ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਵਲੋਂ ਭਾਈ ਸਤਵਿੰਦਰ ਸਿੰਘ ਭੋਲਾ ਦੇ ਕਤਲ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਆਈ ਰਿਪੋਰਟ ਅਨੁਸਾਰ ਇਹ ਲੁੱਟਖੋਹ ਦਾ ਕੇਸ ਨਹੀਂ ਹੈ। ਸਤਵਿੰਦਰ ਸਿੰਘ ਭੋਲਾ ਭਾਈਚਾਰੇ ਵਿੱਚ ਸਤਿਕਾਰਿਤ ਸਖਸ਼ੀਅਤ ਸਨ, ਭਾਵ ਕਿ ਇਹ ਨਿੱਜੀ ਰੰਜਿਸ਼ ਦਾ ਕਸੇ ਵੀ ਨਹੀਂ ਹੋ ਸਕਦਾ। ਫੇਰ ਇਹ ਕਤਲ ਕੌਣ ਕਰ ਗਿਆ, ਕੀ ਭਾਵ ਸੀ ਭੋਲਾ ਨੂੰ ਕਤਲ ਕਰਨ ਦਾ? ਇਨ੍ਹਾਂ ਸੁਆਲਾਂ ਦੇ ਜੁਆਬ ਲੱਭਦਿਆਂ ਸੂਈ ਇੱਕ ਥਾਂ ਤੇ ਆ ਕੇ ਟਿੱਕਦੀ ਹੈ ਕਿਉਂਕਿ ਭਾਰਤ ਦੀਆਂ ਏਜੰਸੀਆਂ ਵਿਦੇਸ਼ਾਂ ਵਿੱਚ ਸਰਗਰਮ ਹਨ।
ਬਾਪੂ ਸੂਰਤ ਸਿੰਘ ਵਲੋਂ ਵਿੱਢੇ ਸੰਘਰਸ਼ ਰਾਹੀਂ ਭਾਰਤੀ ਜਬਰ ਦਾ ਸਿੰਘਾਂ ਦੇ ਸਬਰ ਨਾਲ ਮੁਕਾਬਲਾ ਨਿਰੰਤਰ ਜਾਰੀ ਹੈ। ਬਾਪੂ ਸੂਰਤ ਸਿੰਘ ਦੇ ਇੰਕਸਾਫ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਈ ਸਤਵਿੰਦਰ ਸਿੰਘ ਭੋਲਾ ਦੇ ਕਤਲ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੀ ਗੈਰਰਸਮੀ ਮੀਟਿੰਗ ਵਿੱਚ ਇਹ ਮਸਲਾ ਵਿਚਾਰਿਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸ਼ਿਕਾਗੋ ਯੂਨਿਟ ਨੂੰ ਅਪੀਲ ਕੀਤੀ ਗਈ ਕਿ ਇਸ ਕਤਲ ਦੀ ਤਹਿ ਤੱਕ ਪੁੱਜਣ ਲਈ ਯੋਗ ਉਪਰਾਲੇ ਕੀਤੇ ਜਾਣ। ਪ੍ਰਸਾਸ਼ਨ ਦੀ ਹਰ ਤਰ੍ਹਾਂ ਦੀ ਮਦਦ ਅਤੇ ਅਮਰੀਕਾ ਦੇ “ਅਮੈਰਕਾਜ਼ ਮੋਸਟ ਵਾਂਟਡ” ਵਿਭਾਗ ਨਾਲ ਮਿਲ ਕੇ ਕਾਤਲ ਦੀ ਭਾਲ ਕੀਤੀ ਜਾਵੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਸਕੱਤਰ ਜਗਦੇਵ ਸਿੰਘ ਤੂਰ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਵਿੱਢੇ ਸੰਘਰਸ਼ ਨੂੰ ਦੇਸ਼ ਵਿਦੇਸ਼ ਵਿੱਚ ਬਲ ਮਿਲ ਰਿਹਾ ਹੈ ਜਿਸ ਕਾਰਣ ਬੌਖਲਾਹਟ ਵਿੱਚ ਆ ਕੇ ਕਿਸੇ ਲੁਕਵੀਂ ਤਾਕਤ ਨੇ ਇਹ ਕਾਰਾ ਕੀਤਾ ਹੈ। ਅਸੀਂ ਇਸਦੀ ਪੁਰਜ਼ੋਰ ਸ਼ਬਦਾਂ ਵੱਚ ਨਿਖੇਧੀ ਕਰਦੇ ਹੋਏ ਖਾਲਸਾ ਦੇ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ।