ ਸੋਚ ਵਾਲੇ ਸ਼ਾਮਿਲ ਹੋਇਆ ਅਨਸਰ ਸ. ਬਾਦਲ ਅਤੇ ਉਹਨਾਂ ਦੇ ਪਰਿਵਾਰ ਲਈ ਕਿਸੇ ਸਮੇਂ ਵੱਡੇ ਖਤਰੇ ਦਾ ਕਾਰਨ ਬਣ ਸਕਦਾ ਹੈ। ਇਹ ਹੋਰ ਵੀ ਦੁਖਦਾਇਕ ਵਰਤਾਰਾ ਹੋਇਆ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਸਮੇਂ ਹੁਸਿ਼ਆਰਪੁਰ ਵਿਚ ਉਹਨਾਂ ਦੇ ਬੰਦਿਆਂ ਕੋਲੋਂ ਆਟੋਮੈਟਿਕ ਹਥਿਆਰ ਅਤੇ ਵੱਡੀ ਵਿਸਫੋਟਕ ਸਮੱਗਰੀ ਫੜੀ ਗਈ ਸੀ ਅਤੇ ਉਸ ਸਮੇਂ ਵੱਡੇ ਮਗਰਮੱਛਾਂ ਨੂੰ ਛੱਡ ਦਿੱਤਾ ਗਿਆ ਸੀ ਅਤੇ ਛੋਟੇ ਛੋਟੇ ਸਿਆਸੀ ਬੰਦਿਆਂ ਉਤੇ ਕੇਸ ਪਾ ਕੇ ਖਾਨਾਪੂਰਤੀ ਕਰ ਦਿੱਤੀ ਗਈ ਸ। ਉਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਵੱਡੇ ਪਾਲੇ ਹੋਏ ਮੁਜਰਿਮਾਂ ਨੂੰ ਕਾਨੂੰਨ ਦੀ ਨਜ਼ਰ ਤੋਂ ਪਰ੍ਹਾਂ ਕਰ ਦਿੱਤਾ ਹੈ ਅਤੇ ਆਮ ਲੋਕਾਂ ‘ਤੇ ਬਠਿੰਡੇ ਹਥਿਆਰ ਕਾਂਡ ਦੇ ਕੇਸ ਪਾ ਕੇ ਸਾਰੀ ਗੱਲ ‘ਤੁ ਪਰਦਾ ਪਾ ਦਿੱਤਾ ਹੈ। ਜਿਸ ਦੇ ਨਤੀਜੇ ਇਹਨਾਂ ਲਈ ਵੀ ਆਉਣ ਵਾਲੇ ਸਮੇਂ ਵਿਚ ਵੱਡੇ ਖਤਰਨਾਕ ਹੋ ਸਕਦੇ ਹਨ। ਕਿਉਂਕਿ ਬਨਾਵਟੀ ਤੌਰ ਤੇ ਦਹਿਸ਼ਤਗਰਦੀ ਪੈਦਾ ਕਰਨਾ ਅਤੇ ਵੱਡੇ ਮਗਰਮੱਛਾਂ ਅਤੇ ਮੁਜਰਿਮਾਂ ਨੂੰ ਬਚਾਉਣਾ ਦੋਵੇਂ ਅਤਿ ਸੰਜੀਦਗੀ ਵਾਲੇ ਮੁੱਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਝ ਦਿਨ ਪਹਿਲਾਂ ਬਾਦਲ ਦਲ ਦੇ ਆਗੂਆਂ ਦੀਆਂ ਗੱਡੀਆਂ ਵਿੱਚੋਂ ਨਾਜਾਇਜ਼ ਫੜੇ ਜਾਣ ਵਾਲੇ ਹਥਿਆਰ ਅਤੇ ਵਿਫੋਟਕ ਸਮੱਗਰੀ ਦੀ ਵੱਡੀ ਵਾਰਦਾਤ ਨੂੰ ਬਾਦਲ ਹਕੂਮਤ ਅਤੇ ਉਸਦੀ ਪੁਲਿਸ ਵੱਲੋਂ ਅਣਗੌਲਿਆਂ ਕਰਨ ਦੇ ਹੋ ਰਹੇ ਅਮਲਾਂ ਉਤੇ ਡੂੰਘੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਹੁਕਮਰਾਨ ਖੁਦ ਹੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਨਸਰ ਨੂੰ ਸਰਪ੍ਰਸਤੀ ਦੇਣ ਲੱਗ ਪੈਣ ਅਤੇ ਉਹਨਾਂ ਨੂੰ ਕਾਨੂੰਨ ਦੀ ਨਜ਼ਰ ਤੋਂ ਬਚਾਉਣ ਦੇ ਅਮਲ ਖੁਦ ਹੀ ਸਰਕਾਰ ਕਰਨ ਲੱਗ ਪਵੇ ਤਾਂ ਇਹ ਸਭ ਤੋਂ ਮਾੜੇ ਨਿਜਾਮ ਅਤੇ ਆਊਣ ਵਾਲੇ ਅਤਿ ਗੰਭੀਰ ਸਮੇਂ ਦੀ ਕਸੌਟੀ ਹੁੰਦੀ ਹੈ। ਇਸ ਲਈ ਪੰਜਾਬ ਦੇ ਬਸਿੰਦਿਆਂ ਨੂੰ ਚਾਹੀਦਾ ਹੈ ਕਿ ਉਹ “ਚੋਰ ਅਤੇ ਕੁੱਤੀ” ਦੇ ਰਲ ਜਾਣ ਦੇ ਅਮਲਾਂ ਤੋਂ ਸੁਚੇਤ ਹੁੰਦੇ ਹੋਏ ਅਤੇ ਜੋ ਬਾਦਲ ਹਕੂਮਤ ਵੱਲੋਂ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪੰਜਾਬ ਵਿਚ ਦਹਿਸ਼ਤ ਉਤਪੰਨ ਕਰਕੇ, ਸਿੱਖਾਂ ਉਤੇ ਜਬਰ ਜੁਲਮ ਕਰਨ ਦੇ ਮਨਸੂਬੇ ਬਣਾ ਕੇ ਅਤੇ ਹਿੰਦੂ ਕੌਮ ਨੂੰ ਇਹ ਝੂਠਾ ਅਹਿਸਾਸ ਕਰਵਾ ਕੇ ਕਿ ਉਹਨਾਂ ਦੀ ਰਾਖੀ ਕੇਵਲ ਬਾਦਲ ਹਕੂਮਤ ਹੀ ਕਰ ਸਕਦੀ ਹੈ, ਰਚੀ ਜਾ ਰਹੀ ਇਸ ਸਾਜਿਸ਼ ਨੂੰ ਪੰਜਾਬ ਦੇ ਸਮੁੱਚੇ ਨਿਵਾਸੀਆਂ ਨੂੰ ਚੰਂਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਉਹਨਾਂ ਸ. ਬਾਦਲ ਦੇ ਅਜਿਹੇ ਹੱਥਕੰਡਿਆਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਦੋਂ ਸ. ਬਾਦਲ ਅਤੇ ਊਹਨਾਂ ਦੇ ਸਾਥੀਆਂ ਨੇ ਪੰਜਾਬ ਦੀਆਂ ਚੋਣਾਂ ਦਾ ਬਾਈਕਾਟ ਕਰਵਾਉਣਾ ਸੀ ਤਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਮੁੱਖੀਆਂ ਦੀ ਅੰਮ੍ਰਿਤਸਰ ਦੇ ਸਰਕਟ ਹਾਉਸ ਦੇਕਮਰਾ ਨੰਬਰ 4 ਵਿਚ ਮੀਟਿੰਗ ਹੋਈ ਸੀ ਤਾਂ ਸ. ਬਾਦਲ ਨੇ ਉਸ ਮੀਟਿੰਗ ਵਿਚ ਇਹ ਗੱਲ ਕੀਤੀ ਸੀ ਕਿ ਹਿੰਦੂਆਂ ਦੇ ਗੜ੍ਹ ਵਿਚ ਚੋਣਾ ਦਾ ਬਾਈਕਾਟ ਕਰਵਾਉਣ ਲਈ ਸਾਨੂੰ ਕੁਝ ਕਰਨਾ ਪੈਣਾ ਹੈ। ਉਸ ਸਮੇਂ ਦੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਨੇ ਸ. ਬਾਦਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਸੀ ਕਿ ਇਹ ਕੰਮ ਸਾਡੇ ਛੱਡ ਦੇਵੋ, ਅਸੀਂ ਇਸ ਨੂੰ ਪੂਰਨ ਕਰ ਦੇਵਾਂਗੇ। ਇਸ ਲਈ ਹੁਣ ਵੀ ਜੋ ਦੀਨਾਨਗਰ, ਬਠਿੰਡਾ ਕਾਂਡ ਅਤੇ ਹੋਰ ਵਾਰਦਾਤਾਂ ਪੰਜਾਬ ਵਿਚ ਹੋ ਰਹੀਆਂ ਹਨ, ਉਹ ਕੇਵਲ ਦਹਿਸ਼ਤਗਰਦੀ ਦਾ ਡਰਾਵਾ ਦੇ ਕੇ ਕੇਵਲ ਹਿੰਦੂ ਕੌਮ ਨੂੰ ਆਪਣੇ ਮਗਰ ਲਗਾਉਣ ਲਈ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਹਿੰਦੂਆਂ ਨੂੰ ਇਹ ਅਹਿਸਾਸ ਕਰਵਾੲਆਿ ਜਾ ਸਕੇ ਕਿ ਵਧਦੀ ਦਹਿਸ਼ਤਗਰਦੀ ਤੋਂ ਕੇਵਲ ਸ. ਬਾਦਲ ਹੀ ਉਹਨਾਂ ਦੀ ਰੱਖਿਆ ਕਰ ਸਕਦੇ ਹਨ। ਇਸ ਪਿੱਛੇ ਕੇਵਲ ਅਤੇ ਕੇਵਲ 2017 ਦੀਆਂ ਅਸੈਂਬਲੀ ਚੋਣਾਂ ਜਿੱਤਣ ਦਾ ਮਕਸਦ ਹੈ। ਪੰਜਾਬ ਵਿਚ ਕੀ ਹਨੇਰਗਰਦੀ ਹੋ ਰਹੀ ਹੈ ਜਾਂ ਸਾਜਿਸ਼ੀ ਢੰਗਾਂ ਨਾਲ ਪੰਜਾਬੀਆਂ ਅਤੇ ਸਿੱਖਾਂ ਨੂੰ ਜੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸਦਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਵਿਾਰ ਨੂੰ ਕੋਈ ਸਰੋਕਾਰ ਨਹੀਂ। ਪੰਜਾਬ ਦੇ ਬਸਿੰਦਿਆਂ ਨੂੰ ਹਕੂਮਤਾਂ ਅਤੇ ਖੂਫੀਆ ਏਜੰਸੀਆਂ ਦੀਆਂ ਅਜਿਹੀਆਂ ਸਾਜਿਸ਼ਾਂ ਨੂੰ ਸਮਝਦੇ ਹੋਏ ਸੁਚੇਤ ਵੀ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਵਿਚ ਅਜਿਹੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਹਕੂਮਤਾਂ ਅਤੇ ਖੂਫੀਆ ਏਜੰਸੀਆਂ ਪੰਜਾਬ ਵਿਚ ਦਹਿਸ਼ਤ ਦਾ ਮਹੌਲ ਪੈਦਾ ਨਾ ਕਰ ਸਕਣ ਅਤੇ ਇਥੋਂ ਦੇ ਨਿਵਾਸੀਆਂ ਨੂੰ ਗੁਮਰਾਹ ਕਰਕੇ 2017 ਦੀਆਂ ਅਸੈਂਬਲੀ ਚੋਣਾਂ ਨੂੰ ਆਪਣੇ ਪੱਖ ਵਿਚ ਨਾ ਕਰ ਸਕਣ। ਅਜਿਹੀ ਜਿੰਮੇਵਾਰੀ ਨਿਭਾਅ ਕੇ ਹੀ ਪੰਜਾਬ ਦੇ ਨਿਵਾਸੀ ਜਿਥੇ ਇਥੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖ ਸਕਣਗੇ, ਉਥੇ ਅਣਮਨੁੱਖੀ ਅਮਲਾਂ ਉਤੇ ਰੋਕ ਲਗਾਉਣ ਵਿਚ ਵੀ ਸਫ਼ਲ ਹੋ ਸਕਣਗੇ।